ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਮਾਰਚ 2023 ਵਿਚ ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਭਾਰਤੀ ਦੂਤਘਰ ਉੱਤੇ ਹੋਏ ਹਮਲੇ ਦੀ ਜਾਂਚ ਤੋਂ ਬਾਅਦ 10 ਗਰਮਖਿਆਲੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਨਆਈਏ ਨੇ ਮੁਲਜ਼ਮਾਂ ਬਾਰੇ ਆਮ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਏਜੰਸੀ ਨੇ ਮੁਲਜ਼ਮਾਂ ਖ਼ਿਲਾਫ਼ ਤਿੰਨ ਵੱਖ-ਵੱਖ “ਪਛਾਣ ਅਤੇ ਸੂਚਨਾ ਲਈ ਬੇਨਤੀ ਨੋਟਿਸ” ਜਾਰੀ ਕੀਤੇ ਹਨ।
ਤਸਵੀਰਾਂ ਜਾਰੀ ਕਰਦੇ ਹੋਏ ਐਨਆਈਏ ਨੇ ਕਿਹਾ ਕਿ ਕੋਈ ਵੀ ਅਹਿਮ ਜਾਣਕਾਰੀ ਜਿਸ ਨਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ, ਉਹ ਜਲਦੀ ਹੀ ਐਨਆਈਏ ਨਾਲ ਸਾਂਝੀ ਕੀਤੀ ਜਾਵੇ। ਇਸ ਦੇ ਲਈ NIA ਨੇ ਟੈਲੀਫੋਨ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ ਹੈ। ਏਜੰਸੀ ਨੇ ਦੋਸ਼ੀ ਬਾਰੇ ਜਾਣਕਾਰੀ ਸਾਂਝੀ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਗੁਪਤ ਰੱਖਣ ਦਾ ਵਾਅਦਾ ਕੀਤਾ ਹੈ।
- ਐਨਆਈਏ ਹੈੱਡਕੁਆਰਟਰ, ਨਵੀਂ ਦਿੱਲੀ, ਕੰਟਰੋਲ ਰੂਮ- ਟੈਲੀਫੋਨ ਨੰਬਰ: 011-24368800, ਵਟਸਐਪ/ਟੈਲੀਗ੍ਰਾਮ: +91-8585931100, ਈਮੇਲ ਆਈਡੀ: do.nia@gov.in
- ਐਨਆਈਏ ਬ੍ਰਾਂਚ ਆਫਿਸ, ਚੰਡੀਗੜ੍ਹ- ਟੈਲੀਫੋਨ ਨੰਬਰ: 0172-2682900, 2682901, ਵਟਸਐਪ/ਟੈਲੀਗ੍ਰਾਮ ਨੰਬਰ: 7743002947, ਈਮੇਲ ਆਈਡੀ: info-chd.nia@gov.in
- ਸੈਨ ਫਰਾਂਸਿਸਕੋ ਵਿਚ ਭਾਰਤੀ ਕੌਂਸਲੇਟ ਉੱਤੇ ਹਮਲਾ 18 ਅਤੇ 19 ਮਾਰਚ 2023 ਦੀ ਦਰਮਿਆਨੀ ਰਾਤ ਨੂੰ ਹੋਇਆ ਸੀ। ਕੁਝ ਗਰਮਖਿਆਲੀ ਸਮਰਥਕਾਂ ਨੇ ਕੌਂਸਲੇਟ ਵਿਚ ਦਾਖਲ ਹੋ ਕੇ ਕੌਂਸਲੇਟ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਉਸੇ ਦਿਨ, ਨਾਅਰੇਬਾਜ਼ੀ ਕਰਦੇ ਹੋਏ ਗਰਮਖਿਆਲੀ ਸਮਰਥਕਾਂ ਨੇ ਸਿਟੀ ਪੁਲਿਸ ਦੁਆਰਾ ਬਣਾਏ ਗਏ ਅਸਥਾਈ ਸੁਰੱਖਿਆ ਬੈਰੀਅਰਾਂ ਨੂੰ ਤੋੜ ਦਿੱਤਾ ਅਤੇ ਕੰਸਲਟ ਅਹਾਤੇ ‘ਤੇ ਦੋ ਅਖੌਤੀ ਖਾਲਿਸਤਾਨੀ ਝੰਡੇ ਲਗਾ ਦਿੱਤੇ। ਕੌਂਸਲੇਟ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ।
ਇਸ ਹਮਲੇ ਦੌਰਾਨ ਦੂਤਘਰ ਦੇ ਅਧਿਕਾਰੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ 1 ਅਤੇ 2 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੀ ਕੁਝ ਮੁਲਜ਼ਮ ਦੂਤਾਵਾਸ ਅੰਦਰ ਦਾਖਲ ਹੋਏ ਅਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਐਨਆਈਏ ਨੇ ਆਈਪੀਸੀ ਦੀ ਧਾਰਾ 109,120-ਬੀ, 147, 148,149, 323,436,448 ਅਤੇ 452, ਯੂਏ (ਪੀ) ਐਕਟ ਦੀ ਧਾਰਾ 13 ਆਦਿ ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ 16 ਜੂਨ, 2023 ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਐਨਆਈਏ ਦੀ ਟੀਮ ਨੇ ਇਸ ਮਾਮਲੇ ਦੀ ਜਾਂਚ ਲਈ ਅਗਸਤ ਮਹੀਨੇ ਸਾਨ ਫਰਾਂਸਿਸਕੋ ਦਾ ਦੌਰਾ ਕੀਤਾ ਸੀ।