1984 ਸਿੱਖ ਨਸਲਕੁਸ਼ੀ ਦੌਰਾਨ ਹੋਏ ਪੁਲ ਬੰਗਸ਼ ਕਤਲ ਕੇਸ ਵਿਚ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਤਲਬ ਕੀਤਾ ਹੈ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਮਾਮਲੇ ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਬੁਧਵਾਰ ਨੂੰ ਇਹ ਹੁਕਮ ਦਿਤਾ।
ਇਹ ਮਾਮਲਾ ਪੁਲ ਬੰਗਸ਼ ਇਲਾਕੇ ਵਿਚ 3 ਲੋਕਾਂ ਦੀ ਹਤਿਆ ਨਾਲ ਸਬੰਧਤ ਹੈ। ਸੀ.ਬੀ.ਆਈ. ਨੇ 20 ਮਈ ਨੂੰ ਇਸ ਮਾਮਲੇ ਵਿਚ ਰਾਊਜ਼ ਐਵੇਨਿਊ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ। ਇਸ ਵਿਚ ਜਗਦੀਸ਼ ਟਾਈਟਲਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਟਾਈਟਲਰ ’ਤੇ ਕਤਲ, ਭੀੜ ਨੂੰ ਉਕਸਾਉਣ ਅਤੇ ਦੰਗੇ ਭੜਕਾਉਣ ਦੇ ਇਲਜ਼ਾਮ ਲਗਾਏ ਗਏ ਹਨ।
ਅਦਾਲਤ ਵਿਚ ਦਾਇਰ ਆਪਣੀ ਚਾਰਜਸ਼ੀਟ ਵਿਚ, ਸੀ.ਬੀ.ਆਈ. ਨੇ ਦਾਅਵਾ ਕੀਤਾ ਕਿ ਟਾਈਟਲਰ ਨੇ 1 ਨਵੰਬਰ, 1984 ਨੂੰ ਆਜ਼ਾਦ ਮਾਰਕੀਟ ਦੇ ਪੁਲ ਬੰਗਸ਼ ਗੁਰਦੁਆਰੇ ਵਿਚ ਇਕੱਠੀ ਹੋਈ ਭੀੜ ਨੂੰ “ਉਕਸਾਇਆ ਅਤੇ ਭੜਕਾਇਆ” ਸੀ, ਜਿਸ ਦੇ ਨਤੀਜੇ ਵਜੋਂ ਗੁਰਦੁਆਰੇ ਨੂੰ ਅੱਗ ਲਗਾ ਦਿਤੀ ਗਈ ਸੀ ਅਤੇ ਤਿੰਨ ਸਿੱਖ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦੀ ਹਤਿਆ ਕਰ ਦਿਤੀ ਗਈ। ਸੀ.ਬੀ.ਆਈ. ਨੇ ਕਿਹਾ ਕਿ ਏਜੰਸੀ ਨੇ ਟਾਈਟਲਰ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 147 (ਦੰਗੇ), 109 (ਉਕਸਾਉਣਾ) ਅਤੇ 302 (ਕਤਲ) ਤਹਿਤ ਦੋਸ਼ ਆਇਦ ਕੀਤੇ ਹਨ।