ਕੈਨੇਡਾ ਦੇ ਪੱਛਮੀ ਤੱਟ ’ਤੇ ਬੰਦਰਗਾਹ ਕਾਮਿਆਂ ਦੀ 10 ਦਿਨ ਪਹਿਲਾਂ ਹੋਈ ਹੜਤਾਲ ਨੂੰ ਕੌਮਾਂਤਰੀ ਸਹਿਯੋਗ ਮਿਲਣ ਲੱਗਾ ਹੈ। ਪੱਛਮੀ ਤੱਟ ਦੀਆਂ ਛੋਟੀਆਂ ਵੱਡੀਆਂ 39 ਬੰਦਰਗਾਹਾਂ ਉੱਤੇ ਲਦਾਈ ਤੇ ਲੁਹਾਈ ਕਰਦੇ 7400 ਕਾਮੇ ਹੜਤਾਲ ’ਤੇ ਹਨ, ਜਿਸ ਕਾਰਨ ਸਮਾਨ ਨਾਲ ਭਰੇ ਸੈਂਕੜੇ ਸਮੁੰਦਰੀ ਜਹਾਜ਼ ਕਈ ਦਨਿਾਂ ਤੋਂ ਖਾਲੀ ਹੋਣ ਲਈ ਕੰਢਿਆਂ ਨੇੜੇ ਖੜੇ ਹਨ। ਅਮਰੀਕਾ ਦੇ ਪੱਛਮੀ ਤੱਟ ਦੇ ਬੰਦਰਗਾਹ ਕਾਮਿਆਂ ਦੀ ਯੂਨੀਅਨ ਨੇ ਕੈਨੇਡਾ ਤੋਂ ਆਉਣ ਜਾਣ ਵਾਲੇ ਸਮਾਨ ਦੀ ਢੋਆ-ਢੁਆਈ ਬੰਦ ਕਰ ਦਿਤੀ ਹੈ।
ਨਿਊਜ਼ੀਲੈਂਡ ਤੇ ਆਸਟਰੇਲੀਆ ਸਮੇਤ ਕਈ ਦੇਸ਼ਾਂ ਦੇ ਬੰਦਰਗਾਹ ਕਾਮਿਆਂ ਦੀਆਂ ਯੂਨੀਅਨਾਂ ਹੜਤਾਲੀ ਕਾਮਿਆਂ ਦੀ ਹਮਾਇਤ ’ਚ ਨਿੱਤਰ ਆਈਆਂ ਹਨ। ਕੁਝ ਠੇਕੇਦਾਰਾਂ ਵਲੋਂ ਰੋਬੋਟ ਦੀ ਵਰਤੋਂ ਨਾਲ ਲੁਹਾਈ ਕੀਤੇ ਜਾਣ ਦੇ ਕੀਤੇ ਯਤਨਾਂ ਕਾਰਨ ਦੋਵਾਂ ਧਿਰਾਂ ’ਚ ਤਕਰਾਰ ਹੋਣ ਕਰਕੇ ਖਿਚੋਤਾਣ ਵਧਣ ਦਾ ਖ਼ਦਸ਼ਾ ਹੈ। ਸਰਕਾਰ ਵਲੋਂ ਹੜਤਾਲ ਦੇ ਖਾਤਮੇ ਲਈ ਗੰਭੀਰਤਾ ਨਾ ਵਿਖਾਏ ਜਾਣ ਤੋਂ ਵਪਾਰੀ ਵੀ ਹੈਰਾਨ ਤੇ ਫਿਕਰਮੰਦ ਹਨ। ਜਹਾਜ਼ਾਂ ’ਚ ਲੱਦੇ ਸਮਾਨ ਦੇ ਖਰਾਬ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।
ਉਧਰ ਕੈਨੇਡਾ ਦੇ ਸਥਾਨਕ ਉਤਪਾਦਕਾਂ ਵੀ ਪ੍ਰੇਸ਼ਾਨ ਹਨ। ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਦੇ ਪ੍ਰਧਾਨ ਵਿੱਲੀ ਐਡਮ ਨੇ ਜਹਾਜ਼ ਕੰਪਨੀਆਂ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਕਿ ਉਹ ਜਹਾਜ਼ ਲੈ ਕੇ ਟਕੋਮਾ, ਸਿਆਟਲ ਤੇ ਅਮਰੀਕਾ ਦੇ ਪੱਛਮੀ ਤੱਟ ਦੀਆਂ ਬੰਦਰਗਾਹਾਂ ਵੱਲ ਲਿਜਾ ਰਹੇ ਹਨ।