ਲੋਕ ਸਭਾ ਚੋਣਾਂ ਨੇੜੇ ਆਉਣ ਤੇ ਰਾਜ ਕਰਦੀ ਪਾਰਟੀ ਦੀ ਹਮੇਸ਼ਾਂ ਚਿੰਤਾ ਵਧ ਜਾਂਦੀ ਹੈ, ਕਿਉਂਕਿ ਉਸਨੂੰ ਖਦਸ਼ਾ ਹੁੰਦਾ ਹੈ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਸੁਖ ਸਹੂਲਤਾਂ ਨਾ ਦਿੱਤੀ ਜਾ ਸਕਣ ਅਤੇ ਇਨਸਾਫ਼ ਨਾ ਦਿੱਤੇ ਜਾਣ ਸਦਕਾ ਆਮ ਲੋਕ ਉਸਦੇ ਵਿਰੁੱਧ ਵੋਟ ਦਾ ਇਸਤੇਮਾਲ ਕਰਕੇ ਸਤਾ ਤੋਂ ਲਾਂਭੇ ਨਾ ਕਰ ਦੇਣ। ਦੂਜੇ ਪਾਸੇ ਵਿਰੋਧੀ ਪਾਰਟੀਆਂ ਹੌਂਸਲੇ ਵਿੱਚ ਹੁੰਦੀਆਂ ਹਨ ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਬੇਇਨਸਾਫੀਆਂ ਦੇ ਆਧਾਰ ਤੇ ਲੋਕਾਂ ਨੂੰ ਲਾਮਬੰਦ ਕਰਕੇ ਵੋਟਾਂ ਹਾਸਲ ਕਰ ਲੈਣਗੇ। ਲੋਕ ਸਭਾ ਚੋਣਾਂ ਵਿੱਚ ਕੁੱਝ ਮਹੀਨਿਆਂ ਦਾ ਸਮਾਂ ਹੀ ਰਹਿ ਗਿਆ ਹੈ, ਪਰ ਇਸ ਵਾਰ ਰੁਝਾਨ ਪਹਿਲਾਂ ਨਾਲੋਂ ਵੱਖਰਾ ਦਿਖਾਈ ਦਿੰਦਾ ਹੈ। ਭਾਜਪਾ ਪੂਰੇ ਹੌਂਸ਼ਲੇ ਵਿੱਚ ਹੈ ਕਿ ਉਹ ਤੀਜੀ ਵਾਰ ਸ਼ਾਨ ਨਾਲ ਸਤਾ ਹਾਸਲ ਕਰੇਗੀ। ਵਿਰੋਧੀ ਪਾਰਟੀਆਂ ਚਿੰਤਾ ਵਿੱਚ ਹਨ ਕਿ ਇਸ ਫਿਰਕੂ ਤੇ ਤਾਨਾਸ਼ਾਹੀ ਰਵੱਈਏ ਵਾਲੀ ਪਾਰਟੀ ਨੂੰ ਸਤਾ ਤੋਂ ਲਾਂਭੇ ਕਿਵੇਂ ਕੀਤਾ ਜਾਵੇ? ਸੁਆਲ ਉੱਠਦਾ ਹੈ ਕਿ ਇਸ ਵਾਰ ਅਜਿਹਾ ਕਿਉਂ ਹੈ?
ਕੇਂਦਰ ਵਿੱਚ ਦੋ ਵਾਰ ਸੱਤਾ ਤੇ ਰਹੀ ਭਾਜਪਾ ਨੇ ਕੋਈ ਵਿਸ਼ੇਸ਼ ਕਰਿਸ਼ਮਾ ਨਹੀਂ ਕਰ ਵਿਖਾਇਆ, ਵੀ ਲੋਕ ਉਸਨੂੰ ਵੋਟਾਂ ਪਾਉਣਗੇ। ਸਗੋਂ ਉਸਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ, ਉਹਨਾਂ ਦੀ ਆਮਦਨ ਤੇ ਜਾਇਦਾਦ ਵਿੱਚ ਚੋਖਾ ਵਾਧਾ ਕੀਤਾ ਹੈ। ਦੇਸ਼ ਵਿੱਚ ਮਹਿੰਗਾਈ ਵਧੀ ਹੈ ਜਿਸਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਬੇਰੁਜਗਾਰੀ ਤੇ ਭਿ੍ਰਸ਼ਟਾਚਾਰ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਭਾਜਪਾ ਸਰਕਾਰ ਦਾ ਰਵੱਈਆ ਤਾਨਾਸ਼ਾਹਾਂ ਵਾਲਾ ਰਿਹਾ ਹੈ, ਸੰਵਿਧਾਨ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ। ਸੰਵਿਧਾਨ ਨੂੰ ਤੋੜਣ ਦੇ ਯਤਨ ਲਗਾਤਾਰ ਜਾਰੀ ਹਨ। ਅਦਾਲਤਾਂ ਵਿੱਚ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ। ਸੰਸਦ ਵਿੱਚੋਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਬਾਹਰ ਕਰਕੇ ਮਨਮਰਜੀ ਦੇ ਬਿੱਲ ਪਾਸ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦਾ ਕੋਈ ਅਸਰ ਨਹੀਂ ਰਹਿਣ ਦਿੱਤਾ। ਦੁਨੀਆਂ ਭਰ ਵਿੱਚ ਹੋ ਰਹੀ ਬਦਨਾਮੀ ਨੂੰ ਬੜੀ ਬੇਸ਼ਰਮੀ ਨਾਲ ਹੱਸ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਪਰ ਫੇਰ ਵੀ ਭਾਜਪਾ ਹੌਂਸਲੇ ਵਿੱਚ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਉਹ ਸ਼ਾਨਦਾਰ ਜਿੱਤ ਹਾਸਲ ਕਰੇਗੀ।
ਵਿਚਾਰ ਕਰੀਏ ਤਾਂ ਇਸ ਦਾ ਕਾਰਨ ਹੈ ਕਿ ਭਾਜਪਾ ਹਿੰਦੂ ਪੱਤਾ ਖੇਡਣ ਵਿੱਚ ਸਫ਼ਲ ਹੈ। ਉਸਨੇ ਹਿੰਦੂਤਵੀ ਏਜੰਡਾ ਲਾਗੂ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਭਾਰਤ ਦੇ ਹਿੰਦੂ ਲੋਕਾਂ ਦੇ ਦਿਮਾਗ ਵਿੱਚ ਇਸ ਕਦਰ ਵਾੜ ਦਿੱਤੀ ਹੈ, ਕਿ ਉਹਨਾਂ ਨੂੰ ਹੋਰ ਕਿਸੇ ਮੁੱਦੇ, ਇਨਸਾਫ਼, ਸਹੂਲਤਾਂ ਆਦਿ ਦੀ ਕੋਈ ਸੋਝੀ ਹੀ ਨਹੀਂ ਰਹੀ। ਪਹਿਲਾਂ ਵੀ ਦੋ ਵਾਰ ਅਜਿਹਾ ਹਿੰਦੂ ਪੱਤਾ ਖੇਡਿਆਂ ਕਿ ਉਸਨੇ ਸੱਤਾ ਹਾਸਲ ਕਰ ਲਈ ਅਤੇ ਫੇਰ ਆਪਣੇ ਰਾਜ ਦੌਰਾਨ ਉਸਨੇ ਹੋਰ ਧਰਮਾਂ, ਧਰਮ ਆਧਾਰਤ ਪਾਰਟੀਆਂ ਜਾਂ ਧਰਮ ਨਿਰਪੱਖਤਾ ਨੂੰ ਪੂਰੀ ਤਰਾਂ ਕਮਜੋਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਤਾਂ ਇਹ ਸੱਤਾਧਾਰੀ ਇਸਤੋਂ ਵੀ ਅੱਗੇ ਲੰਘ ਗਏ ਹਨ ਕਿ ਉਹ ਹਿੰਦੂ ਧਰਮ ਤੋਂ ਵੀ ਆਪਣੇ ਆਪ ਨੂੰ ਉੱਚ ਦਰਜੇ ਦੇ ਸਮਝਣ ਲੱਗ ਪਏ ਹਨ। ਇਸਦਾ ਪਰਤੱਖ ਰੂਪ ਆਯੁੱਧਿਆ ’ਚ ਸਥਾਪਤ ਰਾਮ ਮੰਦਰ ਦੇ ਉਦਘਾਟਨੀ ਸਮਾਮਗ ਸਮੇਂ ਦਿਖਾਈ ਦਿੱਤਾ। ਮੰਦਰ ਮੁਕੰਮਲ ਨਾ ਹੋਣ ਦੀ ਸੂਰਤ ਵਿੱਚ ਹਿੰਦੂ ਧਰਮ ਦੇ ਮਹਾਂ ਮਹਾਂ ਸੰਕਰਾਚਾਰੀਆਂ ਵੱਲੋਂ ਪਰੰਪਰਾ ਦੇ ਉਲਟ ਕਹਿੰਦਿਆਂ ਰੋਕਣ ਦੇ ਬਾਵਜੂਦ ਰਾਜਨੀਤੀ ਲਾਹਾ ਲੈਣ ਲਈ ਸੱਤਾਧਾਰੀਆਂ ਨੇ ਉਦਘਾਟਨ ਕੀਤਾ ਤੇ ਸੰਕਰਾਚਾਰੀ ਸਿਰ ਸੁੱਟ ਕੇ ਬੈਠੇ ਦੇਖਦੇ ਰਹੇ।
ਭਾਜਪਾ ਨੇ ਆਪਣੇ ਸਾਸਨ ਦੌਰਾਨ ਅਦਾਲਤਾਂ ਨੂੰ ਵੀ ਟਿੱਚ ਸਮਝਿਆ ਹੈ। ਜਿਸ ਅਪਰਾਧੀ ਤੋਂ ਵੀ ਉਸਨੂੰ ਲਾਭ ਮਿਲਣ ਦੀ ਉਮੀਦ ਹੋਵੇ, ਉਸਦੇ ਗੁਨਾਹਾਂ ਨੂੰ ਅੱਖੋਂ ਓਹਲੇ ਕਰਦਿਆਂ ਅਦਾਲਤਾਂ ਤੋਂ ਉੱਪਰ ਸਮਝ ਕੇ ਉਸਨੂੰ ਜੇਲੋਂ ਬਾਹਰ ਜਾਣ ਦੀ ਇਜਾਜਤ ਦਿੱਤੀ ਜਾਂਦੀ ਹੈ। ਮਿਸਾਲ ਵਜੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨੂੰ ਬਲਾਤਕਾਰ ਤੇ ਕਤਲ ਕੇਸਾਂ ਵਿੱਚ ਅਦਾਲਤ ਨੇ ਸਜ਼ਾਵਾਂ ਦਿੱਤੀਆਂ ਹਨ, ਪਰ ਕੇਂਦਰ ਤੇ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੋਣ ਸਦਕਾ ਜਦੋਂ ਵੀ ਉਹ ਬਾਹਰ ਆਉਣ ਲਈ ਅਰਜੀ ਦਿੰਦਾ ਹੈ ਉਸਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ। ਉਸਤੋਂ ਘੱਟ ਅਪਰਾਧ ਕਰਨ ਵਾਲੇ ਵਿਅਕਤੀ ਜੇਲਾਂ ਵਿੱਚ ਰੁਲ ਰਹੇ ਹਨ ਉਹਨਾਂ ਦੀ ਕੋਈ ਸੁਣਵਾਈ ਨਹੀਂ। ਇਸ ਦਾ ਅਸਲ ਕਾਰਨ ਤਾਂ ਡੇਰੇ ਨਾਲ ਸਬੰਧਤ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨਾ ਹੀ ਹੈ। ਇਸੇ ਤਰਾਂ ਬਿਲਕੀਸ ਮਾਮਲੇ ਨਾਲ ਸਬੰਧਤ ਅਪਰਾਧੀਆਂ ਨੂੰ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਜੇਲ ਚੋਂ ਛੱਡ ਦਿੱਤਾ ਸੀ, ਅਪਰਾਧ ਹੋਰ ਸੂਬੇ ਵਿੱਚ ਕੀਤਾ ਪਰ ਸਜ਼ਾ ਮੁਆਫ਼ੀ ਹੋਰ ਸੂਬੇ ਨੇ ਕਰਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ, ਇੱਥੇ ਹੀ ਬੱਸ ਨਹੀਂ ਜੇਲ ਤੋਂ ਬਾਹਰ ਆਉਣ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਇਹ ਤਾਂ ਬੀਬੀ ਬਿਲਕੀਸ ਹੀ ਵੱਡੇ ਜਿਗਰੇ ਵਾਲੀ ਔਰਤ ਹੈ ਜਿਸਨੇ ਕਾਨੂੰਨੀ ਲੜਾਈ ਲੜ ਕੇ ਦੋਸ਼ੀਆਂ ਨੂੰ ਮੁੜ ਅੰਦਰ ਭੇਜ ਕੇ ਸਾਹ ਲਿਆ। ਇਹਨਾਂ ਅਪਰਾਧੀਆਂ ਦੀ ਰਿਹਾਈ ਵੀ ਹਿੰਦੂ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਹੀ ਕਰਵਾਈ ਗਈ ਸੀ।
ਇਹ ਕੰਮ ਲੋਕਰਾਜੀ ਸਰਕਾਰਾਂ ਵਾਲੇ ਨਹੀਂ ਹਨ, ਬਲਕਿ ਤਾਨਾਸ਼ਾਹਾਂ ਵਾਲੇ ਹਨ। ਇੱਥੇ ਹੀ ਬੱਸ ਨਹੀਂ ਭਾਜਪਾ ਆਪਣੀ ਇਸ ਡਿਕਟੇਟਰਸ਼ਾਹੀ ਸੋਚ ਅਪਣਾਉਂਦਿਆਂ ਵਿਰੋਧੀ ਆਵਾਜ਼ ਨੂੰ ਦਬਾਅ ਰਹੀ ਹੈ। ਵਿਰੋਧੀ ਆਵਾਜ਼ ਭਾਵੇਂ ਸੰਸਦ ਦੇ ਅੰਦਰ ਹੋਵੇ ਜਾਂ ਬਾਹਰ, ਪ੍ਰੈਸ ਜਾਂ ਬੁੱਧੀਜੀਵੀਆਂ ਵੱਲੋਂ ਉਠਾਈ ਜਾਂਦੀ ਹੋਵੇ। ਸਭ ਨੂੰ ਦਬਾਉਣ ਲਈ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾਂਦਾ ਹੈ, ਜੇਲਾਂ ਵਿੱਚ ਤੁੰਨਿਆਂ ਜਾਂਦਾ ਹੈ। ਈ ਡੀ ਰਾਹੀਂ ਵਿਰੋਧੀ ਪਾਰਟੀ ਦੇ ਤਾਂ ਮੁੱਖ ਮੰਤਰੀ ਹੇਮੰਤ ਸਰੇਨ ਨੂੰ ਵੀ ਗਿਰਫਤਾਰ ਕਰਕੇ ਜਲੀਲ ਕੀਤਾ ਜਾ ਰਿਹਾ ਹੈ। ਇਸਤੋਂ ਅੱਗੇ ਲਾਲੂ ਯਾਦਵ, ਅਰਵਿੰਦਰ ਕੇਜਰੀਵਾਲ ਵਰਗਿਆਂ ਦੀ ਲਿਸਟ ਤਿਆਰ ਹੈ। ਚੋਣਾਂ ਜਿੱਤਣ ਲਈ ਧੱਕਾ ਕਰਨ ਦਾ ਨਮੂਨਾ ਚੰਡੀਗੜ ਮੇਅਰ ਦੀ ਚੋਣ ਸਮੇਂ ਵਿਖਾ ਚੁੱਕੀ ਹੈ, ਕਿਸੇ ਕਾਨੂੰਨ, ਕੋਰਟ ਜਾਂ ਸੰਵਿਧਾਨ ਦੀ ਕੋਈ ਪਰਵਾਹ ਨਹੀਂ ਕੀਤੀ।
ਹੁਣ ਖਦਸ਼ਾ ਇਹ ਵੀ ਪ੍ਰਗਟ ਹੋ ਗਿਆ ਹੈ ਕਿ ਜੇਕਰ ਭਾਜਪਾ ਤੀਜੀ ਵਾਰ ਕੇਂਦਰ ਵਿੱਚ ਸੱਤਾ ਤੇ ਕਾਬਜ ਹੋ ਗਈ ਤਾਂ ਭਾਰਤੀ ਸੰਵਿਧਾਨ ਵਿੱਚ ਵੀ ਕਥਿਤ ਤੌਰ ਤੇ ਆਪਣੀ ਮਨ ਮਰਜੀ ਦੀਆਂ ਤਬਦੀਲੀਆਂ ਕਰ ਸਕਦੀ ਹੈ। ਕਾਂਗਰਸ ਪ੍ਰਧਾਨ ਸ੍ਰੀ ਮਾਲਿਕਾਰੁਜਨ ਖੜਗੇ ਨੇ ਵੀ ਅਜਿਹੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੇਕਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣ ਗਈ ਤਾਂ ਇਹ ਲੋਕ ਸਭਾ ਦੀਆਂ ਆਖ਼ਰੀ ਚੋਣਾਂ ਹੋਣਗੀਆਂ। ਉਹਨਾਂ ਦੇ ਇਸ ਬਿਆਨ ਨੂੰ ਵਿਰੋਧੀ ਆਗੂ ਵੱਲੋਂ ਦਿੱਤਾ ਬਿਆਨ ਕਹਿ ਕੇ ਛੱਡ ਦੇਣ ਦੀ ਬਜਾਏ ਇਸਨੂੰ ਡੂੰਘਾਈ ਨਾਲ ਵਿਚਾਰਨ ਦੀ ਲੋੜ ਹੈ। ਭਾਜਪਾ ਜੋ ਤਾਨਾਸ਼ਾਹੀ ਰਵੱਈਆਂ ਅਖ਼ਤਿਆਰ ਕਰ ਚੁੱਕੀ ਹੈ, ਉਸਦਾ ਰਾਹ ਇਹ ਹੀ ਦਿਖਾਈ ਦਿੰਦਾ ਹੈ, ਦੇਸ਼ ਵਿੱਚ ਤਾਨਾਸ਼ਾਹੀ ਰਾਜ ਸਥਾਪਤ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ, ਜੋ ਨਾ ਦੇਸ਼ ਦੇ ਹਿਤ ਵਿੱਚ ਹਨ ਅਤੇ ਨਾ ਹੀ ਲੋਕ ਹਿਤ ਵਿੱਚ।
ਅਸਲ ਸੁਆਲ ਤਾਂ ਉਹੋ ਹੈ ਕਿ ਜਦੋਂ ਭਾਜਪਾ ਦਾ ਰਵੱਈਆਂ ਆਮ ਜਨਤਾ ਦਾ ਪੱਖ ਪੂਰਨ ਵਾਲਾ ਨਹੀਂ ਫੇਰ ਉਹ ਚੋਣਾਂ ਜਿੱਤਣ ਲਈ ਹੌਂਸਲੇ ਵਿੱਚ ਕਿਉਂ ਹੈ? ਇਸਦਾ ਜੁਆਬ ਇਹ ਹੀ ਹੈ, ਕਿ ਉਸਨੂੰ ਹਿੰਦੂ ਪੱਤਾ ਖੇਡਣ ਦੀ ਜਾਚ ਆ ਗਈ ਹੈ, ਵਿਰੋਧੀਆਂ ਨੂੰ ਦਬਾਅ ਦੇਣ ਦੀਆਂ ਤਰਕੀਬਾਂ ਆ ਗਈਆਂ ਹਨ। ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਤੇ ਹਮਲੇ ਕਰਕੇ ਲਾਹਾ ਲਿਆ ਜਾ ਰਿਹਾ ਹੈ। ਅਮੀਰ ਲੋਕਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਸਹੂਲਤਾਂ ਦੇ ਕੇ ਆਪਣੇ ਨਾਲ ਜੋੜਿਆ ਜਾ ਰਿਹਾ ਹੈ। ਗਰੀਬਾਂ ਤੇ ਘੱਟ ਗਿਣਤੀਆਂ ਨੂੰ ਡਰਾਇਆ ਤੇ ਖਰੀਦਿਆ ਜਾ ਰਿਹਾ ਹੈ। ਇਸਤੋਂ ਇਲਾਵਾ ਵੋਟਿੰਗ ਮਸ਼ੀਨਾਂ ਤੇ ਵੀ ਲੋਕਾਂ ਨੇ ਇਤਰਾਜ ਕੀਤਾ ਹੈ ਕਿ ਇਹ ਭਾਜਪਾ ਦੇ ਹੱਕ ਵਿੱਚ ਭੁਗਤੀਆਂ ਹਨ, ਪਰ ਲੋਕਾਂ ਦੀ ਗੱਲ ਸੁਣਨ ਲਈ ਵੀ ਕੋਈ ਤਿਆਰ ਨਹੀਂ ਹੈ। ਬਹੁਤ ਸਾਰੀਆਂ ਪਾਰਟੀਆਂ ਨੇ ਭਾਜਪਾ ਦਾ ਮੁਕਾਬਲਾ ਕਰਨ ਲਈ ‘ਇੰਡੀਆ’ ਗੱਠਜੋੜ ਕਾਇਮ ਕੀਤਾ ਤਾਂ ਭਾਜਪਾ ਉਸਨੂੰ ਤੋੜਣ ਲਈ ਯਤਨਸ਼ੀਲ ਹੈ। ਜਿਹੜੀ ਭਾਜਪਾ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਲਾਉਂਦੀ ਨਹੀਂ ਸੀ ਥੱਕਦੀ, ਹੁਣ ਇੰਡੀਆ ਮੁਕਤ ਦਾ ਨਾਅਰਾ ਲਾ ਰਹੀ ਹੈ। ਉਸਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਨਿਸ਼ਾਨੇ ਤੇ ਲੈ ਲਿਆ ਹੈ।
ਭਾਰਤ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣਾ ਚਾਹੁੰਦੀ ਹੈ ਤੇ ਉਸਦਾ ਤੀਜੀ ਵਾਰ ਕੇਂਦਰੀ ਸੱਤਾ ਤੇ ਕਾਬਜ ਹੋਣਾ ਦੇਸ਼ ਅਤੇ ਲੋਕਾਂ ਦੇ ਹਿਤਾਂ ਲਈ ਖਤਰਨਾਕ ਹੋਵੇਗਾ। ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ, ਲੋਕਾਂ ਨੂੰ ਨਿਆਂ ਇਨਸਾਫ਼ ਦਿਵਾਉਣ ਲਈ, ਧਰਮ ਨਿਰਪੱਖਤਾ ਨੂੰ ਮਜਬੂਤ ਕਰਨ ਲਈ, ਹਿੰਦੂ ਰਾਸ਼ਟਰ ਬਣਨ ਨੂੰ ਠੱਲਣ ਲਈ, ਇਹ ਜਰੂਰੀ ਹੈ ਕਿ ਭਾਜਪਾ ਨੂੰ ਕੇਂਦਰ ਵਿੱਚ ਮੁੜ ਸੱਤਾ ਹਾਸਲ ਕਰਨ ਤੋਂ ਰੋਕਿਆ ਜਾਵੇ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913