ਅਮਰੀਕਾ ‘ਚ ਭਾਰਤੀ ਮੂਲ ਦੇ 4 ਜੀਆਂ ਦੀਆਂ ਮਿਲੀਆਂ ਲਾਸ਼ਾਂ

ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਨਿਊਜਰਸੀ ਸੂਬੇ ਦੇ ਸ਼ਹਿਰ ਪਲੈਨਸਬਰੋ ਵਿਖੇ ਇਕ ਘਰ ਵਿਚੋਂ ਭਾਰਤੀ ਮੂਲ ਦੇ 2 ਬੱਚਿਆਂ ਸਮੇਤ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਤੇਜ ਪ੍ਰਤਾਪ ਸਿੰਘ (43), ਸੋਨਲ ਪਰਿਹਾਰ (42) ਅਤੇ ਉਨ੍ਹਾਂ ਦੇ 2 ਬੱਚਿਆਂ, ਇੱਕ 10 ਸਾਲਾ ਮੁੰਡੇ ਅਤੇ ਇੱਕ 6 ਸਾਲਾ ਕੁੜੀ ਵਜੋਂ ਕੀਤੀ ਗਈ ਹੈ। ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ।

ਉਥੇ ਹੀ ਪੁਲਿਸ ਨੇ ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟੀ ਦੇ ਮੇਅਰ ਪੀਟਰ ਕੈਂਟੂ ਨੇ ਵੀਰਵਾਰ ਨੂੰ ਪਲੈਨਸਬਰੋ ਸਿਟੀ ਪੁਲਿਸ ਵਿਭਾਗ ਵੱਲੋਂ ਭੇਜੇ ਇੱਕ ਕਮਿਊਨਿਟੀ ਸੰਦੇਸ਼ ਵਿੱਚ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਪਤੀ ਨੇ ਖੁਦ ਨੂੰ ਮਾਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਫਿਰ ਆਪਣੇ 2 ਛੋਟੇ ਬੱਚਿਆਂ ਦਾ ਕਤਲ ਕੀਤਾ ਹੋਵੇਗਾ।

ਮ੍ਰਿਤਕ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਜੋੜਾ ਆਈ.ਟੀ. ਵਿੱਚ ਕੰਮ ਕਰਦਾ ਸੀ। ਮ੍ਰਿਤਕ ਤੇਜ ਪ੍ਰਤਾਪ ਸਿੰਘ ਪਿਛਲੇ 6 ਕੁ ਸਾਲਾਂ ਤੋਂ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਖੇਤਰ ਵਿੱਚ ਨੇਸ ਡਿਜੀਟਲ ਇੰਜੀਨੀਅਰਿੰਗ ਲਈ ਇੱਕ ਪ੍ਰਮੁੱਖ ਇੰਜੀਨੀਅਰ ਦੇ ਵਜੋਂ ਨੌਕਰੀ ਕਰਦਾ ਸੀ।