ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਇਕ ਹਵਾਈ ਖੇਤਰ ਵਿਚ ਦੋ ਛੋਟੇ ਜਹਾਜ਼ਾਂ ਦੀ ਟੱਕਰ ਹੋ ਗਈ। ਇਸ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਕ ਨਿਊਜ਼ ਕਾਨਫਰੰਸ ਵਿਚ ਘਟਨਾ ਦੀ ਪੁਸ਼ਟੀ ਕਰਦੇ ਹੋਏ ਕੁਈਨਜ਼ਲੈਂਡ ਦੇ ਪੁਲਸ ਅਧਿਕਾਰੀ ਪਾਲ ਰੈਡੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਬ੍ਰਿਸਬੇਨ ਦੇ ਉੱਤਰ ਵਿਚ ਕੈਬੂਲਚਰ ਏਅਰਫੀਲਡ ਦੇ ਪੂਰਬੀ ਸਿਰੇ ‘ਤੇ ਦੋਵੇਂ ਜਹਾਜ਼ ਟਕਰਾ ਗਏ। ਰੈੱਡੀ ਨੇ ਕਿਹਾ ਕਿ “ਪੂਰਬੀ ਸਿਰੇ ਵਿੱਚ ਉਡਾਣ ਭਰ ਰਹੇ ਜਹਾਜ਼ ਵਿੱਚ ਇਸ ਵੇਲੇ ਦੋ ਮੌਤਾਂ ਹੋਈਆਂ ਹਨ। ਅਸੀਂ ਅਜੇ ਵੀ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵਿਅਕਤੀ ਕੌਣ ਹਨ।’
ਦੂਜੇ ਜਹਾਜ਼ ‘ਤੇ ਸਵਾਰ ਇਕ ਹੋਰ ਵਿਅਕਤੀ ਫਿਲਹਾਲ ਪੁਲਸ ਦੀ ਜਾਂਚਕਰਤਾਵਾਂ ਨਾਲ ਮਦਦ ਕਰ ਰਿਹਾ ਹੈ ਅਤੇ ਇਹ ਪਤਾ ਲਗਾਉਣ ਵਿਚ ਮਦਦ ਕਰ ਰਿਹਾ ਹੈ ਕਿ ਅਸਲ ਵਿਚ ਹੋਇਆ ਕੀ ਸੀ। ਕੁਈਨਜ਼ਲੈਂਡ ਦੇ ਪੁਲਸ ਮੰਤਰੀ ਮਾਰਕ ਰਿਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਜਹਾਜ਼ “ਜ਼ਮੀਨ ਦੇ ਨੇੜੇ” ਇਕ-ਦੂਜੇ ਨਾਲ ਟਕਰਾ ਗਏ, ਜਿਸ ਨੂੰ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਦੂਜੇ ਜਹਾਜ਼ ‘ਤੇ ਸਵਾਰ ਵਿਅਕਤੀ ਮੁਕਾਬਲਤਨ ਸੁਰੱਖਿਅਤ ਹੈ। ਕੁਈਨਜ਼ਲੈਂਡ ਪੁਲਸ ਅਨੁਸਾਰ ਜਾਂਚਕਰਤਾ ਕੁਈਨਜ਼ਲੈਂਡ ਐਂਬੂਲੈਂਸ ਦੇ ਅਮਲੇ ਦੇ ਨਾਲ-ਨਾਲ ਅੱਗ ਅਤੇ ਬਚਾਅ ਸੇਵਾਵਾਂ ਦੇ ਨਾਲ ਘਟਨਾ ਸਥਾਨ ‘ਤੇ ਹਨ ਅਤੇ ਜਾਂਚ ਲਈ ਫੋਰੈਂਸਿਕ ਐਕਸੀਡੈਂਟ ਯੂਨਿਟ ਨੂੰ ਬੁਲਾਇਆ ਗਿਆ ਹੈ।