ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮੁਖੀ ਨੇ ਬੁੱਧਵਾਰ ਨੂੰ ਕਿਹਾ ਕਿ ਛੁੱਟੀਆਂ ਦੌਰਾਨ ਲੋਕਾਂ ਦੀ ਭੀੜ ਅਤੇ ਦੁਨੀਆ ਭਰ ਵਿੱਚ ਫੈਲ ਰਹੇ ਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਪਿਛਲੇ ਮਹੀਨੇ ਲਾਗ ਦੇ ਮਾਮਲੇ ਵਧੇ ਹਨ। ਟੇਡਰੋਸ ਅਦਾਨੋਮ ਘੇਬਰੇਅਸਸ ਨੇ ਸਾਵਧਾਨ ਕਰਦਿਆਂ ਕਿਹਾ ਕਿ ਲਾਗ ਕਾਰਨ ਦਸੰਬਰ ਵਿੱਚ ਲਗਭਗ 10,000 ਲੋਕਾਂ ਦੀ ਮੌਤ ਹੋਈ, ਜਦੋਂ ਕਿ ਲਗਭਗ 50 ਦੇਸ਼ਾਂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖ਼ਲ ਹੋਣ ਦਾ ਅੰਕੜਾ 42 ਫ਼ੀਸਦੀ ਵੱਧ ਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਯੂਰਪ ਅਤੇ ਅਮਰੀਕਾ ਤੋਂ ਹਨ।
ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ-ਜਨਰਲ ਨੇ ਜਿਨੇਵਾ ਵਿੱਚ ਆਪਣੇ ਹੈੱਡਕੁਆਰਟਰ ਤੋਂ ਪੱਤਰਕਾਰਾਂ ਨੂੰ ਕਿਹਾ, ‘ਹਾਲਾਂਕਿ ਇੱਕ ਮਹੀਨੇ ਵਿੱਚ 10,000 ਲੋਕਾਂ ਦੀ ਮੌਤ ਦੀ ਗਿਣਤੀ ਮਹਾਂਮਾਰੀ ਦੇ ਸਿਖਰ ਦੇ ਮੁਕਾਬਲੇ ਘੱਟ ਹੈ।’ ਉਨ੍ਹਾਂ ਕਿਹਾ ਕਿ ਇਹ ਨਿਸ਼ਚਤ ਹੈ ਕਿ ਮਾਮਲੇ ਹੋਰ ਥਾਵਾਂ ‘ਤੇ ਵੀ ਵਧੇ ਹਨ, ਜਿਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਨਿਗਰਾਨੀ ਰੱਖਣ ਅਤੇ ਇਲਾਜ ਅਤੇ ਟੀਕੇ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਟੇਡਰੋਸ ਨੇ ਕਿਹਾ ਕਿ JN.1 ਵੇਰੀਐਂਟ ਹੁਣ ਦੁਨੀਆ ਵਿਚ ਵਾਇਰਸ ਦਾ ਸਭ ਤੋਂ ਪ੍ਰਭਾਵੀ ਰੂਪ ਬਣ ਗਿਆ ਹੈ। ਇਹ ਵਾਇਰਸ ਦੇ ਓਮਾਈਕ੍ਰੋਨ ਵੇਰੀਐਂਟ ਤੋਂ ਪੈਦਾ ਹੋਇਆ ਹੈ।