ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਮਨੀਪੁਰ ਵਿਚ ਦੋ ਔਰਤਾਂ ‘ਤੇ ਹੋਏ ਹਮਲੇ ਦੀ ਵੀਡੀਉ ਤੋਂ ਅਮਰੀਕਾ ਹੈਰਾਨ ਤੇ ਪ੍ਰੇਸ਼ਾਨ ਹੈ ਅਤੇ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ। 19 ਜੁਲਾਈ ਨੂੰ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਭੀੜ ਵਲੋਂ ਦੋ ਔਰਤਾਂ ਨੂੰ ਨਗਨ ਹਾਲਤ ਵਿਚ ਘੁੰਮਾਉਣ ਦਾ ਵੀਡੀਉ ਸਾਹਮਣੇ ਆਇਆ ਸੀ, ਜਿਸ ਦੀ ਦੇਸ਼ ਵਿਆਪੀ ਨਿੰਦਾ ਹੋਈ ਸੀ। ਇਹ ਘਟਨਾ 4 ਮਈ ਦੀ ਦੱਸੀ ਜਾ ਰਹੀ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਅਪਣੀ ਰੋਜ਼ਾਨਾ ਪ੍ਰੈੱਸ ਕਾਨਫ਼ਰੰਸ ‘ਚ ਕਿਹਾ, ”ਅਸੀਂ ਮਨੀਪੁਰ ‘ਚ ਦੋ ਔਰਤਾਂ ‘ਤੇ ਬੇਰਹਿਮੀ ਨਾਲ ਹੋਏ ਹਮਲੇ ਦੀ ਵੀਡੀਉ ਤੋਂ ਹੈਰਾਨ ਅਤੇ ਪਰੇਸ਼ਾਨ ਹਾਂ। ਅਸੀਂ ਲਿੰਗ-ਅਧਾਰਤ ਹਿੰਸਾ ਦੀ ਇਸ ਕਾਰਵਾਈ ਦੀਆਂ ਪੀੜਤ ਔਰਤਾਂ ਨਾਲ ਹਮਦਰਦੀ ਰੱਖਦੇ ਹਾਂ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ”।