ਕਈ ਬੰਦਿਆਂ ਨੂੰ ਪੰਗੇ ਲੈਣ ਦਾ ਬਹੁਤ ਸ਼ੌਕ ਹੁੰਦਾ ਹੈ ਜਿਸ ਕਾਰਨ ਉਹ ਆਪਣੀ ਵੀ ਇੱਜ਼ਤ ਲੁਹਾਉਂਦੇ ਹਨ ਤੇ ਨਾਲ ਦੇ ਦੀ ਵੀ। ਮੇਰੇ ਨਾਲ ਇੱਕ ਅਜਿਹੀ ਹੀ ਘਟਨਾ ਸੰਨ 2000 ਦੌਰਾਨ ਵਾਪਰੀ ਸੀ ਜਦੋਂ ਮੈਂ ਸਬ ਡਵੀਜ਼ਨ ਪਾਇਲ (ਪੁਲਿਸ ਜਿਲ੍ਹਾ ਖੰਨਾ) ਵਿਖੇ ਬਤੌਰ ਡੀ.ਐਸ.ਪੀ. ਤਾਇਨਾਤ ਸੀ। ਫਰਵਰੀ ਦੇ ਮਹੀਨੇ ਪੁਲਿਸ ਟਰੇਨਿੰਗ ਅਕੈਡਮੀ ਫਿਲੌਰ ਵਿਖੇ ਦੋ ਦਿਨ ਦਾ ਇੱਕ ਕੋਰਸ ਚੱਲਣਾ ਸੀ ਜਿਸ ਲਈ ਮੇਰਾ ਨਾਮ ਨੌਮੀਨੇਟ ਕੀਤਾ ਗਿਆ ਸੀ। ਹੁਣ ਦਾ ਤਾਂ ਪਤਾ ਨਹੀਂ, ਪਰ ਸਾਡੇ ਸਮੇਂ ਅਕੈਡਮੀ ਦੇ ਸ਼ਾਰਟ ਕੋਰਸ ਬਹੁਤ ਮਜ਼ੇਦਾਰ ਹੁੰਦੇ ਸਨ। ਵਧੀਆ ਖਾਣਾ ਪਾਣੀ ਤੇ ਨਾਲੇ ਦੂਰ ਦੁਰਾਡੇ ਲੱਗੇ ਹੋਏ ਬੈਚਮੇਟਾਂ ਨੂੰ ਮਿਲਣ ਦਾ ਮੌਕਾ ਵੀ ਮਿਲ ਜਾਂਦਾ ਸੀ।ਪਹਿਲੇ ਹੀ ਦਿਨ ਮੈਨੂੰ ਕੋਰਸ ਕਰਨ ਆਇਆ ਪੰਗਾ ਸਿੰਘ (ਕਾਲਪਨਿਕ ਨਾਮ) ਨਾਮ ਦਾ ਇੱਕ ਅਫਸਰ ਮਿਲ ਗਿਆ ਜੋ ਸ਼ਾਇਦ ਪਠਾਨਕੋਟ ਵਾਲੇ ਪਾਸੇ ਲੱਗਾ ਹੋਇਆ ਸੀ। ਉਹ ਪੰਜਾਬ ਦੇ ਸਭ ਤੋਂ ਵੱਡੇ ਪੰਗੇਬਾਜ਼ ਦੇ ਤੌਰ ‘ਤੇ ਪ੍ਰਸਿੱਧ ਸੀ ਤੇ ਹੋਮ ਗਾਰਡ ਤੱਕ ਦੇ ਜਵਾਨਾਂ ਨਾਲ ਗੁੱਥਮ ਗੁੱਥਾ ਹੋ ਚੁੱਕਾ ਸੀ।
ਉਸ ਸਮੇਂ ਮੇਰੀ ਰਿਹਾਇਸ਼ ਮੋਹਾਲੀ ਸੀ ਤੇ ਮੈਂ ਪ੍ਰਾਈਵੇਟ ਗੱਡੀ ਲੈ ਕੇ ਗਿਆ ਸੀ ਤਾਂ ਜੋ ਸ਼ਾਮ ਨੂੰ ਘਰ ਜਾ ਸਕਾਂ। ਜਦੋਂ ਪਹਿਲੇ ਦਿਨ ਦਾ ਸ਼ੈਸ਼ਨ ਖਤਮ ਹੋਇਆ ਤਾਂ ਪੰਗਾ ਸਿੰਘ ਮੈਨੂੰ ਕਹਿਣ ਲੱਗਾ ਕਿ ਮੈਂ ਪਠਾਨਕੋਟ ਤੋਂ ਸਰਕਾਰੀ ਜਿਪਸੀ ਲੈ ਕੇ ਆਇਆ ਹਾਂ ਤੇ ਮੈਨੂੰ ਸਿਰਫ ਆਉਣ ਜਾਣ ਦਾ ਤੇਲ ਮਿਲਿਆ ਹੈ। ਮੇਰੀ ਰਿਹਾਇਸ਼ ਵੀ ਮੋਹਾਲੀ ਹੈ, ਜੇ ਤੂੰ ਘਰ ਜਾਣਾ ਹੈ ਤਾਂ ਮੈਨੂੰ ਵੀ ਨਾਲ ਲੈ ਚੱਲੀਂ। ਮੈਂ ਉਸ ਦੀਆਂ ਕਰਤੂਤਾਂ ਤੋਂ ਭਲੀ ਭਾਂਤ ਜਾਣੂ ਸੀ, ਪਰ ਫਿਰ ਵੀ ਨਾਂਹ ਨਾ ਕਰ ਸਕਿਆ। ਮੈਂ ਡਰਾਈਵਰ ਤੇ ਗੰਨਮੈਨ ਇਹ ਕਹਿ ਕੇ ਪਾਇਲ ਭੇਜ ਦਿੱਤੇ ਕਿ ਸਵੇਰੇ ਆ ਜਾਇਉ ਤੇ ਖੁਦ ਗੱਡੀ ਚਲਾਉਣ ਲੱਗ ਪਿਆ। ਚਲੋ ਵਹਿਗੁਰੂ ਵਾਹਿਗੁਰੂ ਕਰਦੇ ਮੋਹਾਲੀ ਤੱਕ ਦਾ ਸਫਰ ਸੁੱਖੀਂ ਸਾਂਦੀ ਪੂਰਾ ਹੋ ਗਿਆ ਤੇਅਗਲੇ ਦਿਨ ਉਸ ਨੂੰ ਲੈ ਕੇ ਮੈਂ ਫਿਲੌਰ ਵੱਲ ਚੱਲ ਪਿਆ। ਜਦੋਂ ਅਸੀਂ ਨੀਲੋਂ ਪੁਲ ਪਾਰ ਕੀਤਾ ਤਾਂ ਅੱਗੇ ਪੁਲਿਸ ਅਤੇ ਐਕਸਾਈਜ਼ ਮਹਿਕਮੇ ਦਾ ਕਾਫੀ ਵੱਡਾ ਨਾਕਾ ਲੱਗਾ ਹੋਇਆ ਸੀ ਜੋ ਚੰਡੀਗੜ੍ਹ ਤੋਂ ਸਮਗਲ ਹੋ ਕੇ ਆਉਣ ਵਾਲੀ ਸ਼ਰਾਬ ਚੈੱਕ ਕਰ ਰਹੇ ਸਨ। ਚੰਡੀਗੜ੍ਹ ਵਿੱਚ ਸ਼ਰਾਬ ਪੰਜਾਬ ਨਾਲੋਂ ਕਾਫੀ ਸਸਤੀ ਮਿਲਦੀ ਹੈ ਜਿਸ ਕਾਰਨ ਕਈ ਲੋਕ ਉਥੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਹਨ। ਇਹ ਵੇਖ ਕੇ ਕਲ੍ਹ ਤੋਂ ਚੁੱਪ ਚਾਪ ਬੈਠੇ ਪੰਗਾ ਸਿੰਘ ਦੇ ਅੰਦਰ ਪੰਗਾ ਲੈਣ ਦਾ ਕੀੜਾ ਕੁਲਬੁਲਾ ਉੱਠਿਆ।
ਉਨ੍ਹਾਂ ਨੇ ਸਾਨੂੰ ਵੀ ਹੱਥ ਦੇ ਦਿੱਤਾ ਕਿਉਂਕਿ ਨਾ ਤਾਂ ਅਸੀਂ ਵਰਦੀਆਂ ਪਹਿਨੀਆਂ ਹੋਈਆਂ ਸਨ ਤੇ ਨਾ ਹੀ ਸਾਡੇ ਨਾਲ ਕੋਈ ਗੰਨਮੈਨ ਸੀ। ਇੱਕ ਹੌਲਦਾਰ ਸਾਡੇ ਕੋਲ ਆਇਆ ਤੇ ਬਹੁਤ ਹੀ ਹਲੀਮੀ ਨਾਲ ਡਿੱਗੀ ਖੋਲ੍ਹਣ ਲਈ ਕਿਹਾ। ਜਦੋਂ ਮੈਂ ਸੀਟ ਦੇ ਥੱਲੇ ਲੱਗੀ ਕਿੱਲੀ ਨੂੰ ਖਿੱਚ ਕੇ ਡਿੱਗੀ ਖੋਲ੍ਹਣ ਲੱਗਾ ਤਾਂ ਉਸ ਪੰਗਾ ਸਿੰਘ ਨੇ ਮੈਨੂੰ ਰੋਕ ਦਿੱਤਾ ਕਿ ਡਿੱਗੀ ਨਹੀਂ ਖੋਲ੍ਹਣੀ, ਮੈਂ ਇਨ੍ਹਾਂ ਨਾਲ ਗੱਲ ਕਰਦਾ ਹਾਂ। ਉਸ ਦੀਆਂ ਕਰਤੂਤਾਂ ਤੋਂ ਵਾਕਿਫ ਹੋਣ ਕਾਰਨ ਮੈਂ ਸਮਝ ਗਿਆ ਕਿ ਇਹ ਹੁਣ ਕੋਈ ਸਿਆਪਾ ਖੜਾ ਕਰੇਗਾ। ਮੈਂ ਖਿਝ੍ਹ ਕੇ ਕਿਹਾ ਕਿ ਤੂੰ ਕੀ ਗੱਲ ਕਰਨੀ ਹੈ, ਆਪਾਂ ਕਿਹੜਾ ਸ਼ਰਾਬ ਲੈ ਕੇ ਆਏ ਹਾਂ? 9 ਵਜੇ ਕੋਰਸ ਸ਼ੁਰੂ ਹੋਣਾ ਹੈ ਤੇ 8 ਵੱਜ ਗਏ ਹਨ। ਪਰ ਉਹ ਨਾ ਟਲਿਆ ਤੇ ਹੌਲਦਾਰ ਨੂੰ ਕਹਿਣ ਲੱਗਾ ਕਿ ਜੋ ਤੂੰ ਲੱਭ ਰਿਹਾ ਹੈਂ (ਸ਼ਰਾਬ) ਉਹ ਸਾਡੇ ਕੋਲ ਨਹੀਂ ਹੈ। ਹੌਲਦਾਰ ਨੇ ਫਿਰ ਅਦਬ ਨਾਲ ਕਿਹਾ ਕਿ ਜੇ ਨਹੀਂ ਹੈ ਤਾਂ ਡਿੱਗੀ ਖੋਲ੍ਹ ਕੇ ਵਿਖਾ ਦਿਉ ਤੇ ਜਾਉ। ਪੰਗਾ ਫਿਰ ਬੋਲਿਆ ਕਿ ਅਸੀਂ ਡਿੱਗੀ ਵੀ ਨਹੀਂ ਖੋਲ੍ਹਣੀ। ਹੌਲਦਾਰ ਥੋੜ੍ਹਾ ਜਿਹਾ ਖਿਝ੍ਹ ਗਿਆ ਤੇ ਬੋਲਿਆ ਕਿ ਜੇ ਡਿੱਗੀ ਖੋਲ੍ਹਣੀ ਤਾਂ ਫਿਰ ਦੱਸ ਦਿਉ ਤੁਸੀਂ ਕੌਣ ਹੋ?
ਪੰਗੇ ਨੇ ਮੁੱਛਾਂ ਨੂੰ ਤਾਅ ਦੇ ਕੇ ਕਿਹਾ ਕਿ ਅਸੀਂ ਦੱਸਣਾ ਵੀ ਨਹੀਂ ਅਸੀਂ ਕੌਣ ਹਾਂ? ਹੌਲੀ ਹੌਲੀ ਗੱਲ ਐਨੀ ਵਧ ਗਈ ਕਿ ਹੌਲਦਾਰ ਤੇ ਪੰਗਾ ਹੱਥੋਪਾਈ ਹੋਣ ਤੱਕ ਪਹੁੰਚ ਗਏ। ਪੰਗੇ ਦੀ ਵਾਹਯਾਤੀ ਤੋਂ ਖਿਝ੍ਹਿਆ ਹੋਇਆ ਮੈਂ ਸੋਚ ਰਿਹਾ ਸੀ ਕਿ ਅੱਜ ਇਸ ਦੇ ਚਪੇੜਾਂ ਵੱਜ ਹੀ ਲੈਣ ਦਿੱਤੀਆਂ ਜਾਣ।ਰੌਲਾ ਗੌਲਾ ਪੈਂਦਾ ਵੇਖ ਕੇਨਜ਼ਦੀਕ ਹੀ ਖੜ੍ਹਾ ਇੱਕ ਸਿਆਣਾ ਜਿਹਾ ਇੰਸਪੈਕਟਰ ਸਾਡੀ ਗੱਡੀ ਕੋਲ ਪਹੁੰਚ ਗਿਆ ਤੇ ਮਾਮਲੇ ਦੀ ਦਰਿਆਫਤ ਕੀਤੀ। ਹੁਣ ਤੱਕਪੰਗਾ ਸਿੰਘ ਵੀ ਗੱਲ ਵਧਦੀ ਵੇਖ ਕੇ ਡਰ ਚੁੱਕਾ ਸੀ ਤੇ ਇੰਸਪੈਕਟਰ ਨੂੰ ਦੱਸਣ ਲੱਗਾ ਕਿ ਮੈਂ ਫਲਾਣਾ ਹਾਂ ਤੇ ਇਹ ਮੇਰੇ ਨਾਲ ਬੈਠਾ ਫਲਾਣਾ ਹੈ। ਮੈਂ ਉੇਸ ਦੀਆਂ ਮੂਰਖਾਨਾ ਗੱਲਾਂ ਕਾਰਨ ਪਹਿਲਾਂ ਹੀ ਸੜਿਆ ਬਲਿਆ ਬੈਠਾ ਸੀ। ਮੈਂ ਉਸ ਦੀ ਗੱਲ ਵਿੱਚੋਂ ਹੀ ਕੱਟ ਦਿੱਤੀ ਤੇ ਇੰਸਪੈਕਟਰ ਨੂੰ ਕਹਿ ਦਿੱਤਾ ਕਿ ਮੈਂ ਕੁਝ ਵੀ ਨਹੀਂ ਹਾਂ ਬਲਕਿ ਇਨ੍ਹਾਂ ਜ਼ਨਾਬ ਹੁਣਾ ਦਾ ਡਰਾਈਵਰ ਹਾਂ। ਪੰਗੇ ਨੇ ਇੰਸਪੈਕਟਰ ਨੂੰ ਕਿਹਾ ਕਿ ਹੌਲਦਾਰ ਬਦਤਮੀਜ਼ ਹੈ ਤੇ ਇਸ ਨੂੰ ਕਿਸੇ ਅਫਸਰ ਨਾਲ ਗੱਲ ਕਰਨ ਦੀ ਅਕਲ ਨਹੀਂ ਹੈ। ਇੰਸਪੈਕਟਰ ਅੱਗੋਂ ਹੱਸ ਕੇ ਬੋਲਿਆ ਕਿ ਜ਼ਨਾਬ ਅਕਲ ਤਾਂ ਤੁਹਾਨੂੰ ਨਹੀਂ ਹੈ, ਜਿਸ ਕੋਲੋਂ ਤੁਸੀਂ ਸਲੂਟ ਲੈਣਾ ਸੀ ਉਸ ਤੋਂ ਜੁੱਤੀਆਂ ਖਾਣ ਲੱਗੇ ਸੋ।
ਚਲੋ ਖੈਰ ਉਨ੍ਹਾਂ ਨੇ ਸਾਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ ਤੇ ਮੈਂ ਖਿਝ੍ਹੇ ਖਪੇ ਨੇ ਇੱਕ ਦਮ ਗੱਡੀ ਸੌ ਦੀ ਸਪੀਡ ‘ਤੇ ਖਿੱਚ ਦਿੱਤੀ। ਅੱਗੇ ਵੇਖੋ ਉਸ ਅਫਸਰ ਦੀ ਬੇਸ਼ਰਮੀ ਦੀ ਇੰਤਹਾ। ਮੈਨੂੰ ਕਹਿੰਦਾ ਵੇਖਿਆ ਈ? ਮੈਂ ਗੱਡੀ ਸਾਈਡ ‘ਤੇ ਲਗਾ ਦਿੱਤੀ ਤੇ ਪੁੱਛਿਆ ਕਿ ਬਾਕੀ ਤਾਂ ਮੈਂ ਸਭ ਕੁਝ ਵੇਖ ਲਿਆ ਹੈ, ਫਿਰ ਵੀ ਜੇ ਕੁਝ ਬਚ ਗਿਆ ਹੈ ਤਾਂ ਤੂੰ ਉਹ ਵੀ ਦੱਸ ਦੇ। ਪੰਗੇ ਨੇ ਬਿਨਾਂ ਕਿਸੇ ਸ਼ਰਮ ਹਯਾ ਦੇ ਪੂਰੇ ਮਾਣ ਨਾਲ ਕਿਹਾ ਕਿਉਂ, ਕਰਾਈ ਕਿ ਨਹੀਂ ਮੈਂ ਹੌਲਦਾਰ ਦੀ ਤਸੱਲੀ? ਮੈਂ ਕੁਝ ਦੇਰ ਤੱਕ ਉਸ ਵੱਲ ਹੈਰਾਨੀ ਨਾਲ ਵੇਖਦਾ ਰਿਹਾ ਕਿ ਕੋਈ ਇਨਸਾਨ ਐਨਾ ਵੀ ਵਾਹਯਾਤ ਹੋ ਸਕਦਾ ਹੈ? ਫਿਰ ਦਿਲ ‘ਤੇ ਪੱਥਰ ਰੱਖ ਕੇ ਕਿਹਾ,“ਜੇ ਇਸ ਨੂੰ ਤਸੱਲੀ ਕਰਾਉਣਾ ਕਹਿੰਦੇ ਹਨ ਤਾਂ ਫਿਰ ਜੁੱਤੀਆਂ ਖਾਣੀਆਂ ਕਿਸ ਨੂੰ ਕਹਿੰਦੇ ਹਨ? ਮੈਂ ਸਹੁੰ ਖਾਂਦਾ ਹਾਂ ਕਿ ਤੂੰ ਬੱਸ ਕਾਰ ਦੀ ਤਾਂ ਗੱਲ ਹੀ ਛੱਡ, ਜੇ ਕਿਸੇ ਟਰੇਨ ਵਿੱਚ ਵੀ ਬੈਠਾ ਹੋਵੇਂਗਾ ਤਾਂ ਮੈਂ ਬਾਹਰ ਛਾਲ ਮਾਰ ਦੇਵਾਂਗਾ।”
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062