ਕ੍ਰਿਪਾਨ ‘ਤੇ ਪਾਬੰਦੀ ਖ਼ਿਲਾਫ਼ ਕੇਸ ਜਿੱਤਣ ‘ਤੇ ਗਿਆਨੀ ਰਘਬੀਰ ਸਿੰਘ ਨੇ ਆਸਟ੍ਰੇਲੀਆਈ ਸਿੱਖਾਂ ਨੂੰ ਦਿੱਤੀ ਵਧਾਈ

ਕੁਈਨਜ਼ਲੈਂਡ ਦੇ ਸਕੂਲਾਂ ‘ਚ ਕਿਰਪਾਨ ਪਾਉਣ ਦੀ ਪਾਬੰਦੀ ਦੇ ਖ਼ਿਲਾਫ਼ ਅਦਾਲਤੀ ਕੇਸ ਜਿੱਤਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਸਟ੍ਰੇਲੀਆਈ ਸਿੱਖਾਂ ਨੂੰ ਵਧਾਈ ਦਿੱਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਕੁਈਨਜ਼ਲੈਂਡ ਦੀ ਅਦਾਲਤ ਵੱਲੋਂ ਸਿੱਖਾਂ ਨੂੰ ਕੱਕਾਰ ਵਜੋਂ ਕ੍ਰਿਪਾਨ ਧਾਰਨ ਕਰਨ ਦੀ ਖੁੱਲ੍ਹ ਦੇਣਾ ਸ਼ਲਾਘਾਯੋਗ ਹੈ। ਇਸ ਦੇ ਨਾਲ ਆਸਟ੍ਰੇਲੀਆ ‘ਚ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਅੰਤਰ ਧਰਮ ਸਦਭਾਵਨਾ ਅਤੇ ਮਿਲਵਰਤਣ ਦੀ ਭਾਵਨਾ ਵੀ ਵਧੇਗੀ।

ਸਿੰਘ ਸਾਹਿਬ ਨੇ ਕਿਹਾ ਕਿ ਕ੍ਰਿਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਕੱਕਾਰ ਵਜੋਂ ਬਖਸ਼ਿਸ਼ ਕੀਤੀ ਗਈ ਹੈ, ਜੋ ਸਿੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਕੁਈਨਜ਼ਲੈਂਡ ਦੇ ਸਕੂਲਾਂ ਅੰਦਰ ਨਾ ਸਿਰਫ ਸਿੱਖ ਵਿਦਿਆਰਥੀਆਂ ਨੂੰ ਬਲਕਿ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਕ੍ਰਿਪਾਨ ਧਾਰਨ ਕਰਕੇ ਆਉਣ ਤੋਂ ਰੋਕਿਆ ਗਿਆ ਸੀ ਪਰ ਬੀਬੀ ਕਮਲਜੀਤ ਕੌਰ ਨੇ ਇਸ ਪਾਬੰਦੀ ਨੂੰ ਕੁਈਨਜ਼ਲੈਂਡ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਤੇ ਅਦਾਲਤ ਵਿੱਚ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਅੰਮ੍ਰਿਤਧਾਰੀ ਸਿੱਖ ਲਈ ਕ੍ਰਿਪਾਨ ਪੰਜ ਕੱਕਾਰਾਂ ‘ਚੋਂ ਇਕ ਹੈ ਅਤੇ ਇਸ ਨੂੰ ਚਾਕੂ ਵਜੋਂ ਦੇਖਣਾ ਨਸਲੀ ਵਿਤਕਰਾ ਹੈ। ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਅਦਾਲਤ ਵੱਲੋਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਮਨੁੱਖੀ ਆਜ਼ਾਦੀ ਵਜੋਂ ਸਤਿਕਾਰ ਦਿੰਦਿਆਂ ਕ੍ਰਿਪਾਨ ਧਾਰਨ ਕਰਨ ਨੂੰ ਸੰਵਿਧਾਨਕ ਹੱਕ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ, ਜਿਸ ਦੇ ਲਈ ਬੀਬੀ ਕਮਲਜੀਤ ਕੌਰ ਦੇ ਨਾਲ-ਨਾਲ ਸਾਰੇ ਆਸਟ੍ਰੇਲੀਆਈ ਸਿੱਖ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਅਦਾਲਤ ਵਿੱਚ ਕਾਨੂੰਨੀ ਆਧਾਰ ‘ਤੇ ਆਪਣੇ ਪੱਖ ਨੂੰ ਪੇਸ਼ ਕਰਕੇ ਕ੍ਰਿਪਾਨ ਪਹਿਨਣ ਦੀ ਖੁੱਲ੍ਹ ਹਾਸਲ ਕੀਤੀ ਹੈ।

ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਦੀ ਨਿਆਂ ਪਾਲਿਕਾ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸਹੀ ਫ਼ੈਸਲਾ ਕੀਤਾ ਹੈ, ਜਿਸ ਦੇ ਲਈ ਸਿੱਖਾਂ ਅੰਦਰ ਆਸਟ੍ਰੇਲੀਆ ਦੀ ਨਿਆਂ ਵਿਵਸਥਾ ਪ੍ਰਤੀ ਭਰੋਸਾ ਵਧੇਗਾ ਤੇ ਆਸਟ੍ਰੇਲੀਆਈ ਸਿੱਖ ਹੋਰ ਵੀ ਬਿਹਤਰ ਤਰੀਕੇ ਨਾਲ ਉੱਥੋਂ ਦੀ ਸਰਬਪੱਖੀ ਉੱਨਤੀ ‘ਚ ਆਪਣਾ ਭਰਵਾਂ ਯੋਗਦਾਨ ਪਾਉਣ ਲਈ ਉਤਸ਼ਾਹਿਤ ਹੋਣਗੇ। ਇਸ ਦੇ ਨਾਲ ਸਿੰਘ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਹੋਰ ਦੇਸ਼ਾਂ ‘ਚ ਵੀ ਸਿੱਖਾਂ ‘ਤੇ ਧਾਰਮਿਕ ਕੱਕਾਰ ਪਾਉਣ ‘ਤੇ ਰੋਕ ਹੈ, ਉਨ੍ਹਾਂ ਨੂੰ ਵੀ ਸਿੱਖਾਂ ਨੂੰ ਆਪਣਾ ਕਾਨੂੰਨੀ ਪੱਖ ਮਜ਼ਬੂਤੀ ਨਾਲ ਪੇਸ਼ ਕਰਨ ਦੀ ਲੋੜ ਹੈ ਅਤੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੇਸ਼ਾਂ ਨੂੰ ਵੀ ਚਾਹੀਦਾ ਹੈ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਪਹਿਰਾਵੇ ਵਿੱਚ ਵਿਚਰਨ ਦੀ ਖੁੱਲ੍ਹ ਦਿੱਤੀ ਜਾਵੇ।