ਪੰਜਾਬੀ ਕਾਮੇ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਇਟਾਲੀਅਨ ਮਾਲਕ ਨੇ ਤੋਹਫ਼ੇ ਵਜੋਂ ਦਿਤੀ ਕਾਰ

ਵਿਦੇਸ਼ਾਂ ਵਿਚ ਕੰਮਾਂ-ਕਾਰਾਂ ਦੇ ਖੇਤਰ ਵਿਚ ਪੰਜਾਬੀਆਂ ਦੁਆਰਾ ਇਮਾਨਦਾਰੀ ਨਾਲ ਕੀਤੀ ਜਾਂਦੀ ਮਿਹਨਤ ਕਾਰਨ ਗੋਰੇ ਲੋਕ ਅਕਸਰ ਪੰਜਾਬੀ ਕਾਮਿਆਂ ਦੀ ਸਿਫ਼ਤ ਕਰਦੇ ਦਿਖਾਈ ਦਿੰਦੇ ਹਨ ਅਤੇ ਪੰਜਾਬੀਆਂ ਦੀ ਹਮੇਸ਼ਾ ਕਦਰ ਵੀ ਕਰਦੇ ਹਨ।

ਇਸੇ ਪ੍ਰਕਾਰ ਇਟਲੀ ’ਚ ਇਕ ਸਬਜ਼ੀ ਪੈਕਿੰਗ ਕਰਨ ਵਾਲੀ ਫ਼ਰਮ ਵਿਚ ਕੰਮ ਕਰਦੇ ਅਵਤਾਰ ਸਿੰਘ ਨਾਗਰਾ ਨੂੰ ਉਸ ਦੇ ਕੰਮ ਤੋਂ ਪ੍ਰਭਾਵਤ ਹੋ ਕੇ ਫ਼ਰਮ ਦੇ ਮਾਲਕਾਂ ਨੇ ਉਸ ਨੂੰ ਤੋਹਫ਼ੇ ਵਜੋਂ ਕਾਰ ਦੇ ਕੇ ਸਨਮਾਨਤ ਕੀਤਾ ਹੈ। ਅਵਤਾਰ ਸਿੰਘ ਨਾਗਰਾ ਜਲੰਧਰ ਜ਼ਿਲ੍ਹੇ ਦੇ ਕੁਹਾਲਾ ਪਿੰਡ ਨਾਲ ਸਬੰਧਤ ਹਨ ਜੋ ਕਿ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਮੌਤੀਕਿਉ ਰਹਿੰਦੇ ਹਨ ਅਤੇ ਤੀਰਾਪੈਲੇ ਫ਼ਰਮ ਵਿਚ ਕੰਮ ਕਰਦੇ ਹਨ।

ਇਹ ਫ਼ਰਮ ਗਾਜਰਾਂ ਦੀ ਸਪਲਾਈ ਕਰਨ ਲਈ ਪੂਰੇ ਇਟਲੀ ਭਰ ਵਿਚ ਮਸ਼ਹੂਰ ਹੈ। ਇਸ ਫ਼ਰਮ ਵਿਚ 35 ਦੇ ਕਰੀਬ ਵਰਕਰ ਕੰਮ ਕਰਦੇ ਹਨ ਅਤੇ ਅਵਤਾਰ ਸਿੰਘ ਇਸ ਫ਼ਰਮ ਵਿਚ ਸਾਲ 2008 ਵਿਚ ਕੰਮ ’ਤੇ ਲੱਗੇ ਸਨ। ਅਵਤਾਰ ਸਿੰਘ ਨੇ ਲਗਾਤਾਰ ਮਿਹਨਤ ਕਰ ਕੇ ਇਟਾਲੀਅਨ ਮਾਲਕਾਂ ਦਾ ਦਿਲ ਜਿੱਤ ਲਿਆ ਤੇ ਜਿਸ ਤੋਂ ਖ਼ੁਸ਼ ਹੋ ਕੇ ਫ਼ਰਮ ਦੇ ਮਾਲਕ ਇਟਾਲੀਅਨ ਗੋਰੇ ਮਤੀਆ ਤੀਰਾਪੇਲੇ ਨੇ ਅਵਤਾਰ ਸਿੰਘ ਨੂੰ ਕਾਰ ਦੇ ਕੇੇ ਵਾਕਾਰੀ ਸਨਮਾਨ ਝੋਲੀ ਪਾਇਆ।