ਯੂਰੋਪੀਅਨ ਦੇਸ਼ਾਂ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਤਰੀਕੇ ਬਦਲ ਰਹੇ ਹਨ। ਹੁਣ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੁਦਰਤ ਨਾਲ ਜੋੜਨ ਦੇ ਗੁਣ ਵੀ ਸਿਖਾਏ ਜਾ ਰਹੇ ਹਨ। ਨਿਊਜ਼ੀਲੈਂਡ ਵਿਚ 8 ਤੋਂ 12 ਸਾਲ ਤਕ ਦੇ ਬੱਚੇ ਖੇਤਾਂ ਅਤੇ ਨਦੀਆਂ ਵਿਚ ਪ੍ਰਾਇਮਰੀ ਸਕੂਲਿੰਗ ਕਰ ਰਹੇ ਹਨ। ਦਰਅਸਲ ਇਥੇ ਬੱਚਿਆਂ ਨੂੰ ਹਫ਼ਤੇ ਵਿਚ ਇਕ ਦਿਨ ਖੇਤਾਂ ਅਤੇ ਨਦੀਆਂ ਵਿਚ ਬਿਤਾਉਣਾ ਹੁੰਦਾ ਹੈ।
ਬੱਚਿਆਂ ਨੂੰ ਬੰਦ ਦਰਵਾਜ਼ੇ ਦੇ ਬਾਹਰ ਜ਼ਿੰਦਗੀ ਦਾ ਤਜਰਬਾ ਸਿਖਾਉਣ ਲਈ ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚ ‘ਫਾਰੈਸਟ ਸਕੂਲ’ ਜਾਂ ‘ਬੁਸ਼ ਕਾਇੰਡੀਜ਼’ ਖੁੱਲ੍ਹ ਰਹੇ ਹਨ। ਕਈ ਦੇਸ਼ਾਂ ਵਿਚ ‘ਐਨਵੀਰੋ ਸਕੂਲ’ ਨਾਂਅ ਦਾ ਉਪਰਾਲਾ ਵੀ ਸ਼ੁਰੂ ਕੀਤਾ ਗਿਆ ਹੈ। ਇਸ ਦੇ ਚਲਦਿਆਂ ਨਿਊਜ਼ੀਲੈਂਡ ਵਿਚ ਬੱਚਿਆਂ ਲਈ ਮਾਓਰੀ ਜੀਵਨ ਸ਼ੈਲੀ ਵੀ ਪੇਸ਼ ਕੀਤੀ ਜਾ ਰਹੀ ਹੈ। ਸ਼ੁਰੂਆਤ ਵਿਚ ਕਈ ਮਾਪਿਆਂ ਨੇ ਇਸ ਤੋਂ ਇਤਰਾਜ਼ ਵੀ ਜ਼ਾਹਰ ਕੀਤਾ ਪਰ ਹੌਲੀ-ਹੌਲੀ ਉਨ੍ਹਾਂ ਨੂੰ ਸਮਝ ਆਈ ਕਿ ਇਸ ਤਰ੍ਹਾਂ ਹੀ ਬੱਚੇ ਜ਼ਿੰਦਗੀ ਦੀਆਂ ਅਸਲ ਔਕੜਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਸਕਣਗੇ।