ਆਰਥਿਕ ਬਦਹਾਲੀ ਦੇ ਚਲਦਿਆਂ ਲੋਕਾਂ ਨੂੰ ਛੱਡਣਾ ਪੈ ਰਿਹਾ ਪਾਕਿਸਤਾਨ, 6 ਲੱਖ ਤੋਂ ਵੱਧ ਪਾਕਿਸਤਾਨੀ ਗਏ ਵਿਦੇਸ਼

ਪਾਕਿਸਤਾਨ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹਜ਼ਾਰਾਂ ਲੋਕ ਯੂਰਪ ਪਹੁੰਚਣ ਲਈ ਗੈਰ-ਕਾਨੂੰਨੀ ਰਸਤੇ ਲੱਭਣ ਲੱਗ ਪਏ ਹਨ।ਪਾਕਿਸਤਾਨ ਤੋਂ ਇਸ ਸਾਲ ਦੀ ਪਹਿਲੀ ਛਿਮਾਹੀ ਵਿਚ 8 ਲੱਖ ਤੋਂ ਵੱਧ ਪਾਕਿਸਤਾਨੀਆਂ ਨੇ ਆਪਣੀ ਮਾਤ ਭੂਮੀ ਨੂੰ ਅਲਵਿਦਾ ਕਹਿ ਦਿੱਤਾ ਹੈ। ਦੇਸ਼ ਛੱਡ ਕੇ ਵਿਦੇਸ਼ ਜਾਣ ਵਾਲਿਆਂ ਵਿਚ ਡਾਕਟਰ, ਨਰਸਾਂ, ਇੰਜੀਨੀਅਰ, ਆਈ. ਟੀ. ਮਾਹਿਰ ਅਤੇ ਅਕਾਊਂਟੈਂਟ ਸਮੇਤ ਇਕ ਲੱਖ ਉੱਚ ਹੁਨਰਮੰਦ ਪੇਸ਼ੇਵਰ ਸ਼ਾਮਲ ਸਨ।

ਪਾਕਿਸਤਾਨ ਬਿਊਰੋ ਆਫ ਸਟੈਟਿਕਸ ਦੇ ਅੰਕੜਿਆਂ ਮੁਤਾਬਕ ਇਸ ਸਾਲ ਜੂਨ ਤੱਕ 8.32 ਲੱਖ ਪਾਕਿਸਤਾਨੀ ਦੇਸ਼ ਛੱਡ ਚੁੱਕੇ ਹਨ। ਇਨ੍ਹਾਂ ਵਿਚੋਂ ਚਾਰ ਲੱਖ ਪੜ੍ਹੇ-ਲਿਖੇ ਅਤੇ ਯੋਗ ਪੇਸ਼ੇਵਰ ਸਨ। ਪਾਕਿਸਤਾਨ ਨੂੰ ਵੱਡੇ ਪੱਧਰ ’ਤੇ ਪ੍ਰਵਾਸ ਨੇ ਚਿੰਤਾ ’ਚ ਪਾ ਦਿੱਤਾ ਹੈ। ਵਧਦੀ ਬੇਰੋਜ਼ਗਾਰੀ, ਢਹਿ-ਢੇਰੀ ਹੋ ਰਹੀ ਆਰਥਿਕਤਾ, ਸਿਆਸੀ ਅਸਥਿਰਤਾ, ਵਧਦੇ ਕੱਟੜਵਾਦ ਨੇ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਲਈ ਇਕ ਪਲੇਟਫਾਰਮ ਤਿਆਰ ਕਰਨ ਅਤੇ ਬਾਹਰ ਜਾਣ ਲਈ ਮਜਬੂਰ ਕੀਤਾ ਹੈ। ਅੰਕੜਿਆਂ ਅਨੁਸਾਰ, ਪਿਛਲੇ ਸਾਲ ਲਗਭਗ 7.65 ਲੱਖ ਲੋਕ ਪਾਕਿਸਤਾਨ ਛੱਡ ਗਏ ਅਤੇ ਉਨ੍ਹਾਂ ਵਿਚੋਂ ਇਕ ਲੱਖ ਤੋਂ ਵੱਧ ਉੱਚ ਹੁਨਰਮੰਦ ਪੇਸ਼ੇਵਰ ਸਨ। ਜ਼ਿਆਦਾਤਰ ਪ੍ਰਵਾਸੀ ਪੰਜਾਬ ਸੂਬੇ ਦੇ ਸਨ, ਜਿਨ੍ਹਾਂ ਵਿਚੋਂ ਲਗਭਗ 27,000 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਸਨ।