ਵੱਟਸਐਪ ਸਟੇਟਸ ਸੋਚ-ਸਮਝ ਕੇ ਲਾਉਣਾ ਚਾਹੀਦਾ ਹੈ। ਇਹ ਕਿਸੇ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਇੱਥੋਂ ਤੱਕ ਵੱਟਸਐਪ ਸਟੇਟਸ ਕਰਕੇ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਜੀ ਹਾਂ, ਤਾਜ਼ਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜੋ ਅੱਖਾਂ ਖੋਲ੍ਹ ਦੇਣ ਵਾਲਾ ਹੈ। ਹੁਣ ਇਹ ਕੇਸ ਅਦਾਲਤ ਵਿੱਚ ਹੈ। ਅਦਾਲਤ ਨੇ ਵੀ ਕਿਹਾ ਹੈ ਕਿ ਵੱਟਸਐਪ ਸਟੇਟਸ ਲਾਉਣ ਵੇਲੇ ਜ਼ਿੰਮੇਵਾਰਾਨਾ ਵਿਹਾਰ ਕੀਤਾ ਜਾਵੇ।
ਦਰਅਸਲ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਧਾਰਮਿਕ ਸਮੂਹ ਖ਼ਿਲਾਫ਼ ਕਥਿਤ ਤੌਰ ’ਤੇ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਪੋਸਟ ਕਰਨ ਵਾਲੇ ਵਿਅਕਤੀ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਵੱਟਸਐਪ ਸਟੇਟਸ ਰਾਹੀਂ ਦੂਜਿਆਂ ਤੱਕ ਕੋਈ ਸੁਨੇਹਾ ਪਹੁੰਚਾਉਂਦੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ।
ਜਸਟਿਸ ਵਿਨੈ ਜੋਸ਼ੀ ਤੇ ਜਸਟਿਸ ਵਾਲਮੀਕੀ ਐਸਏ ਮੈਨੇਜ਼ਿਸ ਦੇ ਬੈਂਚ ਨੇ 12 ਜੁਲਾਈ ਨੂੰ ਆਪਣੇ ਹੁਕਮਾਂ ਵਿੱਚ ਕਿਹਾ ਕਿ ਅੱਜਕੱਲ੍ਹ ਵੱਟਸਐਪ ਸਟੇਟਸ ਦਾ ਉਦੇਸ਼ ਆਪਣੇ ਜਾਣ-ਪਛਾਣ ਵਾਲਿਆਂ ਨੂੰ ਕੁਝ ਚੀਜ਼ਾਂ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਤੇ ਲੋਕ ਅਕਸਰ ਆਪਣੇ ਜਾਣ-ਪਛਾਣ ਵਾਲਿਆਂ ਦਾ ਵੱਟਸਐਪ ਸਟੇਟਸ ਦੇਖਦੇ ਹਨ।
ਕਿਸ਼ੋਰ ਲਾਂਦਕਰ (27) ਨਾਮ ਦੇ ਵਿਅਕਤੀ ਖ਼ਿਲਾਫ਼ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਆਈਪੀਸੀ ਦੀਆਂ ਧਾਰਾਵਾਂ, ਅਨੁਸੂਚਿਤ ਜਾਤੀ/ਜਨਜਾਤੀ ਐਕਟ ਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਲਾਂਦਕਰ ਨੇ ਐਫਆਈਆਰ ਰੱਦ ਕਰਨ ਦੀ ਅਪੀਲ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।
ਅਦਾਲਤ ਨੇ ਕਿਹਾ, ‘‘ਵੱਟਸਐਪ ਸਟੇਟਸ..ਤੁਸੀਂ ਕੀ ਕਰ ਰਹੇ ਹੋ, ਕੀ ਸੋਚ ਰਹੇ ਹੋ ਜਾਂ ਤੁਸੀਂ ਜੋ ਕੁਝ ਦੇਖਿਆ ਹੈ ਉਸ ਦੀ ਤਸਵੀਰ ਜਾਂ ਵੀਡੀਓ ਹੋ ਸਕਦਾ ਹੈ। ਇਹ 24 ਘੰਟੇ ਬਾਅਦ ਹਟ ਜਾਂਦਾ ਹੈ। ਵੱਟਸਐਪ ਸਟੇਟਸ ਦਾ ਉਦੇਸ਼ ਕਿਸੇ ਵਿਅਕਤੀ ਵੱਲੋਂ ਜਾਣ-ਪਛਾਣ ਵਾਲਿਆਂ ਤੱਕ ਕੋਈ ਗੱਲ ਪਹੁੰਚਾਉਣਾ ਹੁੰਦਾ ਹੈ। ਇਹ ਹੋਰ ਕੁਝ ਨਹੀਂ, ਬਲਕਿ ਜਾਣ-ਪਛਾਣ ਵਾਲੇ ਵਿਅਕਤੀਆਂ ਨਾਲ ਸੰਪਰਕ ਕਰਨ ਦਾ ਇਕ ਤਰੀਕਾ ਹੈ। ਦੂਸਰਿਆਂ ਨੂੰ ਕੋਈ ਗੱਲ ਦੱਸਦੇ ਸਮੇਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ।’’
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮਾਰਚ 2023 ’ਚ ਮੁਲਜ਼ਮ ਨੇ ਆਪਣਾ ਵੱਟਸਐਪ ਸਟੇਟਸ ਅਪਲੋਡ ਕੀਤਾ, ਜਿਸ ਵਿੱਚ ਉਸ ਨੇ ਇਕ ਸਵਾਲ ਲਿਖਿਆ ਤੇ ਸਟੇਟਸ ਦੇਖਣ ਵਾਲਿਆਂ ਤੋਂ ਹੈਰਾਨ ਕਰਨ ਵਾਲੇ ਨਤੀਜੇ ਜਾਣਨ ਲਈ ਗੂਗਲ ’ਤੇ ਇਸ ਸਵਾਲ ਨੂੰ ‘ਸਰਚ’ ਕਰਨ ਲਈ ਕਿਹਾ। ਜਦੋਂ ਸ਼ਿਕਾਇਤਕਰਤਾ ਨੇ ਸਵਾਲ ਨੂੰ ਗੂਗਲ ’ਤੇ ‘ਸਰਚ’ ਕੀਤਾ ਤਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਇਤਰਾਜ਼ਯੋਗ ਸਮੱਗਰੀ ਨਜ਼ਰ ਆਈ।