ਮਾਣ ਦੀ ਗੱਲ, ਕੈਨੇਡਾ ‘ਚ 5 ਪੰਜਾਬੀਆਂ ਨੂੰ ਮਿਲਿਆ ’30 ਅੰਡਰ 30 ਯੰਗ ਲੀਡਰਜ਼’ ਦਾ ਸਨਮਾਨ

ਪੰਜਾਬੀ ਦੁਨੀਆ ਦੇ ਜਿਸ ਕੋਨੇ ਵਿਚ ਵੀ ਗਏ ਹਨ, ਉੱਥੇ ਨਾਮਣਾ ਖੱਟਿਆ ਹੈ। ਇਸੇ ਤਰ੍ਹਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੇ ਵੀ ਉੱਚ ਅਹੁਦੇ ਹਾਸਲ ਕਰਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਹਾਲ ਹੀ ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਉਦਯੋਗ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਬੀ.ਸੀ. ਬਿਜਨੈੱਸਜ਼ ਵੱਲੋਂ ’30 ਅੰਡਰ 30 ਯੰਗ ਲੀਡਰਜ਼ 2023′ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਹ ਵੱਕਾਰੀ ਸਨਮਾਨ ਹਾਸਲ ਕਰਨ ਵਾਲਿਆਂ ਵਿਚ 3 ਪੰਜਾਬਣਾਂ ਤੇ 2 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ।

ਬੀ.ਸੀ. ਬਿਜਨੈੱਸਜ਼ ਵੱਲੋਂ ਇਹ ਸਨਮਾਨ ਸੂਬੇ ਦੇ 30 ਸਾਲ ਤੋਂ ਘੱਟ ਉਮਰ ਦੇ ਉਹਨਾਂ 30 ਨੌਜਵਾਨ ਮੁੰਡੇ-ਕੁੜੀਆਂ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਨੇ ਉਦਯੋਗ, ਖੇਤੀਬਾੜੀ, ਤਕਨਾਲੋਜੀ, ਸਿੱਖਿਆ ਅਤੇ ਇਨੋਵੇਸ਼ਨ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ। ਇਹ ਸਨਮਾਨ ਹਾਸਲ ਕਰਨ ਵਾਲੀ ਰਵੀਨਾ ਉਬਰਾਏ (29) ਜਸਟ ਕੇਕਸ ਬੇਕਸ਼ੌਪ ਦੀ ਮਾਲਕ ਹੈ ਤੇ ਇਹ ਕੰਪਨੀ ਬ੍ਰਿਟਿਸ਼ ਕੋਲੰਬੀਆ ਦੇ 85 ਰੀਟੇਲਰਾਂ ਨੂੰ ਕੇਕ ਸਪਲਾਈ ਕਰਦੀ ਹੈ। ਸਬਰੀਨਾ ਰਾਏ (29) ਕਵਾਂਟਲਿਨ ਪੇਲਟੈਕਨਿਕ ਯੂਨੀਵਰਸਿਟੀ ਵਿਚ ਅਕਾਊਂਟਿੰਗ ਦੀ ਪੜ੍ਹਾਈ ਕਰਵਾਉਂਦੀ ਹੈ। ਪੇਜ਼ੀ ਸੰਧਰ (27) ਕਾਊਚਰਾਊਜ਼ ਕੰਪਨੀ ਦੀ ਸਹਿ ਸੰਸਥਾਪਕ ਹੈ।

25 ਸਾਲਾ ਸਰਬ ਪੁਰੇਵਾਲ ਸੈਵਨ ਹੌਰਸਜ਼ ਟਰਾਂਸਪੋਰਟ ਲਿਮਟਿਡ ਦਾ ਮੀਤ ਪ੍ਰਧਾਨ ਹੈ। ਇਸ ਕੰਪਨੀ ਦੇ 100 ਟਰੱਕ ਤੇ 200 ਟਰੇਲਰ ਹਨ। 2015 ਵਿਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ 26 ਸਾਲਾ ਸੁਖਮਨਜੀਤ ਸਿੰਘ ਸਿੰਧੂ ਬਲੈਕਬੱਕ ਲੌਜਿਸਟਿਕਸ ਇੰਕ ਦਾ ਸੀਈਓ ਹੈ। ਬਲੈਕਬੱਕ 200 ਟਰੱਕਿੰਗ ਕੰਪਨੀਆਂ ਨਾਲ ਡੀਲ ਕਰਦਾ ਹੈ।