ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਤਾ ਵੱਡਾ ਬਿਆਨ, ਭਲਕੇ ਕੇਂਦਰ ਸਰਕਾਰ ਖਿਲਾਫ ਹੋਣਗੇ 3 ਵੱਡੇ ਐਕਸ਼ਨ

ਸੰਯੁਕਤ ਕਿਸਾਨ ਮੋਰਚਾ (SKM) ਅਤੇ ਟਰੇਡ ਯੂਨੀਅਨਾਂ ਵੱਲੋਂ ‘ਭਾਰਤ ਬੰਦ’ ਦੇ ਦਿੱਤੇ ਸੱਦੇ ਤਹਿਤ ਭਵਾਨੀਗੜ੍ਹ ਵਿਖੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਲਗਾਏ ਧਰਨੇ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਵੱਲੋਂ ਮੀਟਿੰਗ ਕੀਤੀ ਗਈ ਜਿਸ ‘ਚ ਕਈ ਅਹਿਮ ਐਲਾਨ ਕੀਤੇ ਹਨ। ਉਗਰਾਹਾਂ ਨੇ ਜਾਣਕਾਰੀ ਦਿੱਤੀ ਕਿ 24 ਫ਼ਰਵਰੀ ਦਾ ਚੰਡੀਗੜ੍ਹ ਮੋਰਚਾ ਰੱਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਜਥੇਬੰਦੀ ਵੱਲੋਂ 17-18 ਫ਼ਰਵਰੀ ਨੂੰ ਸੂਬੇ ਦੇ ਸਾਰੇ ਟੋਲ ਟੈਕਸ ਬੈਰੀਅਰ ਫ੍ਰੀ ਕਰਵਾਏਗੀ।

ਜੋਗਿੰਦਰ ਸਿੰਘ ਉਗਰਾਹਾਂ ਦੱਸਿਆ ਕਿ ਇਸ ਦੇ ਨਾਲ ਹੀ ਭਾਜਪਾ ਦੇ ਤਿੰਨ ਵੱਡੇ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ, ਅਬੋਹਰ ਵਿਚ ਸੁਨੀਲ ਜਾਖੜ ਅਤੇ ਬਰਨਾਲਾ ਵਿਚ ਕੇਵਲ ਸਿੰਘ ਢਿੱਲੋਂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉਗਰਾਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਭਾਵੇਂ ਦਿੱਲੀ ਜਾਣ ਲਈ ਹਰਿਆਣਾ ਬਾਰਡਰ ‘ਤੇ ਪਹੁੰਚੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਪਰ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ਉੱਤੇ ਢਾਹੇ ਜਬਰ-ਜ਼ੁਲਮ ਦੀ ਉਹ ਪੁਰਜੋਰ ਸ਼ਬਦਾਂ ‘ਚ ਨਿਖੇਧੀ ਕਰਦੇ ਹਨ।