ਇਜ਼ਰਾਈਲ ਨੇ ਅੱਜ ਸਵੇਰੇ ਗਾਜ਼ਾ ਪੱਟੀ ’ਤੇ ਕੀਤੀ ਬੰਬਾਰੀ, ਵੱਡੀ ਗਿਣਤੀ ਲੋਕ ਜ਼ਖ਼ਮੀ ਹੋਏ !

ਇਜ਼ਰਾਈਲ ਨੇ ਅੱਜ ਸਵੇਰੇ ਗਾਜ਼ਾ ਪੱਟੀ ’ਤੇ ਬੰਬਾਰੀ ਕੀਤੀ ਜਿਸ ਕਾਰਨ ਵੱਡੀ ਗਿਣਤੀ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਇਜ਼ਰਾਈਲ ਨੇ ਲਬਿਨਾਨ ਨਾਲ ਲੱਗਦੀ ਸਰਹੱਦ ’ਤੇ ਇਕ ਇਜ਼ਰਾਇਲੀ ਕਸਬੇ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲ ਦਾ ਇਹ ਕਦਮ ਖੇਤਰੀ ਟਕਰਾਅ ਦਾ ਦਾਇਰਾ ਵਧਣ ਦਾ ਨਵਾਂ ਸੰਕੇਤ ਜਾਪ ਰਿਹਾ ਹੈ।

ਲਬਿਨਾਨ ਦੇ ਹਿਜ਼ਬੁੱਲ੍ਹਾ ਅਤਿਵਾਦੀ ਗਰੁੱਪ ਦਾ ਤਕਰੀਬਨ ਰੋਜ਼ ਇਜ਼ਰਾਇਲੀ ਫ਼ੌਜ ਨਾਲ ਟਾਕਰਾ ਹੋ ਰਿਹਾ ਹੈ। ਹਿਜ਼ਬੁੱਲ੍ਹਾ ਕੋਲ ਵੱਡੀ ਗਿਣਤੀ ਰਾਕੇਟ ਹਨ ਜੋ ਲੰਮੀ ਦੂਰੀ ਤੱਕ ਮਾਰ ਕਰਦੇ ਹਨ। ਜੇਕਰ ਇਜ਼ਰਾਈਲ ਹਮਾਸ ਨੂੰ ਤਬਾਹ ਕਰਨ ਦੇ ਰਾਹ ਪੈਂਦਾ ਹੈ ਤਾਂ ਹਿਜ਼ਬੁੱਲ੍ਹਾ ਵੀ ਜੰਗ ਵਿਚ ਸ਼ਾਮਲ ਹੋ ਸਕਦਾ ਹੈ। ਇਨ੍ਹਾਂ ਦੋਵਾਂ ਗਰੁੱਪਾਂ ਨੂੰ ਇਰਾਨ ਦੀ ਹਮਾਇਤ ਪ੍ਰਾਪਤ ਹੈ। ਜੰਗ ਦੌਰਾਨ ਇਜ਼ਰਾਇਲੀ ਰੱਖਿਆ ਮੰਤਰੀ ਨੇ ਅੱਜ ਕਿਹਾ ਕਿ ਉਹ ਗਾਜ਼ਾ ਦੇ ਨਾਗਰਿਕਾਂ ਨੂੰ ਕੰਟਰੋਲ ਕਰਨ ਦੇ ਚਾਹਵਾਨ ਨਹੀਂ ਹਨ ਤੇ ਉਨ੍ਹਾਂ ਦੀ ਲੜਾਈ ਹਮਾਸ ਅਤਿਵਾਦੀ ਗਰੁੱਪ ਨਾਲ ਹੈ।

ਉਨ੍ਹਾਂ ਕਿਹਾ ਕਿ ਹਮਾਸ ਨੂੰ ਖ਼ਤਮ ਕਰਨ ਤੋਂ ਬਾਅਦ ਫ਼ੌਜ ਦੀ ‘ਗਾਜ਼ਾ ਪੱਟੀ ਵਿਚ ਲੋਕਾਂ ਦੀ ਜ਼ਿੰਦਗੀ ਨੂੰ ਕੰਟਰੋਲ ਕਰਨ ਦੀ ਕੋਈ ਯੋਜਨਾ ਨਹੀਂ ਹੈ’। ਰੱਖਿਆ ਮੰਤਰੀ ਯੋਆਵ ਗੈਲਾਂਟ ਨੇ ਕਿਹਾ ਕਿ ਇਜ਼ਰਾਈਲ ਨੂੰ ਲੱਗਦਾ ਹੈ ਕਿ ਜੰਗ ਤਿੰਨ-ਗੇੜਾਂ ’ਚ ਹੋਵੇਗੀ, ਜੋ ਕਿ ਹਵਾਈ ਹਮਲਿਆਂ ਤੋਂ ਜ਼ਮੀਨ ਤੱਕ ਚੱਲੇਗੀ। ਫਲਸਤੀਨੀਆ ਮੁਤਾਬਕ ਗਾਜ਼ਾ ਦੇ ਖਾਨ ਯੂਨਿਸ ਵਿਚ ਵੱਡੇ ਹਵਾਈ ਹਮਲੇ ਹੋਏ ਹਨ। ਵੱਡੀ ਗਿਣਤੀ ਵਿਚ ਔਰਤਾਂ, ਪੁਰਸ਼ਾਂ ਤੇ ਬੱਚਿਆਂ ਨੂੰ ਸਥਾਨਕ ਨਾਸਰ ਹਸਪਤਾਲ ਲਿਜਾਇਆ ਗਿਆ ਹੈ। ਗਾਜ਼ਾ ਦਾ ਇਹ ਦੂਜਾ ਵੱਡਾ ਹਸਪਤਾਲ ਪਹਿਲਾਂ ਹੀ ਮਰੀਜ਼ਾਂ ਨਾਲ ਭਰਿਆ ਪਿਆ ਹੈ।