ਜੱਟਵਾਦ

ਕੁਝ ਪੰਜਾਬੀ ਗਾਇਕਾਂ ਅਤੇ ਫਿਲਮ ਨਿਰਮਾਤਾਵਾਂ ਵੱਲੋਂ ਸ਼ੁਰੂ ਕੀਤੀ ਜੱਟਵਾਦ ਦੀ ਬਿਮਾਰੀ ਕਾਰਨ ਪੰਜਾਬ ਵਿੱਚ ਹਿੰਸਕ ਗਾਣਿਆਂ, ਗੈਂਗਸਟਰਾਂ ਅਤੇ ਲੜਾਈ ਝਗੜਿਆਂ ਦਾ ਹੜ੍ਹ ਆ ਗਿਆ ਹੈ।ਸਿਰਫ ਪੈਸੇ ਕਮਾਉਣ ਦੀ ਖਾਤਰ ਫੁਕਰੇ ਗਾਇਕਾਂ ਦੇ ਅੱਗ ਲਾਊ ਗਾਣੇ ਸੁਣ ਕੇ ਇਸ ਤਰਾਂ ਲੱਗਦਾ ਹੈ ਜਿਵੇਂਜੱਟਾਂਨੂੰ ਬੰਦੇ ਵੱਢਣ ਜਾਂ ਮਾਸ਼ੂਕਾਉਧਾਲਣ ਤੋਂ ਸਿਵਾ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ।ਜੱਟ ਨੂੰ ਬੇਹੱਦ ਖੂੰਖਾਰ, ਬਦਲੇਖੋਰ ਅਤੇ ਲੱਥੀ ਚੜ੍ਹੀ ਤੋਂ ਬੇਪ੍ਰਵਾਹ ਇਨਸਾਨ ਦਿਖਾਇਆ ਜਾਂਦਾ ਹੈ।ਇਨ੍ਹਾਂ ਕੱਚ ਘਰੜ ਗਾਇਕਾਂ ਨੇ ਤਾਂ ਸਾਰੇ ਜੱਟ ਗੁੰਡੇ ਹੀ ਬਣਾ ਕੇ ਰੱਖ ਦਿੱਤੇ ਹਨ। 100% ਗਵੱਈਏ ਜੱਟਾਂ ਦੇ ਅਸਲ ਹਾਲਾਤ ਤੋਂ ਅਣਜਾਣ ਹਨ। ਕਿਸਾਨੀ ਦੀ ਹਾਲਤ ਇਹ ਹੈ ਕਿ ਜੇ ਫਸਲ ਸਹੀ ਸਲਾਮਤ ਸਿਰੇ ਚੜ੍ਹ ਜਾਵੇ ਤਾਂ ਵਿਕਦੀ ਨਹੀਂ ਤੇ ਜੇ ਵਿਕ ਜਾਵੇ ਤਾਂ ਵਾਜਿਬ ਰੇਟ ਨਹੀਂ ਮਿਲਦੇ। ਆੜ੍ਹਤੀ ਤੇ ਬੈਂਕਾਂ ਮਨਮਰਜ਼ੀ ਦੇ ਚਕਰਵਰਤੀ ਵਿਆਜ਼ ਠੋਕਦੇ ਹਨ। ਫਸਲ ਨੂੰ ਕਦੇ ਮੌਸਮ ਦੀ ਮਾਰ ਪੈ ਜਾਂਦੀ, ਕਦੇ ਬਿਮਾਰੀਆਂ ਤੇ ਕਦੇ ਕੀੜਿਆਂ ਦੀ। ਆਮ ਤੌਰ ‘ਤੇ ਦੂਸਰੀ ਜਾਂ ਤੀਸਰੀ ਫਸਲ ਖਰਾਬ ਹੋ ਹੀ ਜਾਂਦੀ ਹੈ। ਜੇ ਕਿਸਾਨਗਾਣਿਆਂ ਵਿੱਚ ਦਰਸਾਏ ਗਏ ਜੱਟਾਂ ਵਰਗੇ ਅਮੀਰ, ਵਹਿਸ਼ੀ ਅਤੇ ਅਣਖੀਲੇ ਹੁੰਦੇ ਤਾਂ ਰੋਜ਼ਾਨਾ ਆਤਮ ਹੱਤਿਆਵਾਂ ਕਿਉਂ ਕਰਦੇ? ਜੱਟਾਂ ਦੀ ਖੁਦਕਸ਼ੀ ਔਸਤ ਸਾਰੇ ਪੰਜਾਬ ਨਾਲੋਂ ਵੱਧ ਹੈ।

ਜੱਟ ਜਿਆਦਾਤਰ ਪੰਜਾਬ (ਭਾਰਤੀ ਤੇ ਪਾਕਿਸਤਾਨੀ), ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੱਸਦੇ ਹਨ ਤੇ ਬਹੁਤੇ ਖੇਤੀਬਾੜੀ ਦਾ ਧੰਦਾ ਕਰਦੇ ਹਨ।ਭਾਰਤ ਵਿੱਚ ਜੱਟਾਂ (ਜਾਟਾਂ ਸਮੇਤ) ਦੀ ਅਬਾਦੀ9 ਕਰੋੜ ਦੇ ਕਰੀਬ ਹੈ, ਜਿਸ ਵਿੱਚੋਂ ਪੰਜਾਬ ‘ਚ 21%, ਰਾਜਸਥਾਨ ਵਿੱਚ 12%, ਹਰਿਆਣੇ ਵਿੱਚ 29% ਅਤੇ ਯੂ.ਪੀ. ਵਿੱਚ ਸਿਰਫ 6% ਹੈ। ਅਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਜੱਟਾਂ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸਨ। ਅੱਜ ਚਾਹੇ ਉਹ ਆਪਣੇ ਆਪ ਨੂੰਸਭ ਤੋਂ ਉੱਚੀ ਜ਼ਾਤ ਦਾ ਸਮਝਦੇ ਹਨ, ਪਰ ਪਹਿਲਾਂ ਹਿੰਦੂ ਸਮਾਜ ਦੀਆਂ ਕਥਿੱਤ ਸਵਰਨ ਜ਼ਾਤਾਂ ਉਨ੍ਹਾਂ ਨੂੰ ਅਛੂਤ ਹੀ ਮੰਨਦੀਆਂ ਸਨ। ਰਾਜਸਥਾਨ ਵਿੱਚ ਤਾਂਥੋੜ੍ਹੇ ਸਾਲ ਪਹਿਲਾਂ ਤੱਕ ਵੀ ਕੋਈ ਜਾਟ ਆਪਣੇ ਨਾਮ ਨਾਲ ਸਿੰਘ ਨਹੀਂ ਸੀ ਲਿਖਾ ਸਕਦਾ (ਇਹ ਸਿਰਫ ਰਾਜਪੂਤਾਂ ਵਾਸਤੇ ਰਿਜ਼ਰਵ ਸੀ), ਘੋੜੀ ‘ਤੇ ਨਹੀਂ ਸੀ ਚੜ੍ਹ ਸਕਦਾ ਤੇ ਚੰਗਾ ਊਠ ਨਹੀਂ ਸੀ ਰੱਖ ਸਕਦਾ।ਅੱਜ ਵੀ ਰਾਜਸਥਾਨ ‘ਚ ਜਾਟਾਂ ਦੇ ਬਹੁਤੇ ਨਾਮ ਸ਼ਾਮ ਲਾਲ, ਨਿਉਲਾ ਰਾਮ, ਦੂੜੇ ਰਾਮ, ਰਤਨ ਲਾਲ ਜਾਂ ਗੋਦਾ ਰਾਮ ਆਦਿ ਹਨ। ਧਰਮਿੰਦਰ ਦੀ ਫਿਲਮ ਗੁਲਾਮੀ (1985) ਵਿੱਚ ਇਹ ਭੇਦ ਭਾਵ ਬਹੁਤ ਬਰੀਕੀ ਨਾਲ ਵਿਖਾਇਆ ਗਿਆ ਸੀ।

ਪੰਜਾਬ ਵਿੱਚ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਜੱਟਾਂ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਜਾਣਦਾ। ਮਿਸਲਾਂ ਤੋਂ ਪਹਿਲਾਂ ਪੰਜਾਬ ਦੇ ਇਤਿਹਾਸ ਵਿੱਚ ਕੋਈ ਜੱਟ ਰਾਜਾ ਨਹੀਂ ਹੋਇਆ। ਪੰਜਾਬ ਤੋਂ ਬਾਹਰ ਸਾਰੇ ਭਾਰਤ ਵਿੱਚ ਸਿਰਫ ਭਰਤਪੁਰ (ਰਾਜਸਥਾਨ, 1680 ਤੋਂ 1947 ਈਸਵੀ) ‘ਤੇ ਜਾਟ ਰਾਜਿਆਂ ਨੇ ਰਾਜ ਕੀਤਾ ਹੈ। ਜੱਟਾਂ ਨੇ ਸਿੱਖ ਧਰਮ ਅਖਤਿਆਰ ਕਰਨ ਤੋਂ ਬਾਅਦ ਮੁਗਲ-ਸਿੱਖ ਸੰਘਰਸ਼ ਵਿੱਚ ਮੋਹਰੀ ਰੋਲ ਨਿਭਾਇਆ ਤੇ ਹੌਲੀ ਹੌਲੀ ਸਾਰੇ ਪੰਜਾਬ ‘ਤੇ ਕਬਜ਼ਾ ਜਮਾ ਲਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੱਟ ਸ਼ਕਤੀ ਦਾ ਸਿਖਰ ਸੀ। ਉਦੋਂਵੀ ਸਿਰਫ ਫੌਜੀ ਅਫਸਰਾਂ, ਜਾਗੀਰਦਾਰਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਹਾਲਤ ਹੀ ਠੀਕ ਸੀ,ਬਾਕੀ ਖੇਤੀ ਕਰਨ ਵਾਲੇ ਜੱਟਾਂ ਦੀ ਜੂਨਅੱਜ ਵਾਂਗ ਹੀ ਬੇਹੱਦ ਮਾੜੀ ਸੀ। ਅਸਲ ਵਿੱਚ ਜੱਟਾਂ ਦੀ ਬੁਰੀ ਹਾਲਤ ਦਾ ਸਭ ਤੋਂ ਵੱਡਾ ਕਾਰਣ ਇਨ੍ਹਾਂ ਦਾ ਸਦੀਆਂ ਤੋਂ ਗੈਰ ਮੁਨਾਫਾ ਬਖਸ਼ ਧੰਦੇ ਖੇਤੀ, ਜੋ ਸਿਰਫ ਤੇ ਸਿਰਫ ਮੌਸਮ ‘ਤੇ ਨਿਰਭਰ ਹੈ, ਨਾਲ ਜੁੜੇ ਹੋਣਾ ਹੈ। ਅੰਗਰੇਜ਼ ਰਾਜ ਦੌਰਾਨ ਪੰਜਾਬ ਵਿੱਚ ਨਹਿਰਾਂ ਨਿਕਲਣ ਨਾਲ ਜੱਟਾਂ ਦੀ ਹਾਲਤ ਵਿੱਚ ਕੁਝ ਸੁਧਾਰ ਆਉਣਾ ਸ਼ੁਰੂ ਹੋ ਗਿਆ ਸੀ।

ਪੰਜਾਬ ਦੇ ਜਿਆਦਾਤਰ ਜੱਟ ਸੰਨ 1929 ਤੋਂ ਪਹਿਲਾਂ ਭੂਮੀਹੀਣ ਸਨ।ਉਹ ਜ਼ਮੀਨ ਦੇ ਮਾਲਕ ਨਹੀਂ, ਬਲਕਿ ਜਾਗੀਰਦਾਰਾਂ, ਸ਼ਾਹੂਕਾਰਾਂ, ਡੇਰੇਦਾਰਾਂ ਅਤੇ ਰਜਵਾੜਿਆਂ ਦੇ ਮੁਜ਼ਾਰੇ ਸਨ ਜੋ ਜੱਟਾਂ ਕੋਲੋਂ ਬੇਦਰਦੀ ਨਾਲ ਮੋਟਾ ਲਗਾਨ ਵਸੂਲਦੇ ਸਨ। ਜੱਟਾਂਦੀ ਜ਼ਿੰਦਗੀ ਇਨ੍ਹਾਂ ਦੇ ਗੁਲਾਮਾਂ ਤੋਂ ਵੀ ਬਦਤਰ ਸੀ। ਘੋਰ ਗਰੀਬੀ ਦੀ ਦਲਦਲ ਵਿੱਚ ਫਸੇ ਹੋਣ ਕਾਰਨ ਕਾਲੀ ਮਿੱਟੀ ਤੋਂ ਮੁੱਲ ਦੀ ਤੀਵੀਂ ਲਿਆਉਣੀ, ਵੱਟੇ ਦਾ ਵਿਆਹ ਅਤੇ ਇੱਕ ਵਿਆਹਿਆ ਗਿਆਸਾਰੇ ਵਿਆਹੇ ਗਏ, ਵਰਗੇ ਰਿਵਾਜ਼ ਆਮਸਨ। ਪੰਜਾਬ ਵਿੱਚ ਛੜਿਆਂ ਦੀਆਂ ਹੇੜਾਂ ਫਿਰਦੀਆਂ ਸਨ। ਅਜਿਹੇ ਕਾਲੇ ਦਿਨਾਂ ਵਿੱਚ ਪੰਜਾਬ ਦੇ ਜੱਟਾਂ ਵਾਸਤੇ ਸਾਂਝੇ ਪੰਜਾਬ ਦਾ ਮਾਲ ਮੰਤਰੀ ਸਰ ਛੋਟੂ ਰਾਮ ਜਾਟ (ਯੂਨੀਅਨਿਸਟ ਪਾਰਟੀ, ਮੁੱਖ ਮੰਤਰੀ ਸਰ ਸਿਕੰਦਰ ਹਯਾਤ ਖਾਨ ਟਿਵਾਣਾ) ਮਸੀਹਾ ਬਣ ਕੇ ਬਹੁੜਿਆ। ਉਸ ਨੇ 1929 ਵਿੱਚ ਪੰਜਾਬ ਲੈਂਡ ਰੈਵਿਨਿਊ ਐਕਟ ਰਾਹੀਂ ਜਾਗੀਰਦਾਰਾਂ ਦੇ ਅਧਿਕਾਰ ਸੀਮਤ ਕਰ ਕੇ ਮੁਜ਼ਾਰਿਆਂ ਨੂੰ ਜ਼ਮੀਨਾਂ ਦਾ ਹੱਕ ਦਿਵਾਇਆ ਅਤੇ 1930 ਵਿੱਚ ਪੰਜਾਬ ਰੈਗੂਲੇਸ਼ਨ ਆਫ ਅਕਾਊਂਟਸ ਐਕਟ ਪਾਸ ਕਰ ਕੇ ਜਨਤਾ ਨੂੰ ਸੂਦਖੋਰ ਸ਼ਾਹੂਕਾਰਾਂ ਦੇ ਖੂਨੀ ਪੰਜੇ ਤੋਂ ਮੁਕਤ ਕਰਵਾਇਆ।1955-56 ਵਿੱਚ ਚੱਲੀ ਮੁਜ਼ਾਰਾ ਲਹਿਰ ਨੇ ਪੰਜਾਬ ਵਿੱਚੋਂ ਜਾਗੀਰਦਾਰੀ ਸਿਸਟਮ ਬਿਲਕੁਲ ਹੀ ਖਤਮ ਕਰ ਦਿੱਤਾ।ਮਾਲਕੀ (ਏਕੜਾਂ ਦੀ ਗਿਣਤੀ) ਨਿਸ਼ਚਿਤ ਕਰ ਦਿੱਤੀ ਗਈ ਤੇ ਜਿਸ ਦਾ ਹਲਉਸ ਦੀ ਜ਼ਮੀਨ, ਵਰਗੇ ਕਾਨੂੰਨ ਪਾਸ ਹੋਏ।

ਜੱਟਾਂ ਵਾਸਤੇ ਦੂਸਰਾ ਮਸੀਹਾ ਸਾਬਤ ਹੋਇਆ ਪੰਜਾਬ ਦਾ ਗਾਥਾਮਈ ਮੁੱਖ ਮੰਤਰੀ (1901-1965) ਸ. ਪ੍ਰਤਾਪ ਸਿੰਘ ਕੈਰੋਂ। ਉਸ ਨੇ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਰ ਕੇ ਪੰਜਾਬ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਪਹਿਲਾਂ ਪੰਜਾਬ ਵਿੱਚ ਸਾਰੇ ਸਾਲ ਦੌਰਾਨ ਸਿਰਫ ਇੱਕ ਹੀ ਫਸਲ,ਕਣਕ ਹੁੰਦੀ ਸੀ। ਜੱਟ ਖੇਤਾਂ ਵਿੱਚੋਂ ਘਾਹ, ਪੋਹਲੀ, ਇਟਸਿਟ, ਅੱਕ, ਢੱਕ, ਬਾਥੂ, ਲੇਹਾ, ਭਖੜਾ, ਪਾਪੜਾ ਅਤੇ ਮੈਣਾ ਆਦਿ ਗੋਡਦੇ ਹੀ ਪ੍ਰਲੋਕ ਸਿਧਾਰ ਜਾਂਦੇ ਸਨ। ਪੇਂਡੂ ਸਕੂਲ, ਨਹਿਰਾਂ, ਸੇਮ ਨਾਲੇ, ਪਿੰਡ ਪਿੰਡ ਬਿਜਲੀ, ਸੜਕਾਂ, ਟਿਊਬਵੈੱਲ, ਟਰੈਕਟਰ, ਮੁਰੱਬੇਬੰਦੀ, ਭਾਖੜਾ ਡੈਮ, ਚੰਡੀਗੜ੍ਹ ਅਤੇ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਕੈਰੋਂ ਦੀ ਹੀ ਦੇਣ ਹੈ। ਝੋਨੇ ਅਤੇ ਨਰਮੇ ਦੀ ਕਮਾਈ ਨੇ ਲਹਿਰਾਂ ਬਹਿਰਾਂ ਕਰ ਦਿੱਤੀਆਂ। ਵਿਦਿਆ ਨੇ ਜੱਟਾਂ ਦਾ ਤੀਸਰਾ ਨੇਤਰ ਖੋਲ੍ਹ ਦਿੱਤਾ, ਪੇਂਡੂ ਸਕੂਲਾਂ ਦੇ ਪੜ੍ਹੇ ਬੱਚੇ ਸਰਕਾਰੀ ਨੌਕਰੀਆਂ ‘ਤੇ ਭਰਤੀ ਹੋਣ ਲੱਗ ਪਏ। ਜੇ ਕਿਤੇ ਉਸ ਦੀ ਬੇਵਕਤੀ ਮੌਤ ਨਾ ਹੋਈ ਹੁੰਦੀ ਤਾਂ ਪਤਾ ਨਹੀਂ ਉਹ ਪੰਜਾਬ ਨੂੰ ਕਿੱਥੇ ਦਾ ਕਿੱਥੇ ਲੈ ਜਾਂਦਾ। ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਜੱਟਾਂ ਦੀ ਭਲਾਈ ਵਾਸਤੇ ਕਈ ਸਕੀਮਾਂ ਚਲਾਈਆਂ। ਪਰ ਐਨਾ ਕੁਝ ਹੋਣ ਦੇ ਬਾਵਜੂਦ ਵੀ ਜੱਟਾਂ ਨੇ ਆਪਣੀਆਂ ਪੁਰਾਣੀਆਂ ਆਦਤਾਂ ਨਹੀਂ ਛੱਡੀਆਂ। ਇਹ ਯਹੂਦੀਆਂ ਵਾਂਗ ਸੰਸਾਰ ਦੀ ਨੰਬਰ ਇੱਕ ਕੌਮ ਬਣ ਸਕਦੇ ਸਨ, ਪਰ ਸ਼ੋਸ਼ੇਬਾਜ਼ੀ, ਸੌਂਕਣਸਾੜਾ, ਸਿਆਸੀ ਖਿੱਚ ਧੂਹ, ਲੜਾਈ ਝਗੜੇ, ਕਤਲਾਂ, ਨਸ਼ਿਆਂਅਤੇ ਸ਼ਰਾਬ ਨੇ ਇਨ੍ਹਾਂ ਨੂੰ ਗੁਰਬਤ ਵਿੱਚੋਂ ਨਿਕਲਣ ਨਹੀਂ ਦਿੱਤਾ। ਖੂਹ ਦੀ ਮਿੱਟੀ ਖੂਹ ਵਿੱਚ ਹੀ ਲੱਗ ਜਾਂਦੀ ਹੈ। ਅੱਜ ਪੰਜਾਬ ਦੀਆਂ ਅਦਾਲਤਾਂ ਵਿੱਚ 80-85% ਫੌਜ਼ਦਾਰੀ ਮੁਕੱਦਮੇ ‘ਕੱਲੇ ਜੱਟਾਂ ਦੇ ਹੀ ਚੱਲ ਰਹੇ ਹਨ।ਕਚਿਹਰੀ ਵਿੱਚ ਨਿਗਾਹ ਮਾਰ ਲਉ, ਹਰ ਪਾਸੇ ਚਿੱਟੇ ਕੱਪੜੇ ਪਾਈ ਜੱਟ ਇਵੇਂ ਟਹਿਲਦੇ ਦਿਖਾਈ ਦੇਣਗੇ ਜਿਵੇਂ ਬਹੁਤ ਵੱਡਾ ਮਾਅਰਕਾ ਮਾਰਿਆ ਹੋਵੇ। ਹੁਣ ਤਾਂ ਕੈਨੇਡਾ ਵਿੱਚ ਵੀ ਪੰਜਾਬੀ ਸਟੂਡੈਂਟਾਂ ਦੀਆਂਛਿੱਤਰੋ ਛਿਤਰੀ ਹੋਣ ਦੀਆਂ ਵੀਡੀਉ ਵਾਇਰਲ ਹੋ ਰਹੀਆਂ ਹਨ।

ਰਹੀ ਸਹੀ ਕਸਰ ਹੁਣ ਨਵੀਂ ਪੀੜੀ ਨੇ ਕੱਢ ਦਿੱਤੀ ਹੈ। ਲੱਗਦਾ ਹੈ 50 ਸਾਲਾਂ ਤੱਕ ਪੰਜਾਬ ਵਿੱਚ ਕੋਈ ਜੱਟ ਰਹਿਣਾ ਹੀ ਨਹੀਂ। ਲੋਕ ਧੜਾ ਧੜ ਜ਼ਮੀਨਾਂ ਵੇਚ ਕੇ ਬੱਚੇ ਬਾਹਰ ਭੇਜ ਰਹੇ ਹਨ।ਜੱਟਾਂ ਵਿੱਚ ਇੱਕ ਹੋਰ ਮਾੜੀ ਆਦਤ ਭੂਤਕਾਲ ਵਿੱਚ ਜਿਊਣ ਦੀ ਹੈ। ਜੋ ਕੁਝ ਕੋਲ ਹੈ, ਉਸ ਨੂੰ ਭੁੱਲ ਕੇ ਪਿੱਛੇ ਪਕਿਸਤਾਨ ਦੀਆਂ ਬਾਰਾਂ ਵਿੱਚ ਰਹਿ ਗਏ ਮੁਰੱਬਿਆਂ ਦੀਆਂ ਗੱਲਾਂ ਕਰ ਕੇ ਹੌਕੇ ਭਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਜੱਟਾਂ ਦੀ ਹਰ ਗੋਤ ਆਪਣੇ ਆਪ ਨੂੰ ਕਿਸੇ ਨਾ ਕਿਸੇ ਰਾਜੇ ਦੇ ਖਾਨਦਾਨ ਨਾਲ ਜੋੜਦੀ ਹੈ। ਕੋਈ ਆਪਣੇ ਆਪ ਨੂੰ ਜੈਸਲਮੇਰ ਤੇ ਕੋਈ ਬੀਕਾਨੇਰ ਦੇ ਰਾਜੇ ਦਾ ਵੰਸ਼ਜ ਦੱਸ ਰਿਹਾ ਹੈ। ਇਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਕਿ ਰਾਜਪੂਤ, ਜਾਟਾਂ ਨੂੰ ਹਮੇਸ਼ਾਂ ਤੋਂ ਨੀਵੀਂ ਜ਼ਾਤ ਸਮਝ ਕੇ ਤ੍ਰਿਸਕਾਰ ਨਾਲ ਵੇਖਦੇ ਰਹੇ ਹਨ। ਰਾਜਸਥਾਨ ਵਿੱਚ ਤਾਂ ਅੱਜ ਵੀ ਕੋਈ ਰਾਜਪੂਤ ਜਾਟਣੀ ਨਾਲ ਵਿਆਹ ਨਹੀਂ ਕਰਵਾਉਂਦਾ, ਜੇ ਕਰਵਾ ਵੀ ਲਿਆ ਹੋਵੇ ਤਾਂ ਬੱਚੇ ਨੇ ਆਪਣੇ ਪਿਉ ਦੀ ਜ਼ਾਤ ਧਾਰਨ ਕਰਨੀ ਸੀ ਕਿ ਮਾਂ ਦੀ? ਉਹ ਆਪਣੀ ਹਾਕਮ ਜ਼ਮਾਤ ਰਾਜਪੂਤ ਛੱਡ ਕੇ ਜੱਟ ਕਿਉਂ ਬਣਦਾ? ਜੱਟ ਵੀ ਬਾਕੀ ਜ਼ਾਤਾਂ ਵਾਂਗ ਹਜ਼ਾਰਾਂ ਸਾਲਾਂ ਤੋਂ ਪੰਜਾਬ ਵਿੱਚ ਹੀ ਰਹਿ ਰਹੇ ਹਨ। ਕਿਸੇ ਇੱਕ ਬੰਦੇ ਦੀ ਔਲਾਦ ਤੋਂ ਐਨੀ ਜਨਸੰਖਿਆ ਪੈਦਾ ਨਹੀਂ ਹੋ ਸਕਦੀ ਤੇ ਨਾ ਹੀ ਰਾਜਪੂਤ ਤੋਂ ਜੱਟ ਬਣੇ ਕਿਸੇ ਵਿਅਕਤੀ ਨੂੰ ਜੈਸਲਮੇਰ ਤੋਂ 600 ਕਿ.ਮੀ. ਦੂਰ ਆ ਕੇ ਪੰਜਾਬ ਵਿੱਚ ਵੱਸਣ ਦੀ ਜਰੂਰਤ ਸੀ।

ਇਸ ਲਈ ਬੁਰੀਆਂ ਆਦਤਾਂ ਛੱਡ ਕੇ ਜੋ ਕੁਝ ਸਾਡੇ ਕੋਲ ਹੈ, ਉਸ ਨਾਲ ਗੁਜ਼ਾਰਾ ਕਰਨਾ ਸਿੱਖਣਾ ਚਾਹੀਦਾ ਹੈ। ਜੇ ਕਿਸੇ ਜ਼ਾਤ ਜਾਂ ਗੋਤਰ ਦਾ ਕੋਈ ਲੀਡਰ, ਮੰਤਰੀ ਜਾਂ ਅਫਸਰ ਬਣ ਜਾਂਦਾ ਹੈ ਤਾਂ ਬਹੁਤੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ, ਸਭ ਆਪਣਾ ਹੀ ਢਿੱਡ ਭਰਦੇ ਹਨ।ਆਮ ਆਦਮੀ ਨੂੰ ਆਪਣੀ ਮਿਹਨਤ ਨਾਲ ਹੀ ਰੋਟੀ ਕਮਾਉਣੀ ਪੈਂਦੀ ਹੈ। ਜੇ ਜੱਟ ਅੱਜ ਵੀ ਦਿਲ ਲਗਾ ਕੇ ਵਿਗਿਆਨਕ ਤਰੀਕੇ ਨਾਲ ਖੇਤੀਬਾੜੀ ਕਰਨ ਤਾਂ ਗੁਜ਼ਾਰਾ ਵਧੀਆ ਚੱਲ ਸਕਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062