ਅਮਰੀਕਾ ਵਿਚ ਅਧਿਕਾਰੀਆਂ ਨੂੰ ਤਰਬੂਜ ਦੇ ਡੱਬਿਆਂ ’ਚੋਂ ਕਰੀਬ 30 ਕਿਲੋਗ੍ਰਾਮ ਕੋਕੀਨ ਬਰਾਮਦ ਹੋਣ ਤੋਂ ਬਾਅਦ ਭਾਰਤੀ ਮੂਲ ਦੀ ਕੈਨੇਡੀਅਨ ਟਰੱਕ ਡਰਾਈਵਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਜੁਰਮ ਕਬੂਲ ਕੀਤਾ ਹੈ। ਅਮਰੀਕੀ ਅਟਾਰਨੀ ਜੇਸੀ ਲਾਸਲੋਵਿਚ ਨੇ ਦਸਿਆ ਕਿ ਓਨਟਾਰੀਓ ਦੀ ਰਹਿਣ ਵਾਲੀ ਕਰਿਸ਼ਮਾ ਕੌਰ ਜਗਰੂਪ (42) ਨੂੰ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਉਸ ਸਮੇਂ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਮੋਂਟਾਨਾ ਸਰਹੱਦ ‘ਤੇ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ।
ਜਗਰੂਪ ਨੇ ਕੋਕੀਨ ਦੀ ਤਸਕਰੀ ਦਾ ਦੋਸ਼ ਕਬੂਲ ਕਰ ਲਿਆ ਹੈ। ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, 10 ਲੱਖ ਡਾਲਰ ਦਾ ਜੁਰਮਾਨਾ ਅਤੇ ਘੱਟੋ-ਘੱਟ ਤਿੰਨ ਸਾਲ ਦੀ ਨਿਗਰਾਨੀ ਹੇਠ ਰਿਹਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਧਿਕਾਰੀਆਂ ਨੇ ਅਦਾਲਤ ਦੇ ਦਸਤਾਵੇਜ਼ਾਂ ਵਿਚ ਦਸਿਆ ਕਿ ਜੁਲਾਈ 2021 ਵਿਚ, ਇਕ ਵਪਾਰਕ ਟਰੱਕ ਟੋਲ ਕਾਊਂਟੀ ਵਿਚ ਸਵੀਟਗ੍ਰਾਸ ਪੋਰਟ ਆਫ ਐਂਟਰੀ ਨੇੜੇ ਅੰਤਰਰਾਜੀ 15 ‘ਤੇ ਉੱਤਰ ਵੱਲ ਜਾ ਰਿਹਾ ਸੀ। ਜਦੋਂ ਟਰੱਕ ਬਾਹਰੀ ਲੇਨ ਵਿਚ ਸਰਹੱਦ ਦੇ ਨੇੜੇ ਪਹੁੰਚਿਆ ਤਾਂ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਟਰੱਕ ਨੂੰ ਰੁਕਣ ਲਈ ਕਿਹਾ, ਪਰ ਡਰਾਈਵਰ ਨੇ ਸਿਗਨਲ ਨੂੰ ਨਜ਼ਰਅੰਦਾਜ਼ ਕਰ ਦਿਤਾ ਅਤੇ ਇਹ ਬਾਹਰੀ ਬੂਥ ਤੋਂ ਲੰਘ ਗਿਆ।