ਆਸਟ੍ਰੇਲੀਆ ‘ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ, ਇੱਕ ਔਰਤ ਦੀ ਮੌਤ, ਲੱਖ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਗੁੱਲ

ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਕ੍ਰਿਸਮਸ ਦੀ ਰਾਤ ਨੂੰ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਤੇਜ਼ ਗਰਜ਼ ਨਾਲ ਤੂਫਾਨ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 1,20,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ। ਸਥਾਨਕ ਅਖਬਾਰ ਦਿ ਕੋਰੀਅਰ-ਮੇਲ ਅਨੁਸਾਰ 50 ਸਾਲਾਂ ਔਰਤ ਦੀ ਗੋਲਡ ਕੋਸਟ ਦੇ ਸ਼ਹਿਰ ਦੇ ਇੱਕ ਉਪਨਗਰ ਹੇਲਨਸਵੇਲ ਵਿੱਚ ਮੌਤ ਹੋ ਗਈ, ਜਦੋਂ ਉਹ ਸੜਕ ‘ਤੇ ਤੁਰ ਰਹੀ ਸੀ ਤਾਂ ਇੱਕ ਦਰੱਖਤ ਉਸ ‘ਤੇ ਡਿੱਗ ਗਿਆ।

ਗੋਲਡ ਕੋਸਟ, ਸੀਨਿਕ ਰਿਮ ਅਤੇ ਲੋਗਾਨ ਵਿਖੇ ਤੂਫਾਨ ਦੇ ਸਿਖਰ ‘ਤੇ ਲਗਭਗ 127,000 ਘਰ ਬਿਜਲੀ ਤੋਂ ਬਿਨਾਂ ਸਨ। ਅਧਿਕਾਰੀਆਂ ਵੱਲੋਂ ਬਿਜਲੀ ਬਹਾਲੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਨਵੀਂ ਗੰਭੀਰ ਗਰਜ਼-ਤੂਫਾਨ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ, ਜਿਸ ਵਿਚ ਬ੍ਰਿਸਬੇਨ ਦੇ ਕੁਝ ਉਪਨਗਰਾਂ ਵਿੱਚ ਗੋਲਫ ਬਾਲ-ਆਕਾਰ ਦੇ ਗੜੇਮਾਰੀ ਹੋਈ ਜਦਕਿ ਦੱਖਣੀ ਪੂਰਬੀ ਕੁਈਨਜ਼ਲੈਂਡ ਵਿੱਚ ਮੌਸਮ ਖਰਾਬ ਰਿਹਾ।