ਆਸਿਫ਼ ਅਲੀ ਜ਼ਰਦਾਰੀ ਨੇ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਇਸਲਾਮਾਬਾਦ – ਆਸਿਫ਼ ਅਲੀ ਜ਼ਰਦਾਰੀ ਨੇ ਐਤਵਾਰ ਨੂੰ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ, ਉਹ ਤਖ਼ਤਾ ਪਲਟ ਦੇ ਖਤਰੇ ਦਾ ਸਾਹਮਣਾ ਕਰ ਰਹੇ ਦੇਸ਼ ਵਿੱਚ ਦੂਜੀ ਵਾਰ ਅਹੁਦੇ ਲਈ ਚੁਣੇ ਗਏ ਪਹਿਲੇ ਨਾਗਰਿਕ ਬਣ ਗਏ ਹਨ। ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਨੇ ਰਾਸ਼ਟਰਪਤੀ ਭਵਨ ‘ਏਵਾਨ-ਏ-ਸਦਰ’ ਵਿਖੇ 68 ਸਾਲਾ ਜ਼ਰਦਾਰੀ ਨੂੰ ਅਹੁਦੇ ਦੀ ਸਹੁੰ ਚੁਕਾਈ। ਜ਼ਰਦਾਰੀ ਡਾਕਟਰ ਆਰਿਫ ਅਲਵੀ ਦੀ ਥਾਂ ਲੈਣਗੇ ਜੋ ਸਤੰਬਰ 2023 ਵਿੱਚ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਦੇ ਬਾਵਜੂਦ ਪੰਜ ਮਹੀਨਿਆਂ ਤੱਕ ਅਹੁਦੇ ‘ਤੇ ਰਹੇ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਤਿੰਨਾਂ ਫ਼ੌਜਾਂ (ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ) ਦੇ ਮੁਖੀ, ਸੀਨੀਅਰ ਅਧਿਕਾਰੀ ਅਤੇ ਡਿਪਲੋਮੈਟ ਮੌਜੂਦ ਸਨ।