ਬ੍ਰਿਸਬੇਨ ਯੂਥ ਸਪੋਰਟਸ ਕਲੱਬ ਦਾ ਸਾਲਾਨਾ ਪੁਰਸਕਾਰ ਸਮਾਰੋਹ ਸੰਪੰਨ

ਸੱਭਿਆਚਾਰੀ ਵੰਨਗੀਆਂ ਨੇ ਪੰਜਾਬ ਦੀ ਯਾਦ ਤਾਜ਼ਾ ਕਰਾਈ

(ਹਰਜੀਤ ਲਸਾੜਾ ਅਤੇ ਦਲਜੀਤ ਸਿੰਘ, ਬ੍ਰਿਸਬੇਨ 11 ਅਗਸਤ) ਇੱਥੇ ਬੱਚਿਆਂ ਦੀਆਂ ਵੱਖ ਵੱਖ ਖੇਡਾਂ ਅਤੇ ਪੰਜਾਬੀ ਸੱਭਿਆਚਾਰ ਦੇ ਪਸਾਰ ਲਈ ਕਾਰਜਸ਼ੀਲ ਸੰਸਥਾ ‘ਬ੍ਰਿਸਬੇਨ ਯੂਥ ਸਪੋਰਟਸ ਕਲੱਬ’ ਵੱਲੋਂ ਸਾਲਾਨਾ ਪੁਰਸਕਾਰ ਸਮਾਰੋਹ (ਪਲੇਠਾ) ਸ਼ਨਿੱਚਰਵਾਰ, 5 ਅਗਸਤ ਨੂੰ ਸਕੇਅਰਡ ਹਾਰਟ ਸੈਂਟਰ, ਰੰਨਕਾਰਨ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ।

ਕਲੱਬ ਤੋਂ ਮਨਜਿੰਦਰ ਸਿੰਘ ਹੇਅਰ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਮਾਰੋਹ ਦਾ ਮੁੱਖ ਮੰਤਵ ਲੰਘੀਆਂ 35ਵੀਆਂ ਸਿੱਖ ਖੇਡਾਂ ਵਿੱਚ ਕਲੱਬ ਦੇ ਸਮੂਹ ਖਿਡਾਰੀਆਂ, ਕੋਚਾਂ, ਪ੍ਰਬੰਧਕਾਂ ਅਤੇ ਵਲੰਟੀਅਰਾਂ ਦਾ ਸਨਮਾਨ ਅਤੇ ਧੰਨਵਾਦ ਕਰਨਾ ਸੀ। ਤਕਰੀਬਨ 300 ਪੰਜਾਬੀ ਪਰਿਵਾਰਾਂ ਨੇ ਇਸ ਸਮਾਗਮ ‘ਚ ਭਰਵੀਂ ਸ਼ਮੂਲੀਅਤ ਕੀਤੀ। ਸਮੁੱਚੇ ਪ੍ਰੋਗਰਾਮ ਵਿੱਚ ਪੰਜਾਬੀ ਸੱਭਿਆਚਾਰਿਕ ਵੰਨਗੀਆਂ ਜਿਵੇਂ ਗਿੱਧਾ, ਭੰਗੜਾ, ਡਾਂਸ, ਝਾਕੀਆਂ, ਸਕਿੱਟਾਂ ਅਤੇ ਭੰਡਾਂ ਦੀਆਂਨਕਲਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ।

ਕਲੱਬ ਵੱਲੋਂ ਸ. ਸੋਢੀ ਸਿੰਘ ਨੂੰ ਉਹਨਾਂ ਦੀਆਂ ਕਲੱਬ ਬਾਬਤ ਅਣਥੱਕ ਸੇਵਾਵਾਂ ਲਈ ਯਾਦਗਾਰ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਤਕਰੀਬਨ ਚਾਰ ਘੰਟੇ ਚੱਲੇ ਇਸ ਸਮਾਰੋਹ ਵਿੱਚ ਬੱਚਿਆਂ ਦੀ ਸ਼ਮੂਲੀਅਤ ਕਾਬਲੇ-ਤਾਰੀਫ਼ ਰਹੀ। ਸਮਾਰੋਹ ਦੌਰਾਨ ਕਲੱਬ ਦੇ ਬਾਨੀ ਮੈਂਬਰ ਸ. ਜਸਪਿੰਦਰ ਸਿੰਘ ਤੇ ਜਸਦੀਪ ਸੰਘਾ ਨੇ ਵਿਸ਼ੇਸ਼ ਸ਼ਿਰਕਤ ਕੀਤੀ।

ਸ. ਮਨਜਿੰਦਰ ਸਿੰਘ ਹੇਅਰ ਨੇ ਆਪਣੀ ਤਕਰੀਰ ‘ਚ ਕਲੱਬ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਅਸੀਂ ਬੱਚਿਆਂ ਦੇ ਸਰਬ ਵਿਆਪੀ ਵਿਕਾਸ ਲਈ ਹਰ ਸੰਭਵ ਯਤਨ ਕਰਦੇ ਰਹਾਂਗੇ। ਕਲੱਬ ਬਹੁਤ ਥੋੜੇ ਸਮੇਂ ਵਿੱਚ ਹੀ ਬੱਚਿਆਂ ਨੂੰ ਖੇਡਾਂ, ਮਾਤ ਭਾਸ਼ਾ ਅਤੇ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ‘ਚ ਸਫ਼ਲ ਰਹੀ ਹੈ। ਅਲਕੋਹਲ ਰਹਿਤ ਇਸ ਖ਼ੂਬਸੂਰਤ ਸਮਾਰੋਹ ਦੀ ਵੱਖ ਵੱਖ ਭਾਈਚਾਰਿਆਂ ਵੱਲੋਂ ਪ੍ਰਸੰਸਾ ਕੀਤੀ ਗਈ।