ਪਿੰਡ, ਪੰਜਾਬ ਦੀ ਚਿੱਠੀ (158)

ਲੈ ਬਈ ਮਿੱਤਰੋ, ਸਾਡੀ ਚੜ੍ਹਦੀ-ਕਲਾ ਹੈ। ਰੱਬ ਕਰੇ, ਤੁਹਾਡੇ ਝੰਡੇ ਵੀ ਝੂਲਦੇ ਰਹਿਣ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਪਿੰਡ ‘ਜਾਹ ਜਾਂਦੀਹੋ ਗਈ ਹੈ। ਸਵੇਰੇ ਅੱਡ ਕੁ ਵਜੇ ਈ, ਮਾਸਟਰ ਅਜੈਬ ਸਿੰਹੁ, ਸਿਰ ਉੱਤੇ, ਗੱਤੇ ਦਾ ਵੱਡਾ ਸਾਰਾ ਕਾਰਟੂਨ ਰੱਖ ਕੇ ਬੁੜ-ਬੁੜ ਕਰਦਾ ਆਇਆ ਤਾਂ ਮੰਗਲ ਖੋਟੇ ਨੇ ਪੁੱਛਿਆ, “ਗਿੱਲ ਸਾਹਬ, ਐਨਾ ਕਾਹਦਾ ਬੋਝ ਲੈ ਕੇ ਰੋਡਵੇਜ ਦੀ ਬੱਸ ਵਾਂਗੂੰ ਲਿਫਦੇ ਆਉਨੇਂ ਉਂ, ਲਿਆਓ, ਮੈਂ ਕਰਾਂ ਮੱਦਤ।" ਡੱਬਾ ਫੱਟੇਤੇ ਰੱਖਾ ਕੇ, ਭਰਿਆ ਪੀਤਾ ਮਾਸਟਰ ਗਲੋਟੇ ਵਾਂਗੂੰ, ਉਧੜਿਆ, “ਸਰ ਗਿਆ ਹੁਣ ਤਾਂ ਜਵਾਂ ਈ, ਆਹ ਵੇਖ ਲੋ! ਮੈਂ ਤਾਂ ਲੰਘਿਆ ਜਾਂਦਾ ਸੀ, ਨੰਬਰਦਾਰਾਂ ਦੇ ਬਾਰ ਅੱਗੇ, ਇੱਕ ਥੋਰੀ ਜਾ ਮੁੰਡਾ, ਆਹ ਡੱਬੇ ਚੱਕ-ਚੱਕ, ਘੜੂਕੇ ਚ, ਬੇਦਰਦੀ ਨਾਲ ਸਿੱਟੀ ਜਾਵੇ। ਇੱਕ ਕਿਤਾਬ ਡਿੱਗੀ ਤਾਂ ਮੈਂ ਵੇਖਿਆ, ਆਕਸਫੋਰਡ ਡਿਕਸ਼ਨਰੀ! ਮਰ ਤੇਰੇ ਦੀ! ਉੱਥੇ ਤਾਂ ਡੱਬਿਆਂਚ, ਮਹਾਨ ਕੋਸ਼, ਸਾਇੰਸ ਦੀਆਂ ਕਿਤਾਬਾਂ, ਗ੍ਰੰਥ, ਡਾਇਰੀਆਂ। ਵੱਡੀਆਂ-ਵੱਡੀਆਂ, ਸਣੇ ਫਰੇਮ ਜੜੇ ਫੋਟੋਆਂ, ਸਨਮਾਨ ਚਿੰਨ੍ਹ, ਕੱਪ-ਮੈਡਲਾਂ ਦੇ ਹਿੱਸੇ, ਰੁਲਦੇ-ਫਿਰਨ। ਮੁੰਡੇ ਨੇ ਦੱਸਿਆ, ‘ਬਾਹਰਲੇ ਸਰਦਾਰ ਜੀ, ਨੇ ਕੋਠੀ ਬੇਚ ਦੀ ਹੈ, ਨਏਂ ਮਾਲਕ ਆਖਦਾ, ਆਹ ਸਮਾਨ ਮੰਡੀ ਕਬਾੜੀਏ ਦੋ ਕੇ ਆ। ਸਾਰਾ ਕੁਸ ਵੇਖ, ਮੇਰਾ ਤਾਂ, ਤੌਰ-ਭੌਰ ਘੁੰਮ ਗਿਆ। ਥੋਰੀ ਮੁੰਡੇ ਨੂੰ ਮਨਾ ਮੈਂ, ਜੇਬ ਆਲੇ ਸੌ ਨੋਟ, ਦੀਆਂ, ਵੀਹ ਰੁਪੈ ਕਿੱਲੋ ਦੇ ਹਿਸਾਬ, ਕਿਤਾਬਾਂ ਚੁਣ ਕੇ ਲੈ ਆਇਆ। ਪੜੂੰਗਾ, ਪੜ੍ਹਾਉਂਗਾ। ਯਾਰੋ ਆਹ ਵੇਲੇ ਵੀ ਵੇਖਣੇ ਸੀ!" “ਮਾਸ਼ਟਰ ਜੀ, ਮਾਸ਼ਟਰ ਜੀ, ਏਹੀ ਕੁੱਝ ਹੋਣਾਂ ਹੁਣ। ਸਰਤਾਜ ਬਰਾੜ ਕੇ, ਚਾਰ ਸਾਲਾਂ ਮਗਰੋਂ ਆਏ ਬਾਹਰੋਂ। ਘਰ ਖੋਲ੍ਹਿਆ ਤਾਂ ਉੱਜੜਿਆ ਪਿਆ। ਪਾਣੀ ਆਲੀ ਮੋਟਰ, ਫਰਿੱਜ, ਏ.ਸੀ., ਸਕੂਟਰ, ਕਾਰ ਗੱਲ ਕੀ! ਸਭ ਕੁੱਝ ਜਾਮ ਹੋਇਆ ਪਿਆ। ਟੂਟੀਆਂ ਬੰਦ, ਦਰਵਾਜੇ ਫਰੜੇ ਪਏ। ਵਿਹੜੇ, ਚੁੱਲ੍ਹੇ-ਚੌਂਕੇਚ ਅੱਕ-ਬੂਟ ਖੜ੍ਹਾ। ਤਿੰਨ ਦਿਨ ਤਾਂ ਸਫਾਈ ਚੱਲਦੀ ਰਹੀ। ਜੰਗਾਲ ਖਾਧੇ ਜਿੰਦਰੇ ਖੁੱਲ੍ਹੇ ਤਾਂ ਮੈਡਮ, ਪੇਟੀ ਖੋਲ੍ਹ ਕੇ, ਖੇਸ-ਚਤੱਈਆਂ ਕੰਨੀਂ ਵੇਖੀ ਜਾਵੇ। ਬਰਾੜ ਆਂਹਦਾ, ‘ਕੀ ਵੇਹਨੀਂ ਐਂ, ਕੁੱਝ ਦਾਨ-ਪੁੰਨ ਕਰ ਜਾ, ਅਟੈਚੀਆਂ ਚ ਨੀ ਜਾਣੇਂ ਇਹ? ਬੋਲੀ ਨੀਂ- ਅੱਖਾਂ ਭਰ ਕੇ, ਪੇਟੀ ਫੇਰ, ਉਵੇਂ ਬੰਦ ਕਰਤੀ। ਏਵੇਂ ਈਂ ਤੁਸੀਂ ਵੀ ਤਾਂ ਜਾਉਂਗੇ ਮਾਸਟਰ ਜੀ ਇੱਕ ਦਿਨ ਬਾਹਰ?" ਮੰਦਰ ਖੱਚੂ ਨੇ ਆਖਿਆ ਤਾਂ ਗਿੱਲ ਮਾਸ਼ਟਰ ਨੂੰ ਇੱਕਦਮ ਯਾਦ ਆਇਆ, ‘ਹਾਂ ਯਾਰ, ਮੇਰਾ ਇੱਕੋ-ਇੱਕ, ਜਵਾਨ ਵੀ ਤਾਂ ਬਾਹਰ ਈ ਐ!


ਹੋਰ, ਪ੍ਰਦੀਪ ਕੀ ਕੋਠੀ ਮੁਕੰਮਲ ਹੋਣ ਵਾਲੀ ਹੈ। ਚਿੱਟੂ ਤੇ ਮਿੱਠੂ ਕੀਆਂ ਕੁੜੀਆਂ ਸਰਕਾਰੀ ਮਾਸ਼ਟਰਨੀਆਂ ਲੱਗ ਗਈਆਂ ਹਨ। ਬੰਗਲੌਰ ਆਲਾ ਜਸ਼ਨ ਆਇਆ, ਬਦਲਿਆ ਫਿਰਦੈ। ਨੇਛੇ ਹਰਖੀ ਦਾ ਹਰਖ, ਹੁਣ ਕੁੱਝ ਮੱਠਾ ਪਿਐ। ਸਾਤਵਿਆਂ ਦਾ ਕਜੂਫਾ, ਕੁੱਝ ਸੁਧਰ ਗਿਆ। ਅਮਰੂਦ ਤੇ ਤੋਰੀਆਂ ਦਾ ਬਹੁਤ ਹੋਈਆ, ਐਤਕੀਂ। ਸਤੰਬਰ ਰੁੱਤ ਕਰਕੇ, ਜਹਾਜ, ਬੱਦਲਾਂ ਵਾਂਗੂੰ ਭਰੇ ਜਾ ਰਹੇ ਹਨ। ਗੇਬੀ ਬਾਈ ਦਾ ਬਲ, ਹਾਰ ਗਿਐ। ਠਾਹ ਛੁੱਟੀਆਂ ਨੇ, ਰੱਖੜੀ ਪਹਿਲਾਂ ਲਿਆਤੀ। ‘ਕੰਮ ਬੜਾ ਤੂੰ ਪੂਛੜੇ ਦਾ ਕਰਦੈਂ`, ਆਖਣ ਵਾਲੇ ਗੁਲਵੀਰ ਫੌਜੀ ਨੇ ਖੇਤ ਡੇਰਾ ਲਾ ਲਿਐ। ਕਮਿੱਕਰ, ਕੰਮਾ, ਕਾਲੀ, ਕੰਤੀ, ਕਾਹਨਾ, ਕੱਦੂ ਅਤੇ ਕੈਂਚਾ ਸਭ ਕਾਇਮ ਹਨ। ਫ਼ਸਲ ਉੱਤੇ ਸਪਰੇਅ ਪੰਪ, ਚੰਦਰਯਾਨ ਵਾਂਗੂੰ ਘੁੰਮ ਰਹੇ ਹਨ। ਠੰਡ ਆ ਰਹੀ ਹੈ, ਗੇੜਾ ਮਾਰ ਜਿਓ, ਕਰਾਂਗੇ ਕੋਈ, ਬੰਨ੍ਹ-ਸੁੱਭ। ਸੱਚ, ਭੰਗਰਖੇੜਾ ਆਲੇ ਭਾਂਬੜਦਾਸ, ਭੜਭੂੰਜੇ ਨੇ ਭੰਗ ਵਾਲਾ ਭਾਂਡਾ ਭੰਨ-ਤਾ। ਚੰਗਾ, ਕੋਈ ਨਾ ਤੇਰ ਮੇਰ, ਅਗਲੇ ਐਤਵਾਰ ਫੇਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ,
ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061