‘ਨਿਊਜ਼ਕਿਲੱਕ’ ਮਾਮਲੇ ਦੀ ਗੂੰਜ ਅਮਰੀਕਾ ਤਕ, ਜਾਣੋ ਕੀ ਕਿਹਾ ਅਮਰੀਕੀ ਵਿਦੇਸ਼ ਵਿਭਾਗ ਨੇ

ਅਮਰੀਕੀ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਇਕ ਭਾਰਤੀ ਖ਼ਬਰਾਂ ਵਾਲੇ ਪੋਰਟਲ ਦੇ ਚੀਨ ਨਾਲ ਕਥਿਤ ਸਬੰਧਾਂ ਬਾਰੇ ਖ਼ਬਰਾਂ ਵੇਖੀਆਂ ਹਨ, ਪਰ ਉਹ ਇਨ੍ਹਾਂ ਦਾਅਵਿਆਂ ਦੀ ਸੱਚਾਈ ’ਤੇ ਟਿਪਣੀ ਨਹੀਂ ਕਰ ਸਕਦੇ।

ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਪੱਤਰਕਾਰਾਂ ਨਾਲ ਸਵਾਲ-ਜਵਾਬ ਦੌਰਾਨ ਕਿਹਾ, ‘‘ਅਸੀਂ ਇਸ ਪੋਰਟਲ ਦੇ ਚੀਨ ਨਾਲ ਸਬੰਧਾਂ ਬਾਰੇ ਖ਼ਬਰਾਂ ਵੇਖੀਆਂ ਹਨ, ਪਰ ਅਸੀਂ ਉਨ੍ਹਾਂ ਦਾਅਵਿਆਂ ਦੀ ਸੱਚਾਈ ਬਾਰੇ ਅਜੇ ਟਿਪਣੀ ਨਹੀਂ ਕਰ ਸਕਦੇ।’’

ਉਨ੍ਹਾਂ ਕਿਹਾ, ‘‘ਹਾਲਾਂਕਿ, ਅਮਰੀਕਾ ਸਰਕਾਰ ਦੁਨੀਆਂ ਭਰ ’ਚ ਜੀਵੰਤ ਅਤੇ ਆਜ਼ਾਦ ਲੋਕਤੰਰਤ ’ਚ ਸੋਸ਼ਲ ਮੀਡੀਆ ਸਮੇਤ ਹੋਰ ਮੀਡੀਆ ਸਰੋਤਾਂ ਦੀ ਮਜ਼ਬੂਤ ਭੂਮਿਕਾ ਦੀ ਵੀ ਮਜ਼ਬੂਤੀ ਨਾਲ ਹਮਾਇਤ ਕਰਦੀ ਹੈ।’’ ਪਟੇਲ ਨੇ ਕਿਹਾ, ‘‘ਅਸੀਂ ਇਨ੍ਹਾਂ ਮਾਮਲਿਆਂ ’ਤੇ ਦੁਨੀਆਂ ਭਰ ਦੇ ਦੇਸ਼ਾਂ ਨਾਲ ਹੀ ਭਾਰਤ ਸਰਕਾਰ ਨਾਲ ਅਪਣੀ ਸਿਆਸੀ ਭਾਗੀਦਾਰੀ ਜ਼ਰੀਏ ਚਿੰਤਾਵਾਂ ਨੂੰ ਪ੍ਰਗਟ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਨਾ ਸਿਰਫ਼ ਭਾਰਤ ਸਰਕਾਰ, ਬਲਕਿ ਹੋਰ ਦੇਸ਼ਾਂ ਨਾਲ ਵੀ ਆਨਲਾਈਨ ਅਤੇ ਆਫ਼ਲਾਈਨ, ਦੋਹਾਂ ਹੀ ਮੰਚਾਂ ’ਤੇ ਪ੍ਰਗਟਾਵੇ ਦੀ ਆਜ਼ਾਦੀ ਸਮੇਤ ਪੱਤਰਕਾਰਾਂ ਦੇ ਮਨੁੱਖੀ ਅਧਿਕਾਰਾਂ ਦਾ ਮਾਣ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ, ਮੇਰੇ ਕੋਲ ਇਸ ਵਿਸ਼ੇਸ਼ ਹਾਲਤ ਬਾਰੇ ਕੋਈ ਵਾਧੂ ਜਾਣਕਾਰੀ ਨਹੀਂ ਹੈ।’’

‘ਦ ਨਿਊਯਾਰਕ ਟਾਈਮਜ਼’ ਨੇ ਅਗੱਸਤ ’ਚ ਪ੍ਰਕਾਸ਼ਤ ਅਪਣੀ ਇਕ ਖ਼ਬਰ ’ਚ ਦਾਅਵਾ ਕੀਤਾ ਸੀ ‘ਨਿਊਜ਼ਕਿਲੱਕ’ ਨੂੰ ਚੀਨ ਹਮਾਇਤੀ ਪ੍ਰਚਾਰ ਲਈ ਇਕ ਭਾਰਤੀ-ਅਮਰੀਕੀ ਤੋਂ ਪੈਸਾ ਪ੍ਰਾਪਤ ਹੋ ਰਿਹਾ ਹੈ। ਇਸ ਦੌਰਾਨ, ਪ੍ਰਵਾਸੀ ਭਾਰਤੀ ਮੁਸਲਮਾਨਾਂ ਦੇ ਇਕ ਸੰਗਠਨ ‘ਇੰਡੀਅਨ ਅਮਰੀਕਨ ਮੁਸਲਿਮ ਕੌਂਸਲ’ ਨੇ ਇਕ ਬਿਆਨ ’ਚ ਖ਼ਬਰੀ ਪੋਰਟਲ ਦੇ ਦਫ਼ਤਰ ਅਤੇ ਉਸ ਨਾਲ ਜੁੜੇ ਪੱਤਰਕਾਰਾਂ ਦੇ ਘਰਾਂ ’ਤੇ ਛਾਪਿਅ ਦੀ ਸਖ਼ਤ ਨਿੰਦਾ ਕੀਤੀ ਹੈ।

ਦਿੱਲੀ ਪੁਲਿਸ ਨੇ ਚੀਨ ਦੀ ਹਮਾਇਤ ’ਚ ਪ੍ਰਚਾਰ ਕਰਨ ਲਈ ਪੈਸਾ ਪ੍ਰਾਪਤ ਕਰਨ ਦੇ ਦੋਸ਼ਾਂ ’ਚ ਗ਼ੈਰਕਾਨੂੰਨਂ ਗਤੀਵਿਧੀਆਂ ਨਿਵਾਰਣ ਐਕਟ (ਯੂ.ਏ.ਪੀ.ਏ.) ਹੇਠ ਦਰਜ ਮਾਮਲਿਆਂ ’ਚ 30 ਥਾਵਾਂ ’ਤੇ ਛਾਪੇ ਮਾਰਨ ਅਤੇ ਵੱਖੋ-ਵੱਖ ਪੱਤਰਕਾਰਾਂ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਮੰਗਲਵਾਰ ਨੂੰ ‘ਨਿਊਜ਼ਕਲਿੱਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਸਥ ਅਤੇ ਮਨੁੱਖੀ ਸਰੋਤ (ਐੱਚ.ਆਰ.) ਮੁਖੀ ਅਮਿਤ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।