ਬ੍ਰਿਸਬੇਨ, ਹਰਪ੍ਰੀਤ ਸਿੰਘ ਕੋਹਲੀ
ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਅਦਬੀ ਕੌਂਸਲ ਆਫ ਆਸਟ੍ਰੇਲੀਆ ਦੇ ਸਹਿਯੋਗ ਨਾਲ ਦੋ ਮਾਸਿਕ ਅਦਬੀ ਲੜੀ ਤਹਿਤ ਜਨਵਰੀ ਮਹੀਨੇ ਦੀ ਅਦਬੀ ਬੈਠਕ ਗ਼ਜ਼ਲ ਦਰਬਾਰ ਵਜੋਂ ਆਯੋਜਿਤ ਕੀਤੀ ਗਈ।
ਇਸ ਵਿਚ ਪਾਕਿਸਤਾਨ ਨਾਲ ਸੰਬੰਧਿਤ ਨਾਮਵਰ ਸ਼ਾਇਰਾ ਨੋਸ਼ੀ ਗਿਲਾਨੀ ਅਤੇ ਸ਼ਾਇਰ ਸਈਅਦ ਖ਼ਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗ਼ਜ਼ਲ ਦਰਬਾਰ ਦੀ ਸ਼ੁਰੂਆਤ ਇਪਸਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਦੇ ਸਵਾਗਤੀ ਬੋਲਾਂ ਨਾਲ ਹੋਈ। ਉਸ ਉਪਰੰਤ ਨੋਸ਼ੀ ਗਿਲਾਨੀ ਅਤੇ ਅਜ਼ਮਾ ਜ਼ਾਇਦੀ ਵੱਲੋਂ ਸ਼ਮਾਂ ਰੋਸ਼ਨ ਕਰਨ ਦੀ ਰਸਮ ਨਿਭਾਈ ਗਈ। ਗ਼ਜ਼ਲ ਦਰਬਾਰ ਵਿਚ ਊਰਦੂ ਸ਼ਾਇਰ ਹਾਫਿਜ਼ ਸੁਹੇਲ ਰਾਣਾ, ਵਿਕਾਸ ਅਹਿਮਦ, ਫਰਹਾ ਅਮਾਰ, ਸਿਬਤੀਅਨ ਰਿਜ਼ਵੀ, ਤਾਰਿਕ ਨਵੀਦ ਅਤੇ ਪੰਜਾਬੀ ਜ਼ੁਬਾਨ ਦੇ ਸ਼ਾਇਰ ਵਜੋਂ ਨਿਰਮਲ ਦਿਓਲ, ਸਰਬਜੀਤ ਸੋਹੀ, ਹਰਜੀਤ ਕੌਰ ਸੰਧੂ ਨੇ ਆਪੋ ਆਪਣੀਆਂ ਗ਼ਜ਼ਲਾਂ ਨਾਲ ਬਹੁਤ ਸੋਹਣਾ ਮਾਹੌਲ ਸਿਰਜ ਦਿੱਤਾ।
ਸਮਾਗਮ ਦੇ ਅੰਤਲੇ ਭਾਗ ਵਿਚ ਸਭ ਤੋਂ ਪਹਿਲਾਂ ਸਈਅਦ ਖ਼ਾਨ ਨੇ ਆਪਣੀਆਂ ਗ਼ਜ਼ਲਾਂ ਨਾਲ ਅਤੇ ਪੰਜਾਬੀ ਦੀ ਉਪ ਭਾਸ਼ਾ ਹਿੰਦਕੋ ਬੋਲਦਿਆਂ ਸਰੋਤਿਆਂ ਨੂੰ ਕੀਲ ਲਿਆ। ਉਸ ਤੋੰ ਬਾਅਦ ਸ਼ਾਇਰਾ ਨੋਸ਼ੀ ਗਿਲਾਨੀ ਨੇ ਇੱਕ ਤੋਂ ਬਾਅਦ ਇਕ ਖ਼ੂਬਸੂਰਤ ਗ਼ਜ਼ਲ ਪੇਸ਼ ਕਰਦਿਆਂ ਗ਼ਜ਼ਲ ਦਰਬਾਰ ਦੇ ਵਿਸਮਾਦ ਨੂੰ ਸਿਖ਼ਰ ਤੇ ਪਹੁੰਚਾ ਦਿੱਤਾ। ਸਮਾਗਮ ਦੇ ਅੰਤ ਵਿਚ ਆਸਟ੍ਰੇਲੀਆ ਦੇ ਮੁਸਲਿਮ ਭਾਈਚਾਰੇ ਦੀ ਸਿਰਮੌਰ ਹਸਤੀ ਅਲੀ ਰਿਆਜ਼ ਨੇ ਹਿੰਦ/ਪਾਕ ਦੋਸਤੀ ਬਾਰੇ ਬੋਲਦਿਆਂ ਇਪਸਾ ਦੁਆਰਾ ਅਦਬੀ ਸਦਭਾਵਨਾ ਪੈਦਾ ਕਰਨ ਅਤੇ ਮਿਆਰੀ ਸਾਹਿਤਿਕ ਸਰਗਰਮੀਆਂ ਦੀ ਤਾਰੀਫ਼ ਕਰਦਿਆਂ, ਇਸ ਨੂੰ ਚੰਗੀ ਪਹਿਲਕਦਮੀ ਆਖਿਆ।
ਇਪਸਾ ਵੱਲੋਂ ਦੋਵਾਂ ਮਹਿਮਾਨ ਸ਼ਾਇਰਾਂ ਨੂੰ ਐਵਾਰਡ ਆਫ਼ ਆਨਰ ਭੇਂਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਲ ਰਾਊਕੇ, ਅਰਸ਼ਦੀਪ ਦਿਓਲ, ਕਵਿੱਤਰੀ ਤੇਜਪਾਲ ਕੌਰ, ਗੁਰਜੀਤ ਸਿੰਘ ਉੱਪਲ਼, ਕਮਲਦੀਪ ਸਿੰਘ ਬਾਜਵਾ, ਪੁਸ਼ਪਿੰਦਰ ਤੂਰ, ਡਾ ਅਮਾਰ, ਅਲੀ ਜ਼ਾਇਦੀ, ਗੀਤਕਾਰ ਸੁਰਜੀਤ ਸੰਧੂ, ਜਸਪਾਲ ਸੰਘੇੜਾ ਆਦਿ ਪ੍ਰਮੁਖ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸ਼ੋਇਬ ਜ਼ਾਇਦੀ ਅਤੇ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।