ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮਰਨ ਵਾਲੇ ਭਾਰਤੀ ਦੀ ਹੋਈ ਪਛਾਣ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਆਸਟ੍ਰੇਲੀਆ ਵਿਖੇ ਸਿਡਨੀ ਵਿੱਚ ਪਿਛਲੇ ਮਹੀਨੇ ਇੱਕ ਐਸਯੂਵੀ ਨਾਲ ਬਾਈਕ ਦੀ ਟੱਕਰ ਵਿੱਚ ਮਾਰੇ ਗਏ 22 ਸਾਲਾ ਉਬੇਰ ਈਟਸ ਸਵਾਰ ਦੀ ਪਛਾਣ ਮੁੰਬਈ ਦੇ ਇੱਕ ਭਾਰਤੀ ਵਿਦਿਆਰਥੀ ਵਜੋਂ ਹੋਈ ਹੈ। ਮੈਕਵੇਰੀ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਦਾ ਅਧਿਐਨ ਕਰਨ ਲਈ ਸਕਾਲਰਸ਼ਿਪ ‘ਤੇ ਫਰਵਰੀ ਵਿੱਚ ਸਿਡਨੀ ਆਏ ਅਕਸ਼ੇ ਦੌਲਤਾਨੀ ਦੀ 22 ਜੁਲਾਈ ਨੂੰ ਰਾਇਲ ਨੌਰਥ ਸ਼ੋਰ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਸ ਦੀ ਪਛਾਣ ਦੀ ਪੁਸ਼ਟੀ ਕਰਦਿਆਂ ਲੇਬਰ ਸੈਨੇਟਰ ਟੋਨੀ ਸ਼ੈਲਡਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੰਸਦ ਨੂੰ ਦੱਸਿਆ ਸੀ ਕਿ ਅਕਸ਼ੈ 2017 ਤੋਂ ਨੌਕਰੀ ਦੌਰਾਨ ਮਾਰਿਆ ਜਾਣ ਵਾਲਾ 12ਵਾਂ ਫੂਡ ਡਿਲਿਵਰੀ ਰਾਈਡਰ ਸੀ।

ਸ਼ੈਲਡਨ ਨੇ ਕਿਹਾ ਕਿ “ਅਕਸ਼ੈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਆਪਣੇ ਪਰਿਵਾਰ ਨੂੰ ਉੱਜਵਲ ਭਵਿੱਖ ਦੇਣ ਲਈ ਸਕਾਲਰਸ਼ਿਪ ‘ਤੇ ਇਸ ਦੇਸ਼ ਆਇਆ ਸੀ,”। ਰਾਤ 8 ਵਜੇ ਦੇ ਕਰੀਬ ਬਲੈਕਸਲੈਂਡ ਰੋਡ ਅਤੇ ਏਪਿੰਗ ਰੋਡ ਦੇ ਚੌਰਾਹੇ ‘ਤੇ ਏਪਿੰਗ ਵਿੱਚ ਅਕਸ਼ੈ ਆਪਣੇ ਸਕੂਟਰ ‘ਤੇ ਡਿਲੀਵਰੀ ਕਰ ਰਿਹਾ ਸੀ, ਜਦੋਂ ਉਸਨੂੰ ਇੱਕ SUV ਨੇ ਟੱਕਰ ਮਾਰ ਦਿੱਤੀ। ਅਕਸ਼ੇ ਦੇ ਚਚੇਰੇ ਭਰਾ ਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਉਸ ਦੇ ਵਿਦੇਸ਼ ਆਉਣ ਦਾ ਇੱਕੋ ਇੱਕ ਕਾਰਨ ਸੀ ਕਿ ਉਹ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦਾ ਸੀ। ਆਪਣੀ ਫੀਸ ਅਦਾ ਕਰਨ ਲਈ ਅਕਸ਼ੈ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਫੂਡ ਡਿਲੀਵਰੀ ਰਾਈਡਰ ਵਜੋਂ ਕੰਮ ਕਰਦਾ ਸੀ।