ਸੰਨੀ ਧਾਲੀਵਾਲ ਦੀ ‘ਮੈਂ ਕੰਮੀਆਂ ਦੀ ਕੁੜੀ’ ਇਕ ਵਿਲੱਖਣ ਕਾਵਿ ਪੁਸਤਕ

ਵਰਤਮਾਨ ਸਮੇਂ ਵਿਚ ਪੰਜਾਬੀ ਕਾਵਿ ਸਾਹਿਤ ਦਾ ਦੁਖਾਂਤ ਹੈ ਕਿ ਕਵੀ ਜਿਆਦਾ ਹਨ, ਪਾਠਕ ਘੱਟ। ਜਿਆਦਾ ਕਵਿਤਾ ਕਵੀ ਦੇ ਆਪਣੇ ਇਰਦ-ਗਿਰਦ ਹੀ ਘੁੰਮ ਰਹੀ ਹੈ। ਕਵੀ ਲੋਕਾਂ ਦੀ ਗੱਲ ਨਾ ਕਰਕੇ ਆਪਣੇ ਪਿਆਰ, ਇਸ਼ਕ, ਵਿਛੋੜੇ ਜਾਂ ਕੁਝ ਚਲੰਤ ਰਾਜਸੀ ਜਾਂ ਸਤਹੀ ਤੌਰ ਤੇ ਵਾਪਰਨ ਵਾਲੇ ਸਮਾਜਿਕ ਵਰਤਾਰਿਆਂ ਦੇ ਪੇਤਲੇ ਜਿਹੇ ਵਰਣਨ ਨਾਲ ਹੀ ਬੁੱਤਾ ਸਾਰ ਰਿਹਾ ਹੈ। ਜਿਹੜੇ ਸੁਹਿਰਦ ਕਵੀ ਆਪੇ ਦੀ ਗੱਲ ਘੱਟ, ਪਰ ਮਨੁੱਖ ਦੀਆਂ ਅੰਤਰੀਵ ਭਾਵਨਾਵਾਂ ਨੂੰ ਜਿਆਦਾ ਚਿਤਰਦੇ ਹਨ, ਉਹਨਾਂ ਦਾ ਕਾਵਿ ਸਾਹਿਤ ਪਾਠਕਾਂ ਦੀ ਲੋਕ ਕਚਹਿਰੀ ਵਿਚ ਪ੍ਰਵਾਨ ਚੜਦਾ ਹੈ ਅਤੇ ਆਲੋਚਕਾਂ ਵੱਲੋਂ ਵੀ ਅਜਿਹੀ ਕਵਿਤਾ ਦੀ ਪ੍ਰਸੰਸਾ ਕੀਤੀ ਜਾਂਦੀ ਹੈ। ਕਵਿਤਾ ਵਿਚ ‘ਕੀ ਕਿਹਾ ਗਿਆ ਹੈ’ ਦੇ ਨਾਲ-ਨਾਲ ‘ਕਿਵੇਂ ਕਿਹਾ ਗਿਆ ਹੈ’ ਦਾ ਵੀ ਧਿਆਨ ਰੱਖਣਾ ਪੈਂਦਾ ਹੈ।

ਪਿਛਲੇ ਤਿੰਨ ਕੁ ਸਾਲਾਂ ਤੋਂ ਪੰਜਾਬੀ ਕਵਿਤਾ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਕਵੀ ‘ਸੰਨੀ ਧਾਲੀਵਾਲ’ ਦਾ ਦੂਜਾ ਕਾਵਿ ਸੰਗ੍ਰਹਿ ‘ਮੈਂ ਕੰਮੀਆਂ ਦੀ ਕੁੜੀ’ ਮੇਰੇ ਸਨਮੁਖ ਪਿਆ ਹੈ। ਪਿਛਲੇ ਸਾਲ(2023) ਵਿਚ ਉਸ ਦੀ ਪਹਿਲੀ ਪੁਸਤਕ ‘ਖਾਲੀ ਆਲ੍ਹਣਾ’ ਪ੍ਰਕਾਸ਼ਿਤ ਹੋਈ ਸੀ। ਕਮਾਲ ਦੀ ਗੱਲ ਇਹ ਹੈ ਕਿ ਜਿਥੇ ਅੱਜ ਕੱਲ ਕਵਿਤਾ ਦੀਆਂ ਕਿਤਾਬਾਂ ਦੀ ਛਪਣ ਗਿਣਤੀ 150-200 ਤਕ ਮਹਿਦੂਦ ਹੋ ਕੇ ਰਹਿ ਗਈ ਹੈ, ਉਥੇ ਸੰਨੀ ਦੀਆਂ ਦੋਵੇਂ ਪੁਸਤਕਾਂ ਦੇ 1100-1100 ਦੇ ਸੰਸਕਰਣ ਖਤਮ ਵੀ ਹੋ ਚੁਕੇ ਹਨ। ਇਸ ਦਾ ਮੁੱਖ ਕਾਰਨ ਹੈ ਕਿ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਤੋਂ ਪਹਿਲਾਂ ਉਸ ਦੀਆਂ ਕਵਿਤਾਵਾਂ ਸੋਸ਼ਲ ਮੀਡਿਆ ਤੇ ਖੂਬ ਚਰਚਿਤ ਹੋ ਗਈਆਂ ਸੀ ਅਤੇ ਚੰਗੇ ਸਾਹਿਤਕ ਮੈਗਜ਼ੀਨਾਂ, ਅਖਬਾਰਾਂ ਅਤੇ ਆਨ ਲਾਈਨ ਪੇਪਰਾਂ, ਮੈਗਜ਼ੀਨਾਂ, ਟੈਲੀਵੀਯਨ ਅਤੇ ਰੇਡੀਓ ਸ਼ਟੇਸ਼ਨਾਂ ਰਾਹੀਂ ਉਹ ਪਾਠਕਾਂ ਦਾ ਧਿਆਨ ਖਿੱਚ ਚੁਕੀਆਂ ਸੀ ਅਤੇ ਸਭ ਤੋਂ ਵੱਡੀ ਗੱਲ ਉਹ ਕਹਾਣੀਆਂ, ਨਾਵਲਾਂ ਵਾਂਗ ਲੋਕ ਪੱਖੀ ਮਾਮਲਿਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕਰਦਾ ਹੈ। ਉਸ ਦੀਆਂ ਦੋਵੇਂ ਕਿਤਾਬਾਂ ਪੜ੍ਹਨ ਉਪਰੰਤ ਮੈਂ ਇਸ ਨਤੀਜੇ ਤੇ ਪਹੁੰਚਿਆਂ ਹਾਂ ਕਿ ਉਸ ਨੇ ਆਪਣੀਆਂ ਕਵਿਤਾਵਾਂ ਵਿਚ ਆਪਣੀ ਗੱਲ ਘੱਟ ਅਤੇ ਮਨੁੱਖੀ ਫਿਤਰਤ ਦੇ ਬੁਨਿਆਦੀ ਮਸਲਿਆਂ ਨੂੰ ਜਿਆਦਾ ਪ੍ਰਗਟਾਇਆ ਹੈ। ਆਪਣੀ ਜਨਮ ਭੂਮੀ (ਭਾਰਤ) ਦੇ ਨਾਲ-ਨਾਲ ਕਰਮ ਭੂਮੀ(ਕੈਨੇਡਾ) ਦੀ ਗੱਲ ਵੀ ਕੀਤੀ ਅਤੇ ਉਸ ਦੀ ਨਵੇਕਲੀ ਕਾਵਿ ਸ਼ੈਲੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।

‘ਮੈਂ ਕੰਮੀਆਂ ਦੀ ਕੁੜੀ’ ਵਿਚ 31 ਕਵਿਤਾਵਾਂ ਦਰਜ ਹਨ। ਹਰ ਕਵਿਤਾ ਵਿਚ ਹੀ ਤਕਰੀਬਨ ਇਕ ਕਹਾਣੀ ਬਿਆਨ ਕੀਤੀ ਗਈ। ਕਹਾਣੀ ਨੂੰ ਯਥਾਰਥਿਕ ਪੱਧਰ ਤੇ ਚਿਤਰਣ ਦੇ ਨਾਲ-ਨਾਲ ਲੋੜ ਪੈਣ ਤੇ ਵਿਅੰਗਮਈ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਕਈ ਕਵਿਤਾਵਾਂ ਵਿਚ ਉਸ ਨੇ ਪੰਜਾਬੀ ਅਤੇ ਪੱਛਮੀ ਵਿਚਾਰਧਾਰਾ ਦੇ ਟਕਰਾ ਨੂੰ ਵੀ ਉਭਾਰਿਆ ਹੈ। ਅਸਲ ਵਿਚ ਸੰਨੀ ਧਾਲੀਵਾਲ ਆਪਣੇ ਆਲੇ-ਦੁਆਲੇ ਨੂੰ ਘੋਖਵੀਂ ਨਜ਼ਰ ਨਾਲ ਵਾਚਦਾ ਹੀ ਨਹੀਂ ਸਗੋਂ ਪੜਚੋਲਵੀਂ ਨਜ਼ਰ ਨਾਲ ਨਿਹਾਰਦਾ ਵੀ ਹੈ। ਉਹ ਭਾਵੇਂ ਬਹੁਤ ਪਹਿਲਾਂ ਆਪਣੀ ਜਨਮ ਭੂਮੀ ਨੂੰ ਛੱਡ ਕੇ ਕੈਨੇਡਾ ਪਰਵਾਸ ਕਰ ਚੁਕਿਆ ਹੈ, ਪਰ ਉਸ ਦੀਆਂ ਯਾਦਾਂ ਵਿਚ ਆਪਣੇ ਵਤਨ ਦੇ ਹਰ ਖੇਤਰ ਦੇ ਵਰਤਾਰਿਆਂ ਦੀਆਂ ਤਸਵੀਰਾਂ ਉਭਰੀਆਂ ਹੋਈਆਂ ਹਨ।

‘ਮੈਂ ਕੰਮੀਆਂ ਦੀ ਕੁੜੀ’ ਵਿਚ ਜਾਤ-ਪਾਤ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਦੀ ਗੱਲ ਕੀਤੀ ਹੈ(ਇਹ ਕਿਸ ਤਰਾਂ ਹੋ ਸਕਦਾ/ਤੂੰ ਕੰਮੀਆਂ ਦੀ ਕੁੜੀ/ਮੈਂ ਜੱਟਾਂ ਦਾ ਮੁੰਡਾ)। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਜੱਟਾਂ ਦਾ ਮੁੰਡਾ ਕਹਿੰਦਾ ਹੈ, “ਦਿਲ-ਦੁਲ ਨੂੰ ਛੱਡ/ਹਨੇਰੇ-ਸਵੇਰੇ/ਟਿਊਬਵੈਲ ‘ਤੇ ਆ ਜਾਵੀਂ—-, ਪਰ ਇਹੋ ਕੰਮੀਆਂ ਦੀ ਕੁੜੀ ਜਦੋਂ ਆਪਣੀ ਮਿਹਨਤ ਨਾਲ ਐਸ ਡੀ ਐਮ ਬਣ ਜਾਂਦੀ ਹੈ ਤਾਂ ਜੱਟਾਂ ਦੇ ਮੁੰਡੇ ਉਸ ਨਾਲ ਵਿਆਹ ਕਰਵਾਉਣ ਨੂੰ ਕਾਹਲੇ ਹਨ ਅਤੇ ਕਹਿੰਦੇ ਹਨ ਕਿ ” ਜਾਤ-ਪਾਤ ਵਿਚ ਕੀ ਰੱਖਿਆ/ਸਾਰੇ ਰੱਬ ਦੇ ਜੀਅ ਹਨ”। ਇਸ ਤਰਾਂ ਕੁਰਸੀ ਨੂੰ ਸਲਾਮ ਵਾਲੀ ਗੱਲ ਸਹੀ ਸਾਬਤ ਹੁੰਦੀ ਹੈ ਅਤੇ ਅਖੌਤੀ ਉੱਚੀਆਂ ਜਾਤਾਂ ਵਾਲਿਆਂ ਦੀ ਮਾਨਸਿਕਤਾ ਤੇ ਵਿਅੰਗ ਵੀ ਹੈ। ‘ਤੂੰ ਬੱਚਿਆਂ ਤੋਂ ਵੜੇਵੇਂ ਲੈਣੇ ਆ’ ਕਵਿਤਾ ਵਿਚ ਕੈਨੇਡਾ ਵਸਦੇ ਪੰਜਾਬੀ ਬਜ਼ੁਰਗਾਂ ਨੂੰ ਸਿੱਖਿਆ ਦਿੱਤੀ ਹੈ ਕਿ ਉਹ ਸਮੇਂ ਦੀ ਮੰਗ ਅਨੁਸਾਰ ਆਪਣੇ ਕੰਮਾਂ ਵਿਚ ਮਸਤ ਰਹਿਣ ਦਾ ਹੀਲਾ ਕਰਨ, ਨਾ ਕਿ ਬੱਚਿਆਂ ਦੀ ਜ਼ਿੰਦਗੀ ਵਿਚ ਦਖ਼ਲ ਦੇਣ ਅਤੇ ‘ਗੋਰਿਆਂ ਤੋਂ ਕੋਈ ਚੰਗੀ ਗੱਲ’ ਸਿੱਖਣ ਦੀ ਪ੍ਰੇਰਣਾ ਦਿੰਦਾ ਹੈ। ਕਵੀ ਦਾ ਇਹ ਕਹਿਣਾ ‘ਜ਼ਿੰਦਗੀ ਤਾਂ ਇਕ ਗਿਫਟ ਹੈ/ਇਹ ਤਾਂ ਸੰਤਰੇ ਦੀ ਤਰਾਂ ਹੈ/ਜੇ ਇਸ ਦਾ ਸਾਰਾ ਜੂਸ ਨਾ ਪੀਤਾ/ ਤਾਂ ਪਈ-ਪਈ ਨੇ ਸੜ ਜਾਣੈ’। ਉਹ ‘ਜ਼ਿੰਦਗੀ ਦੇ ਕੇਕ ਨੂੰ ਚੱਟ-ਚੱਟ ਕੇ ਖਾਣ’ ਲਈ ਕਹਿੰਦਾ ਹੈ। ਇਹੋ ਜਿਹੀਆਂ ਉਦਾਹਰਣਾਂ ਨਾਲ ਗੱਲ ਸਮਝਾਉਣੀ ਸੰਨੀ ਦੇ ਕਾਵਿ ਸਾਹਿਤ ਦੀ ਖੂਬੀ ਹੈ। ‘ਬਾਪੂ ਮੋਗੇ ਦੀ ਮੰਡੀ ਲੈ ਗਿਆ’ ਕਵਿਤਾ ਵਿਚ ਸੰਨੀ ਨੇ ਬੜੇ ਕਲਾਤਮਕ ਢੰਗ ਨਾਲ ਅੱਜ ਦੇ ਸਮੇਂ ਦੀ ਸੱਚਾਈ ਨੂੰ ਪੇਸ਼ ਕਰਦੇ ਹੋਏ ਸਾਡੇ ਸੜੇ-ਬੁਸੇ ਰਾਜਸੀ ਨੇਤਾਵਾਂ ਤੇ ਵਿਅੰਗ ਕੀਤਾ ਹੈ, ਆਮ ਲੋਕਾਂ ਦੀ ਸੋਚ ਨੂੰ ਵੀ ਭੰਡਿਆ ਹੈ ਜੋ ਮਾੜੇ ਨੇਤਾਵਾਂ ਨੂੰ ਵੋਟਾਂ ਦਿੰਦੇ ਹਨ, ਪਰ ਸਿਆਣੇ ਬਜ਼ੁਰਗਾਂ ਨੂੰ ਅੱਜ ਕੱਲ ਦੇ ਪਾੜਿਆਂ ਨਾਲੋਂ ਵਧੀਆ ਦਰਸਾਇਆ ਹੈ। ਵਧੀਆ ਫਸਲ ਲਈ ਚੰਗੇ ਬੀਜ ਦੀ ਲੋੜ ਦੀ ਤਰਾਂ ਦੇਸ ਦੀ ਤੱਰਕੀ ਲਈ ਵਧੀਆ ਲੀਡਰਾਂ ਦੀ ਚੋਣ ਨਾਲ ਤੁਲਨਾਇਆ ਹੈ, ਜੋ ਕਿ ਆਮ ਪੇਂਡੂ ਪਾਠਕਾਂ ਨੂੰ ਵੀ ਸਮਝ ਆਉਣ ਵਾਲੀ ਭਾਸ਼ਾ ਹੈ। ‘ਅਸੀਂ ਵੀ ਕੀ ਚੀਜ਼ ਹਾਂ’ ਕਵਿਤਾ ਵਿਚ ਦੋਹਰੀ ਫਿਤਰਤ ਵਾਲਿਆਂ ਤੇ ਚੋਟ ਕੀਤੀ ਗਈ ਹੈ। ‘ਮੋਮਬੱਤੀ’ ਕਵਿਤਾ ਵਿਚ ਕੈਨੇਡਾ ਆਏ ਪੰਜਾਬੀਆਂ ਦੇ ਵਿਆਹ ਵੇਲੇ ‘ਕਨੇਡਾ ਲਗੀ ਮੋਹਰ ਦਾ ਪੂਰਾ ਫਾਇਦਾ ਉਠਾਉਣ’ ਦੀ ਰੁਚੀ ਦੀ ਗੱਲ ਕਰਦਾ ਹੈ। ਪਰ ਇਸ ਕਵਿਤਾ ਵਿਚ ਉਹ ਇਸ਼ਾਰੇ-ਇਸ਼ਾਰੇ ਵਿਚ ਮੋਮਬੱਤੀ ਦੀ ਅਣਗਹਿਲੀ ਕਰਨ ਨਾਲ ਉਸ ਦੀ ‘ਰਹਿੰਦੇ-ਖੂਹੰਦੇ ਚਾਨਣ ਦੀ ਲੀਕ/ਕਿਸੇ ਹੋਰ ਨੁੱਕਰ ਵਿਚ ਨਾ ਚਲੇ ਜਾਣ’ ਦੀ ਚਿਤਾਵਨੀ ਵੀ ਦਿੰਦਾ ਹੈ।’ ‘ਤੱਤੀ ਤਵੀ’ ਇਸ ਸੰਗ੍ਰਹਿ ਦੀਆਂ ਵਧੀਆ ਕਵਿਤਾਵਾਂ ਵਿਚੋਂ ਇਕ ਹੈ, ਜੋ ਪਾਠਕਾਂ ਦੀ ਸੋਚ ਨੂੰ ਵੀ ਟੂੰਬਦੀ ਹੈ। ਅਜਿਹੀ ਕਵਿਤਾ ਦਾ ਪ੍ਰਭਾਵ ਸਦੀਵੀ ਹੁੰਦਾ ਹੈ। ਇਸ ਵਿਚ ਫੋਕੀਆਂ ਰਸਮਾਂ ਤੇ ਚੋਟ ਵੀ ਕੀਤੀ ਹੈ(ਮੈਂ ਅੰਮ੍ਰਿਤ ਛਕ ਕੇ /ਸਿੰਘ ਸਜਿਆ ਹਾਂ/ਕੀ ਮੈਂ ਸਚ ਮੁਚ ਗੁਰਮੁਖ ਹਾਂ?/ਕੀ ਮੈਂ ਮਨ ਜਿੱਤ ਲਿਆ ਹੈ?/ਕੀ ਮੈਂ ਸ਼ੇਰ ਬਣ ਗਿਆ ਹਾਂ?) ਗੱਲ ਕੀ ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਹੀ ਕਿਸੇ ਨਾ ਕਿਸੇ ਫ਼ਲਸਫ਼ੇ ਨੂੰ ਪੇਸ਼ ਕਰ ਦੀਆਂ ਹਨ।

ਕਵੀ ਦੀ ਕਾਵਿ ਸ਼ੈਲੀ ਮੌਲਿਕ ਹੈ। ਉਹ ਆਪਣੀ ਵਿਚਾਰਧਾਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਸਮ ਅਰਥੀ ਸ਼ਬਦਾਂ ਦੀ ਵਰਤੋਂ ਕਰਦਾ ਹੈ, ਜਿਵੇਂ:-ਆ ਜਾ ਫੇਰ ਇਹਨਾਂ ਨੂੰ/ਨੱਚਣ ਦੇਈਏ/ਦੌੜਨ ਦੇਈਏ/ਰੇਸ ਲਵਾਉਣ ਦੇਈਏ/ਗਾਉਣ ਦੇਈਏ/—-, ਮੈਨੂੰ ਬਹੁਤ ਚੰਗਾ ਲੱਗਦਾ ਹੈ/ ਦਿਲ ਟਪੂੰ-ਟਪੂੰ ਕਰਦਾ ਹੈ/ਹੰਸੂ-ਹੰਸੂ ਕਰਦਾ ਹੈ/ ਨੱਸੂੰ ਨੱਸੂੰ ਕਰਦਾ ਹੈ; ਗਿੱਧਾ ਪਾ ਕੇ ਆਈ ਹੋਵੇ/ਧਰਤੀ ਹਿਲਾ ਕੇ ਆਈ ਹੋਵੇ/ਅੱਡੀਆਂ ਨਾਲ ਟੋਏ ਪੁੱਟ ਕੇ ਆਈ ਹੋਵੇ/ਧੂੜ ਉਡਾ ਕੇ ਆਈ ਹੋਵੇ’ ਆਦਿ। ਕਵੀ ਭਾਵੇਂ ਹਰ ਮਸਲੇ ਦੇ ਵਿਸਤਾਰ ਵਿਚ ਜਾਂਦਾ ਹੈ, ਪਰ ਕਿਉਂ ਜੋ ਉਸ ਦੇ ਕਹਿਣ ਦਾ ਢੰਗ ਮੌਲਿਕ ਅਤੇ ਦਿਲਚਸਪ ਹੈ ਇਸ ਲਈ ਪਾਠਕ ਅਜਿਹੇ ਵਿਸਤਾਰ ਤੋਂ ਵੀ ਕਾਵਿਕ ਆਨੰਦ ਪ੍ਰਾਪਤ ਕਰਦਾ ਹੈ।
ਕਵੀ ਕਿਉਂ ਜੋ ਭੌਤਿਕ ਵਿਗਿਆਨ(ਫਜਿਕਿਸ) ਦਾ ਵਿਦਿਆਰਥੀ ਹੈ, ਇਸ ਲਈ ਉਹ ਬਹੁਤ ਥਾਂਵਾਂ ਤੇ ਇਸ ਵਿਸ਼ੇ ਦੇ ਤਕਨੀਕੀ ਸ਼ਬਦਾਂ ਦੀ ਵਰਤੋਂ ਆਮ ਹੀ ਕਰ ਜਾਂਦਾ ਹੈ ਅਤੇ ਕਈ ਵਾਰ ਅੰਗਰੇਜੀ ਭਾਸ਼ਾ ਦੇ ਸ਼ਬਦ ਵੀ ਵਰਤਦਾ ਹੈ। ਮੇਰੇ ਵਿਚਾਰ ਅਨੁਸਾਰ ਕਵੀ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਜ਼ਰੂਰਤ ਹੈ।

ਸਮੁੱਚੇ ਰੂਪ ਵਿਚ ਸੰਨੀ ਧਾਲੀਵਾਲ ਨੇ ਪ੍ਰਸਤੁਤ ਕਾਵਿ ਸੰਗ੍ਰਿਹ ਨਾਲ ਪੰਜਾਬੀ ਕਾਵਿ ਜਗਤ ਵਿਚ ਇਕ ਵਿਸ਼ੇਸ਼ ਸਥਾਨ ਹਾਸਲ ਕਰਨ ਲਈ ਇਕ ਹੋਰ ਉਲਾਂਘ ਪੱਟੀ ਹੈ, ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ। ਸੰਨੀ ਧਾਲੀਵਾਲ ਦੇ ਪਾਠਕ ਹਰ ਪੰਜਾਬੀ ਬੋਲਦੇ ਦੇਸ਼ ਵਿੱਚ ਮੌਜੂਦ ਹਨ। ਕੁਕਨਸ ਪ੍ਰਕਾਸ਼ਨ ਜਲੰਧਰ (ਰਜਿੰਦਰ ਬਿਮਲ)ਦੁਆਰਾ ਪ੍ਰਕਾਸ਼ਿਤ 144 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 250 ਰੁਪਏ ਹੈ।

ਰਵਿੰਦਰ ਸਿੰਘ ਸੋਢੀ
ਰਿਚਮੰਡ, ਕੈਨੇਡਾ
001-604-369-2371