ਪਾਕਿਸਤਾਨ ਦੇ ਲੋਕਾਂ ‘ਤੇ ਦੋ ਦਿਨਾਂ ‘ਚ ਮਹਿੰਗਾਈ ਦੀ ਦੋਹਰੀ ਮਾਰ, ਪੈਟਰੋਲ ਤੋਂ ਬਾਅਦ ਸਿਲੰਡਰ ਦੀ ਕੀਮਤ ‘ਚ ਹੋਇਆ 459 ਰੁਪਏ ਦਾ ਵਾਧਾ

ਪਾਕਿਸਤਾਨ ਵਿੱਚ ਲੋਕ ਲਗਾਤਾਰ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ। ਪੈਟਰੋਲ-ਡੀਜ਼ਲ ਤੋਂ ਲੈ ਕੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਬਿਜਲੀ ਦੇ ਬਿੱਲਾਂ ਨੂੰ ਲੈ ਕੇ ਗੁਆਂਢੀ ਦੇਸ਼ ‘ਚ ਹੋ ਰਹੇ ਵਿਰੋਧ ਦੇ ਵਿਚਕਾਰ 31 ਅਗਸਤ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਠੀਕ ਇੱਕ ਦਿਨ ਬਾਅਦ 1 ਸਤੰਬਰ ਨੂੰ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਜਨਤਾ ਨੂੰ ਦੋ ਦਿਨਾਂ ਵਿੱਚ ਹੀ ਮਹਿੰਗਾਈ ਦੀ ਦੋਹਰੀ ਮਾਰ ਝੱਲਣੀ ਪਈ ਹੈ।

ਪਾਕਿਸਤਾਨ ਦੀ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਟੀ (ਓਗਰਾ) ਰਾਹੀਂ ਜਾਰੀ ਨੋਟੀਫਿਕੇਸ਼ਨ ਮੁਤਾਬਕ 11.8 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ 459.85 ਰੁਪਏ ਹੋ ਗਈ ਹੈ। ਇਸ ਤਰ੍ਹਾਂ ਐਲਪੀਜੀ ਘਰੇਲੂ ਸਿਲੰਡਰ ਦੀ ਕੀਮਤ ਹੁਣ 2833.49 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ‘ਚ ਹੀ ਓਗਰਾ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 23 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਸੀ। ਇਸ ਤਰ੍ਹਾਂ ਇੱਕ ਮਹੀਨੇ ਦੇ ਅੰਦਰ ਹੀ ਸਿਲੰਡਰ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਹੋਇਆ ਹੈ।