ਅਮਰੀਕੀ ਜਿਮ ‘ਚ ਭਾਰਤੀ ਵਿਦਿਆਰਥੀ ‘ਤੇ ਚਾਕੂ ਨਾਲ ਹਮਲਾ; ਇਲਾਜ ਦੌਰਾਨ ਮੌਤ

ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਸਥਿਤ ਇਕ ਫਿਟਨੈਸ ਸੈਂਟਰ ਵਿਚ 24 ਸਾਲਾ ਭਾਰਤੀ ਵਿਦਿਆਰਥੀ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਵਾਲਪੇਰਾਇਸੋ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਰੁਣ ਉਤੇ 29 ਅਕਤੂਬਰ ਨੂੰ ਇਕ ਜਿੰਮ ਵਿਚ ਹਮਲਾਵਰ ਜੋਰਡਨ ਐਂਡਰੇਡ ਨੇ ਚਾਕੂ ਨਾਲ ਹਮਲਾ ਕੀਤਾ ਸੀ, ਜਿਸ ਨਾਲ ਵਿਦਿਆਰਥੀ ਦੇ ਸਿਰ ਵਿਚ ਸੱਟ ਲੱਗ ਗਈ ਸੀ। ਅਧਿਕਾਰੀ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਸ਼ਿਕਾਗੋ ਦੇ ਨੇੜੇ ਵਾਲਪੇਰਾਇਸੋ ਯੂਨੀਵਰਸਿਟੀ ਨੇ ਬੁਧਵਾਰ ਨੂੰ ਇਕ ਬਿਆਨ ‘ਚ ਕਿਹਾ, ‘ਭਰੇ ਦਿਲ ਨਾਲ ਅਸੀਂ ਵਰੁਣ ਰਾਜ ਪੁਚਾ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਸਾਡੀ ਯੂਨੀਵਰਸਿਟੀ ਨੇ ਅਪਣਾ ਇਕ ਬੱਚਾ ਗੁਆ ਦਿਤਾ। ਇਸ ਦੁੱਖ ਦੀ ਘੜੀ ਵਿਚ ਸਾਡੀ ਸੰਵੇਦਨਾ ਵਰੁਣ ਦੇ ਪ੍ਰਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ’।

ਘਟਨਾ ਤੋਂ ਬਾਅਦ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਵਿਰੁਧ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਅਤੇ ਹਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਯੂਨੀਵਰਸਿਟੀ ਨੇ ਕਿਹਾ, ‘ਯੂਨੀਵਰਸਿਟੀ ਵਰੁਣ ਦੇ ਪ੍ਰਵਾਰ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਅਸੀਂ ਜਿਥੇ ਵੀ ਸੰਭਵ ਹੋ ਸਕੇ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ ਤਾਂ ਜੋ ਪ੍ਰਵਾਰ ਇਸ ਬੇਹੱਦ ਮੁਸ਼ਕਲ ਸਮੇਂ ਵਿਚ ਅੱਗੇ ਵਧ ਸਕੇ।’ ਵਰੁਣ ਲਈ 16 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਵਿਚ ਇਕ ਯਾਦਗਾਰੀ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ।