ਕਿਥੇ ਲਾਏ ਨੇ ਸੱਜਣਾ ਡੇਰੇ (ਸੂਫੀ ਗਾਈਕ ਹਾਕਮ ਸੂਫੀ)

ਚਾਲੀ ਮੁਕਤਿਆਂ ਦੀ ਧਰਤੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਵਸਦੇ ਇਕ ਛੋਟੇ ਜਿਹੇ ਕਸਬੇ ਗਿੱਦੜਬਾਹਾ ਦੀ ਮਿੱਟੀ ਵਿਚ ਕਲਾ ਅਤੇ ਸੰਗੀਤ ਘੁਲਿਆ ਹੋਣ ਕਰਕੇ ਇਥੇ ਅਨੇਕਾਂ ਨਾਮਵਰ ਕਲਾਕਾਰਾਂ ਨੇ ਜਨਮ ਲਿਆ। ਇਹਨਾਂ ਵਿਚੋਂ ਹੀ ਇੱਕ ਪੰਜਾਬੀ ਗਾਇਕੀ ਦਾ ਨਾਮਵਰ ਹਸਤਾਖ਼ਰ ਸੀ ਹਾਕਮ ਸੂਫ਼ੀ।

ਹਾਕਮ ਸੂਫ਼ੀ ਕਿਸੇ ਜਾਣ -ਪਛਾਣ ਦਾ ਮੁਹਤਾਜ ਨਹੀਂ ਕਿਉਂਕਿ ਉਹ ਆਪਣੀ ਵੱਖਰੀ ਜੀਵਨ -ਸ਼ੈੱਲੀ ਅਤੇ ਗਾਇਣ -ਸ਼ੈੱਲੀ ਕਰਕੇ ਆਪਣੀ ਵਿਲੱਖਣ ਪਹਿਚਾਣ ਰੱਖਦਾ ਸੀ।ਹਾਕਮ ਸੂਫ਼ੀ ਇੱਕ ਸੱਚੇ ਸੂਫ਼ੀ ਵਾਂਗ ਇਸ਼ਕ ਮਿਜਾਜ਼ੀ ਦੇ ਰਾਹ ਜਾਂਦਾ -ਜਾਂਦਾ ਇਸ਼ਕ ਹਕੀਕੀ ਦੇ ਰਾਹ ਪੈ ਗਿਆ।ਹਾਕਮ ਨੇ ਜੋ ਜੀਵਿਆ ਓਹੀ ਗਾਇਆ।

ਅੱਜ ਤੋਂ ਲਗਭੱਗ 70 ਕੁ ਸਾਲ ਪਹਿਲਾਂ ਗਿੱਦੜਬਾਹਾ ਦੇ ਨਾਲ ਲੱਗਦੇ ਪਿੰਡ ਦੌਲਾ ਵਿਖੇ ਪਿਤਾ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਦੀ ਕੁੱਖੋ ਇਕ ਸਧਾਰਨ ਜਿਹੇ ਪਰਵਾਰ ਵਿੱਚ 03 ਮਾਰਚ 1952 ਨੂੰ ਜਨਮ ਲਿਆ।ਹਾਕਮ ਨੇ ਆਪਣੀ ਮੁੱਢਲੀ ਸਿੱਖਿਆ ਗਿੱਦੜਬਾਹਾ ਤੋਂ ਪ੍ਰਾਪਤ ਕੀਤੀ।

ਇਸ ਤੋਂ ਅੱਗੇ ਉਹ ਸਿਰਫ਼ ਬੀ. ਏ ਭਾਗ ਪਹਿਲਾ ਹੀ ਕਰ ਸਕਿਆ।ਇਸ ਉਪਰੰਤ ਉਸਨੇ ਨਾਭਾ ਤੋਂ ਆਰਟ ਐਂਡ ਕਰਾਫਟ ਦਾ ਡਿਪਲੋਮਾ ਕੀਤਾ ਅਤੇ ਮਿਤੀ 20-01-1976 ਤੋਂ 2010 ਤੱਕ ਸਰਕਾਰੀ ਹਾਈ ਸਕੂਲ ਜੰਗੀਰਾਣਾ (ਬਠਿੰਡਾ) ਵਿੱਖੇ ਬਤੌਰ ਡਰਾਇੰਗ ਮਾਸਟਰ ਸੇਵਾ ਨਿਭਾਈ।
ਬਚਪਨ ਤੋਂ ਬਾਅਦ ਜਦੋਂ ਜਵਾਨੀ ਨੇ ਉਸਦੀਆਂ ਬਰੂਹਾਂ ‘ਤੇ ਦਸਤਕ ਦਿੱਤੀ ਤਾਂ ਹਾਕਮ ਵੀ ਇਸ ਦੇ ਰੰਗ ਤੋਂ ਅਭਿੱਜ ਨਾ ਰਹਿ ਸਕਿਆ ਅਤੇ ਉਹ ਇਸ਼ਕ ਕਰ ਬੈਠਾ।ਸਮਾਜ ਨੇ ਉਸਦੇ ਇਸ ਰਿਸ਼ਤੇ ਨੂੰ ਤਸਦੀਕ ਨਹੀਂ ਕੀਤਾ ਜਿਸ ਕਰਕੇ ਉਸਦਾ ਦੁਨਿਆਵੀ ਇਸ਼ਕ ਪੂਰ ਨਾ ਚੜ੍ਹਿਆ ਤਾਂ
ਉਹ ਮਾਨਸਿਕ ਤੌਰ ‘ਤੇ ਟੁੱਟ ਗਿਆ।ਫ਼ਿਰ ਉਸਨੇ ਮਾਨਸਿਕ ਸ਼ਾਂਤੀ ਲਈ ਮਹਾਨ ਫ਼ਿਲਾਸਫ਼ਰ ਅਚਾਰੀਆ ਰਜਨੀਸ਼ (ਓਸ਼ੋ) ਤੋਂ 17-07-1978 ਵਿੱਚ ਸ਼ਾਗਿਰਦੀ ਲਈ।ਤਿੰਨ ਸਾਲ ਉਹਨਾਂ ਕੋਲ਼ ਪੂਨੇ ਰਿਹਾ ਤੇ ਉਹਨਾਂ ਦੀ ਫ਼ਿਲਾਸਫ਼ੀ ਨੂੰ ਸਮਝਿਆ ਉਸਦੇ ਨਕਸ਼ੇ ਕਦਮ ‘ਤੇ ਚਲਦਿਆਂ ਗ੍ਰਹਿਸਥੀ ਤਿਆਗ ਫ਼ਕੀਰੀ ਦਾ ਰਾਹ ਫੜ੍ਹਿਆ ।ਇਸ ਲਈ ਫ਼ਕੀਰੀ ਉਸਦੀ ਸਮੁੱਚੀ ਜੀਵਨ -ਸ਼ੈਲੀ ਵਿਚੋਂ ਪ੍ਰਤੱਖ ਝਲਕਦੀ ਸੀ।ਪਰ ਘਰ ਗ੍ਰਹਿਸਥੀ ਤੋਂ ਦੂਰ ਹੁੰਦੇ ਹੋਏ ਵੀ ਪਿਤਾ ਜੀ ਦੇ ਦੇਹਾਂਤ ਮਗਰੋਂ ਘਰ ਦੀ ਕਬੀਲਦਾਰੀ ਦੀ ਜਿੰਮੇਵਾਰੀ ਵੀ ਨਿਭਾਈ।

ਹਾਕਮ ਨੂੰ ਗਾਇਕੀ ਦੀ ਪ੍ਰੇਰਨਾ ਸਕੂਲ ਪੜ੍ਹਦਿਆਂ ਉਸਦੇ ਅਧਿਆਪਕ ਦਰਸ਼ਨ ਪਰਵਾਨਾ ਅਤੇ ਬੂਟਾ ਸਿੰਘ ਤੋਂ ਮਿਲ਼ੀ।ਬਚਪਨ ਤੋਂ ਫ਼ਕੀਰੀ ਸੁਭਾ ਕਾਰਨ ਉਸ ਨੂੰ ਪੀਰਾਂ-ਫਕੀਰਾਂ ਦੀਆਂ ਦਰਗਾਹਾਂ ‘ਤੇ ਕਵਾਲੀਆਂ ਸੁਣਨ ਦਾ ਬਹੁਤ ਸ਼ੌਂਕ ਸੀ ਬਸ ਇਹੀ ਸ਼ੌਂਕ ਉਸਨੂੰ ਉਹਨਾਂ ਦੇ ਉਸਤਾਦ ਜਨਾਬ ਫ਼ਕੀਰ ਮੁਹੰਮਦ ਫ਼ਕੀਰ ਤੱਕ ਲੈ ਗਿਆ ਜੋ ਕਿ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ‘ਤੇ ਕਵਾਲੀ ਕਰਿਆ ਕਰਦੇ ਸਨ।ਇੱਥੋਂ ਹੀ ਉਸ ਨੇ ਜਨਾਬ ਫ਼ਕੀਰ ਮੁਹੰਮਦ ਫ਼ਕੀਰ ਪਾਸੋਂ ਗਾਇਕੀ ਦੇ ਖੇਤਰ ਵਿੱਚ ਸ਼ਾਗਿਰਦੀ ਧਾਰਨ ਕੀਤੀ।ਹਾਕਮ ਦੇ ਮਾਂ -ਬਾਪ ਨੇ ਉਸ ਨਾਮ ਹਾਕਮ ਸਿੰਘ ਰੱਖਿਆ ਸੀ ਪਰ ਹਾਕਮ,ਸੂਫ਼ੀ ਰੰਗ ਵਿੱਚ ਰੰਗਿਆ ਹੋਣ ਕਰਕੇ ਤੇ ਉਸਦੇ ਫ਼ਕੀਰੀ ਸੁਭਾ ਕਾਰਨ ਇੱਕ ਦਿਨ ਉਸਦੇ ਉਸਤਾਦ ਫ਼ਕੀਰ ਮੁਹੰਮਦ ਫ਼ਕੀਰ ਨੇ ਵਜਦ ਵਿੱਚ ਆ ਕੇ ਉਸਦਾ ਨਾਮ ਹਾਕਮ ਸਿੰਘ ਤੋਂ ਹਾਕਮ ਸੂਫ਼ੀ ਰੱਖ ਦਿੱਤਾ। ਮੁਰਸ਼ਦ ਤੋਂ ਮਿਲੇ ਤਖੱਲਸ ਅਨੁਸਾਰ ਸੂਫ਼ੀ ਨੇ ਸਾਰੀ ਜ਼ਿੰਦਗੀ ਫਕੀਰਾਂ ਵਾਂਗ ਸਾਦਾ ਜੀਵਨ ਬਤੀਤ ਕੀਤਾ।ਗਾਇਕੀ ਸੂਫ਼ੀ ਦਾ ਸ਼ੌਕ ਸੀ ਅਤੇ ਚਿੱਤਰਕਾਰੀ ਉਸਦਾ ਕਿੱਤਾ ਬਣੀ।ਜਿਸਦੇ ਸਦਕਾ ਉਹ ਆਪਣੀ ਸੇਵਾ ਕਾਲ ਬੱਚਿਆਂ ਨੂੰ ਕਲਾ ਨਾਲ ਜੋੜਦਾ ਰਿਹਾ।

ਸੂਫ਼ੀ ਨੂੰ ਯੁੱਗ ਗਾਇਕ ਕਿਹਾ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ ਕਿਉਂਕਿ ਉਸਨੇ ਪ੍ਰਚੱਲਿਤ ਦੋ ਅਰਥੀ ਅਸ਼ਲੀਲ ਦੋਗਾਣਿਆਂ ਦੀ ਗਾਇਕੀ ਪ੍ਰੰਪਰਾ ਨੂੰ ਤੋੜਿਆ ਤੇ ਸੋਲੋ ਗਾਉਣ ਦੀ ਨਵੀਂ ਪਿਰਤ ਪਾਈ।ਸਮਾਜ ਵਿੱਚ ਮਨੋਰੰਜਨ ਦੇ ਨਾਮ ‘ਤੇ ਫ਼ੈਲੀ ਅਸ਼ਲੀਲ ਹਵਾ ਨੂੰ ਆਪਣੇ ਮਿਆਰੀ ਗੀਤਾਂ ਨਾਲ ਸ਼ੁੱਧ ਕੀਤਾ।

ਅੱਜ ਵੀ ਅਨੇਕਾਂ ਅਜਿਹੇ ਗਾਇਕ ਹਨ ਜੋ ਖ਼ੁਦ ਨੂੰ ਸੂਫ਼ੀ ਕਹਾਉਂਦੇ ਅਤੇ ਗਾਉਂਦੇ ਵੀ ਹਨ ਪਰ ਫ਼ਿਰ ਵੀ ਉਹ ਦੌਲਤ ਸ਼ੌਹਰਤ ਦੀ ਦੌੜ ਵਿਚੋਂ ਖ਼ੁਦ ਨੂੰ ਬਾਹਰ ਨਹੀਂ ਰੱਖ ਪਾ ਰਹੇ । ਪਰ ਪੰਜਾਬੀ ਮਾਂ ਬੋਲੀ ਦੇ ਇਸ ਮਾਣਮੱਤੇ ਗਾਇਕ ਨੇ ਕਦੇ ਦੌਲਤ ,ਸ਼ੋਹਰਤ ਦੀ ਖਾਤਰ ਗ਼ੈਰ ਮਿਆਰੀ ਗੀਤ ਨਹੀਂ ਗਾਏ ਸਗੋਂ ਸਮਾਜ ਨੂੰ ਸੇਧ ਦੇਣ ਵਾਲੇ ਨਿਰੋਲ਼ ਸਭਿਆਚਾਰਕ ਗੀਤਾਂ ਨੂੰ ਤਰਜੀਹ ਦਿੱਤੀ।ਉਸ ਅੰਦਰਲੇ ਅਧਿਆਪਕ ਨੇ ਉਸਦੇ ਗੀਤਾਂ ਦਾ ਮਿਆਰ ਕਦੇ ਡਿੱਗਣ ਨਹੀਂ ਦਿੱਤਾ।ਉਹ ਹਮੇਸ਼ਾ ਪਦਾਰਥਵਾਦ,ਉਲਾਰਵਾਦ ਅਤੇ ਨਕਲਵਾਦ ਤੋਂ ਨਿਰਲੇਪ ਰਿਹਾ। ਉਸਨੇ ਪੈਸੇ ਲਈ ਨਹੀਂ ਸਗੋਂ ਰੂਹ ਦੀ ਸ਼ਾਂਤੀ ਲਈ ਗਾਇਆ। ਕਿਉਂਕਿ ਉਸਦਾ ਵਿਚਾਰ ਸੀ ਕਿ ਨਿਰਾ ਪੈਸਾ ਕਮਾਉਣਾ ਹੀ ਗਾਇਕੀ ਨਹੀਂ,ਗਾਇਕ ਓਹੀ ਹੁੰਦਾ ਹੈ ਜੋ ਮਨੋਰੰਜਨ ਕਰਨ ਦੇ ਨਾਲ਼ ਨਾਲ਼ ਲੋਕਾਂ ਦੇ ਮਨਾਂ ਦੇ ਦੀਵੇ ਵੀ ਜਗਾਵੇ। ਉਸਦੇ ਗੀਤਾਂ ਵਿਚੋਂ ਪੇਂਡੂ ਸੱਭਿਆਚਾਰ ਦੇ ਹੂ- ਬ- ਹੂ ਦਰਸ਼ਨ ਹੁੰਦੇ ਹਨ।ਪੇਂਡੂ ਧਰਾਤਲ ‘ਤੇ ਜੰਮਿਆ ਪਲਿਆ ਹੋਣ ਕਰਕੇ ਆਮ ਪੇਂਡੂ ਜਨ-ਜੀਵਨ ਵਿਚਲੇ ਬਿੰਬ ਕਾਵਿ-ਬਿੰਬ ਬਣਕੇ ਉਸਦੇ ਗੀਤਾਂ ਨੂੰ ਅਲੰਕ੍ਰਿਤ ਕਰਦੇ ਹਨ।ਇਸ ਤਰ੍ਹਾਂ ਕਾਵਿ -ਅਲੰਕਾਰ ਉਸਦੇ ਗੀਤਾਂ ਨੂੰ ਸੁਤੇ -ਸਿੱਧ ਸ਼ਿੰਗਾਰਦੇ ਹਨ।ਉਸਦੀ ਰਚਨਾ ਵਿੱਚ ਆਏ ਅਲੰਕਾਰਾਂ ਦਾ ਨਮੂਨਾ :–

ਉਪਮਾ ਅਲੰਕਾਰ:-

1.ਅੱਕਾਂ ਦਿਆਂ ਭੰਬੂਆਂ ਵਾਂਗੂੰ ਨੀ ਤੇਰੇ ਵਾਅਦੇ ਉੱਡ -ਪੁੱਡ ਖਿੰਡ ਗਏ
ਅਸੀਂ ਨਾ ਜਿਉਂਦੇ ਨਾ ਮੋਏ ਤੁਸੀਂ ਪਤਾ ਨਈਂ ਕਿਹੜੇ ਪਿੰਡ ਗਏ।

2.ਤੇਰੀਆਂ ਦਾਖਾਂ ਵਰਗੀਆਂ ਗੱਲਾਂ ਸਾਡਾ ਜੀਣਾ ਦੁੱਭਰ ਕੀਤਾ

3.ਸੰਤਾਂ ਦੀ ਪੋਥੀ ਵਾਂਗੂੰ ਸਾਂਭੇ ਤੇਰੇ ਖ਼ਤ ਵੇ
ਧੂਫ਼- ਬੱਤੀ ਕਰਾਂ ਨਾਲ਼ੇ ਮਾੜੀ ਵੱਜਾਂ ਘਰ ਵਿੱਚ
ਵੇਖ ਮੇਰਾ ਆ ਕੇ ਜਤ -ਸਤ ਵੇ ।

ਅਨੁਪ੍ਰਾਸ ਅਲੰਕਾਰ :–

1.ਇਸ਼ਕ ਸੌਗ਼ਾਤ ਏ ਇਸ਼ਕ ਹਾਲਾਤ ਏ
ਇਸ਼ਕ ਸ਼ੀਰੀ ਵੀ ਬਣਦਾ,ਇਸ਼ਕ ਫਰਿਹਾਦ ਏ।
ਇਸ ਤਰ੍ਹਾਂ ਉਸਦੇ ਹੋਰ ਗੀਤਾਂ ਵਿੱਚ ਵੀ ਅਲੰਕਾਰ ਦੇਖਣ ਨੂੰ ਮਿਲ਼ਦੇ ਹਨ।
ਸੱਜਣ ਦੇ ਵਿਛੋੜੇ ਦੀ ਤੜਫ਼ ਵਿਚ ਬਿਰਹੋਂ ਦਾ ਸੇਕ ਝੱਲਦਾ ਹੋਇਆ ਉਹ ਕਦੇ ਕਦੇ ਵਿਰਲਾਪ ਕਰਦਾ ਹੈ….
ਡੂੰਘੀਆਂ ਅੱਖੀਆਂ ਵਾਲਿਆ ਸੱਜਣਾ ਆਇਆ ਨਾ
ਸੱਜਣ ਜੀ, ਮੇਰੇ ਗੀਤਾਂ ਦਾ ਮੁੱਲ ਪਾਇਆ ਨਾ।

ਸੂਫ਼ੀ ਨੇ ਜਿੱਥੇ ਪੰਜਾਬੀ ਸੱਭਿਆਚਾਰ ਲਈ ਲਿਖਿਆ ਤੇ ਗਾਇਆ ਉੱਥੇ ਉਸਨੇ ਆਪਣੀ ਮਾਂ ਬੋਲੀ ਪੰਜਾਬੀ ਦੀ ਅਮੀਰੀ ਅਤੇ ਮਹਾਨਤਾ ਨੂੰ ਦਰਸਾਉਂਦੇ ਗੀਤ ਵੀ ਲਿਖੇ ਜਿਵੇਂ,, …
ਇਹ ਬੋਲੀ ਮੇਰੇ ਦੁੱਧ ਦੀ ਬੋਲੀ
ਪੋਤੜਿਆਂ ਤੋਂ ਸਿੱਖੀ
ਜਿਹਦੀ ਝੋਲ਼ੀ ਦੇ ਵਿੱਚ ਬਹਿ ਕੇ
ਕਾਇਨਾਤ ਸਭ ਡਿੱਠੀ
ਮੋਹ ਦਾ ਸਰਵਰ ਠਾਠਾਂ ਮਾਰੇ
ਮਾਖਿਓਂ ਤੋਂ ਵੀ ਮਿੱਠੀ।
ਤੋਤਲੇ ਬੋਲਾਂ ਵਾਲੀ ਬੋਲੀ
ਜੋ ਬੋਲੀ ਭੁੱਲ ਜਾਂਦੇ
ਉਹਨਾਂ ਕੌਮਾਂ ਦੇ ਨਾਂ ਖ਼ਤਮ ਹੋ ਜਾਂਦੇ।

ਸੂਫ਼ੀ ਨੇ ਆਪਣੇ ਗੀਤਾਂ ਰਾਹੀਂ ਆਪਣੇ ਵਿਚਾਰਾਂ ਅਤੇ ਭਾਵਾਂ ਨੂੰ ਪ੍ਰਗਟ ਕਰਨ ਲਈ ਜੋ ਬੋਲੀ ਵਰਤੀ ਹੈ ਉਹ ਠੇਠ ਪੰਜਾਬੀ ਪੇਂਡੂ ਬੋਲੀ ਹੈ।ਉਸਦੇ ਗੀਤਾਂ ਵਿਚਲੇ ਅਜਿਹੇ ਸ਼ਬਦ ਜਿਵੇਂ; ਖਿੱਪ,ਵੇੜ,ਟਿੱਚ -ਟੇਰ,ਦੀਦੇ,ਭਾਂਬੜ ,ਘੱਤਦੀ, ਘੁੰਮੇਰੀਆਂ, ਹੰਘਾਲੀਆਂ, ਪੋਥੀ,ਘੁਣ,ਢਾਬ,ਕੋਟਲਾ -ਛਪਾਕੀ ,ਜਲੂਣੀ, ਮਿੱਕ, ਖੁਣਵਾਦੇ,ਭੁੱਬਲ,ਬਿਰਖ,ਪੋਰੇ,ਜੋਤਰਾ,ਬੂਈਂ, ਔੜਾਂ, ਸਿੱਕਰੀ, ਰੰਭ- ਰੰਭ,ਗੋਕਾ, ਮਸਾਣ, ਖੱਪਰੀ ,ਸੀਰ,ਦੁਸੇਰ ,ਆਦਿ ਜੋ ਰੋਜ਼ਾਨਾ ਬੋਲਚਾਲ ਦੀ ਬੋਲੀ ਜਾਣ ਵਾਲੀ ਪੰਜਾਬੀ ਵਿਚੋਂ ਮਨਫ਼ੀ ਹੋ ਗਏ ਹਨ।

ਪੰਜਾਬੀ ਵਿਚ ਲਿਖ ਕੇ ‘ਛੱਲਾ’ ਅਤੇ ‘ਕੋਕਾ’ ਗੀਤ ਪਹਿਲੀ ਵਾਰ ਗਾਉਣ ਵਾਲਾ ਸੂਫ਼ੀ ਹੀ ਸੀ।ਪੰਜਾਬੀ ਲੋਕ ਸਾਜ਼ ਡੱਫਲੀ ਨੂੰ ਵੀ ਪਹਿਲੀ ਵਾਰ ਲੋਕਾਂ ਦੇ ਰੂ ਬ ਰੂ ਸੂਫ਼ੀ ਨੇ ਹੀ ਕੀਤਾ। ਅੱਜ ਇਸ ਸਾਜ਼ ਨੂੰ ਕਈ ਨਾਮਵਰ ਕਲਾਕਾਰਾਂ ਨੇ ਅਪਣਾਇਆ ਹੋਇਆ ਹੈ। ਹਾਕਮ ਨੂੰ ਜੀਂਦੇ ਜੀਅ ਇੱਕ ਗੱਲ ਦਾ ਬਹੁਤ ਦੁੱਖ ਰਿਹਾ ਕਿ ਕੁਝ ਨਾਮਵਰ ਕਲਾਕਾਰਾਂ ਵੱਲੋਂ ਉਸਦੇ ਗੀਤ ‘ ਕੋਕਾ
‘ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।

ਸੂਫ਼ੀ ਦਾ ਪਹਿਲਾ ਐੱਲ .ਪੀ ਰਿਕਾਰਡ ਐੱਚ. ਐੱਮ.ਵੀ ਕੰਪਨੀ ਤੋਂ 1981-82 ਵਿੱਚ ‘ਮੇਲਾ ਯਾਰਾਂ ਦਾ ‘ ਰਿਕਾਰਡ ਹੋ ਕੇ ਮਾਰਕੀਟ ਵਿੱਚ ਆਇਆ।ਇਸ ਰਿਕਾਰਡ ਨੂੰ ਲੋਕਾਂ ਵੱਲੋਂ ਮਣਾਂਮੂੰਹੀਂ ਪਿਆਰ ਮਿਲਿਆ ਕਿ ਸੂਫ਼ੀ ਨਾਮਵਰ ਕਲਾਕਾਰਾਂ ਦੀ ਮੂਹਰਲੀ ਸਫ਼ ਵਿੱਚ ਆ ਖੜ੍ਹਾ ਹੋਇਆ।
ਇਸ ਤੋਂ ਬਾਅਦ ਉਸਦੀਆਂ ਕੈਸਟਾਂ ‘ਦਿਲ ਵੱਟੇ ਦਿਲ ‘,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ, ‘ ‘ਰੂਹ ਨਾਲ ਤੱਕ ਚੰਨ ਵੇ ‘ , ‘ ਕੋਲ਼ ਬਹਿ ਕੇ ਸੁਣ ਸੱਜਣਾ ‘, ਅਤੇ ‘ ਦਿਲ ਤੜਫੇ ‘ ਆਦਿ ਆਈਆਂ । ਉਸਦੇ ਗਾਏ ਹੋਏ ਗੀਤਾਂ ਮੇਲਾ ਯਾਰਾਂ ਦਾ , ਲੋਈ, ਛੱਲਾ, ਕਿੱਥੇ ਲਾਏ ਨੇ ਸੱਜਣਾ ਡੇਰੇ, ਮੇਰੇ ਚਰਖ਼ੇ ਧਿ ਟੁੱਟਗੀ ਮਾਹਲ , ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ ।

ਗਾਇਕੀ ਦੇ ਨਾਲ ਨਾਲ ਉਸਨੂੰ ਫ਼ਿਲਮਾਂ ਵਿੱਚ ਵੀ ਅਦਾਕਾਰੀ ਕਰਨ ਅਤੇ ਗਾਉਣ ਦਾ ਮੌਕਾ ਮਿਲਿਆ। ਜਿੰਨ੍ਹਾਂ ਵਿੱਚ ‘ ਯਾਰੀ ਜੱਟ ਦੀ ‘, ‘ਨਿਖੱਟੂ’ , ‘ਦੀਵਾ ਬਲੇ ਸਾਰੀ ਰਾਤ’ ਅਤੇ ‘ਪੰਚਾਇਤ’ । ਯਾਰੀ ਜੱਟ ਦੀ ਫ਼ਿਲਮ ਵਿੱਚ ਉਸਦੇ ਗਏ ਤੇ ਫਿਲਮਾਏ ਗੀਤ ‘ ਪਾਣੀ ਵਿੱਚ ਮਾਰਾਂ ਡੀਟਾਂ ‘ ਗੀਤ ਨੇ ਉਸ ਦੀ ਸੁਰੀਲੀ ਅਵਾਜ਼ ਨੂੰ ਘਰ ਘਰ ਪਹੁੰਚਾ ਦਿੱਤਾ। ਲਹਿੰਦੇ ਤੇ ਚੜ੍ਹਦੇ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ।
ਪੰਜਾਬ ਤੋਂ ਇਲਾਵਾ ਉਸਨੇ ਵਿਦੇਸ਼ਾਂ ਯੂ. ਐੱਸ .ਏ, ਸਿੰਗਾਪੁਰ,ਅਤੇ ਆਸਟਰੇਲੀਆ ਵਿੱਚ ਵੀ ਆਪਣੀ ਸੁਰੀਲੀ ਗਾਇਕੀ ਰਾਂਹੀ ਪੰਜਾਬੀ ਮਾਂ ਬੋਲੀ ਅਤੇ ਸਾਫ਼ ਸੁਥਰੀ ਗਾਇਕੀ ਨੂੰ ਪ੍ਰਫੁੱਲਤ ਕੀਤਾ। ਬੇਸ਼ੱਕ ਪੰਜਾਬ ਅਤੇ ਪੰਜਾਬੋਂ ਬਾਹਰ ਵੱਸਦੇ ਸਰੋਤਿਆਂ ਨੇ ਉਸਨੂੰ ਮਣਾਂਮੂੰਹੀਂ ਪਿਆਰ ਦਿੱਤਾ, ਵੱਖ ਵੱਖ ਮੇਲਿਆਂ ‘ਤੇ ਉਸਨੂੰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਪਰ ਉਸਨੂੰ ਉਹ ਮਾਣ ਸਨਮਾਨ ਨਹੀਂ ਮਿਲਿਆ ਜਿਸ ਦਾ ਉਹ ਅਸਲ ‘ਚ ਹੱਕਦਾਰ ਸੀ।

ਪਿਛਲੇ ਦਿਨੀਂ ਦਾਸ ਨੂੰ ਉਹਨਾਂ ਦੇ ਪਰਵਾਰ ਨਾਲ ਮਿਲਣ ਦਾ ਮੌਕਾ ਮਿਲਿਆ।ਸੂਫ਼ੀ ਦੇ ਛੋਟੇ ਭਰਾ ਨਛੱਤਰ ਸਿੰਘ ਨੇ ਕਿਹਾ ਕੇ ਬੜਾ ਅਫ਼ਸੋਸ ਹੁੰਦੈ ਕਿ ਅਜਿਹਾ ਕਲਾਕਾਰ ਜੋ ਸਾਰੀ ਜ਼ਿੰਦਗੀ ਮਾਂ ਬੋਲੀ ਅਤੇ ਸਭਿਆਚਾਰ ਦੇ ਵਿਕਾਸ ਵਿੱਚ ਆਪਣੀ ਮਿਆਰੀ ਗਾਇਕੀ ਨਾਲ ਯੋਗਦਾਨ ਪਾਉਂਦਾ ਰਿਹਾ ਉਸਦੀ ਕਿਸੇ ਨੇ ਸਾਰ ਨਹੀਂ ਲਈ।

ਸੂਫ਼ੀ ਜ਼ਿੰਦਗੀ ਦੇ ਪਿਛਲੇ ਪਹਿਰ ਦੇ ਦਿਨਾਂ ਵਿੱਚ ਗੁੰਮਨਾਮੀ ਦੀ ਜ਼ਿੰਦਗੀ ਜਿਉਂਦਾ ਰਿਹਾ।
ਉਸਦੇ ਬਹੁਤ ਹੀ ਕਰੀਬੀ ਮਿੱਤਰਾਂ ਨੇ ਕਦੇ ਆ ਕੇ ਉਸਦਾ ਹਾਲ ਨਹੀਂ ਪੁੱਛਿਆ ਸੀ ਅਤੇ ਨਾ ਹੀ ਮਰਨ ਤੋਂ ਬਾਅਦ।
ਸੂਫ਼ੀ ਆਪਣੇ ਗਿਲੇ -ਸ਼ਿਕਵੇ ,ਦੁੱਖ- ਦਰਦ ਬਿਨ੍ਹਾਂ ਕਿਸੇ ਨਾਲ ਸਾਂਝੇ ਕੀਤਿਆਂ ਇੱਕ ਚੁੱਪ ਜਿਹੀ ਆਪਣੇ ਨਾਲ ਲੈ ਕੇ ਓੜਕ 4 ਸਤੰਬਰ 2012 ਨੂੰ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ। ਪਰ ਉਹ ਆਪਣੇ ਗੀਤਾਂ ਰਾਹੀਂ ਅੱਜ ਵੀ ਸਾਡੇ ਮਨਾਂ ਵਿੱਚ ਵੱਸਦਾ ਏ। ਸੂਫ਼ੀ ਦੇ ਇਸ ਤਰ੍ਹਾਂ ਜਾਣ ‘ਤੇ ਮੈਨੂੰ ਮੀਆਂ ਮੁਹੰਮਦ ਬਖ਼ਸ਼ ਦਾ ਸ਼ੇਅਰ ਯਾਦ ਆਉਂਦਾ ਏ ਜੋ ਹਾਕਮ ਸੂਫ਼ੀ ਦੀ ਜੀਵਨ ਸ਼ੈਲੀ ਨੂੰ ਬਿਆਨ ਕਰਦਾ ਏ…
ਵਲੀ ਅੱਲਾਹ ਦੇ ਮਰਦੇ ਨਾਹੀਂ
ਕਰਦੇ ਪਰਦਾ ਪੋਸ਼ੀ
ਕੀ ਹੋ ਗਿਆ ਜੇ ਦੁਨੀਆਂ ਉੱਤੋਂ
ਤੁਰਗੇ ਨਾਲ ਖ਼ਮੋਸ਼ੀ।
ਹਾਕਮ ਸੂਫ਼ੀ ਦੀ ਯਾਦ ਵਿੱਚ ਹਰ ਸਾਲ ‘ ਹਾਕਮ ਸੂਫ਼ੀ ਯਾਦਗਾਰੀ ਮੇਲਾ ‘ ਕਰਵਾਇਆ ਜਾਂਦਾ ਹੈ।
ਸੂਫ਼ੀ ਦੇ ਪਰਵਾਰ ਵਿਚੋਂ ਉਸਦੀ ਪਾਈ ਗਾਇਕੀ ਦੀ ਪਿਰਤ ਨੂੰ ਅੱਗੇ ਤੋਰਨ ਲਈ ਉਸਦਾ ਭਤੀਜਾ ਗਗਨ ਸੂਫ਼ੀ ਯਤਨਸ਼ੀਲ ਹੈ।
ਕਾਮਨਾ ਕਰਦੇ ਹਾਂ ਕਿ ਉਹ ਸੂਫ਼ੀ ਵਾਂਗ ਹੀ ਸਾਫ਼- ਸੁਥਰੀ ਗਾਇਕੀ ਨਾਲ ਆਪਣੀ ਵਿਲੱਖਣ ਪਹਿਚਾਣ ਬਣਾਵੇ।
ਅਜੋਕੇ ਰੌਲੇ ਰੱਪੇ ਵਾਲੀ ,ਬੇਅਰਥੀ ਪੰਜਾਬੀ ਗਾਇਕੀ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਕੁਝ ਅਖੌਤੀ ਗਾਇਕਾਂ ਨੂੰ ਦਾਸ ਦੀ ਬੇਨਤੀ ਆ ਕਿ ਉਹ ਕਲਾ ਦੀ ਮਹਾਨਤਾ ਨੂੰ ਸਮਝਦੇ ਹੋਏ ਅਜਿਹੇ ਦਰਵੇਸ਼ ਗਾਇਕ ਤੋਂ ਸੇਧ ਲੈਂਦੇ ਹੋਏ ਮਿਆਰੀ ਗਾਇਕੀ ਨੂੰ ਪਹਿਲ ਦੇਣ।ਸਹੀ ਅਰਥਾਂ ਵਿੱਚ ਇਸ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਦੀ ਸੇਵਾ ਕੀਤੀ ਜਾ ਸਕਦੀ ਹੈ।

ਮਲਕੀਤ ਕੋਟਲੀ
ਪਿੰਡ-ਕੋਟਲੀ ਅਬਲੂ (ਸ੍ਰੀ ਮੁਕਤਸਰ ਸਾਹਿਬ)
81465 51983
E mail -malkit kotli 01 @gmail. com