“ਪ੍ਰਦੂਸ਼ਨ” ਕਿੰਨਾ ਕੁ ਬਚ ਸਕਦੇ ਹਾਂ ਅਸੀਂ?

"ਪ੍ਰਦੂਸ਼ਨ" ਕਿੰਨਾ ਕੁ ਬਚ ਸਕਦੇ ਹਾਂ ਅਸੀਂ?

ਮੈਂ ਆਪਣੇ ਕਮਰੇ ਦੀਆਂ ਖਿੜਕੀਆਂ ਦਰਵਾਜ਼ੇ ਢੋਅ ਲਏ ਹਨ। ‘ਏਅਰ ਪਿਓਰੀ ਫਾਇਰ’ ਆਨ ਕਰ ਲਿਆ ਹੈ। ਬਾਹਰ ਪ੍ਰਦੂਸ਼ਨ-ਪੱਧਰ 270 ਹੈ। ਪਿਓਰੀ ਫਾਇਰ ਦੇ ਸਕਰੀਨ ‘ਤੇ ਪ੍ਰਦੂਸ਼ਨ- ਪੱਧਰ ਨਜ਼ਰ ਆਉਣ ਲੱਗਾ ਹੈ। ਹੌਲੀ- ਹੌਲੀ ਅੰਕੜਾ ਉਪਰ ਵੱਲ ਜਾ ਰਿਹਾ ਹੈ। 235 ‘ਤੇ ਆ ਕੇ ਰੁਕ ਗਿਆ ਹੈ। ਮਤਲਬ ਮੇਰੇ ਕਮਰੇ ਅੰਦਰ ਪ੍ਰਦੂਸ਼ਨ-ਪੱਧਰ 235 ਹੈ।

ਪਿਓਰੀ ਫਾਇਰ ਨੇ ਕਮਰੇ ਦਾ ਪ੍ਰਦੂਸ਼ਨ ਚੂਸਣਾ ਆਰੰਭ ਕਰ ਦਿੱਤਾ ਹੈ। ਵੱਖ-ਵੱਖ ਰੰਗਾਂ ਦੀ ਰੌਸ਼ਨੀ ਪ੍ਰਗਟ ਹੋ ਰਹੀ ਹੈ। ਲਾਲ ਰੰਗ ਗੈਰ-ਸਿਹਤਮੰਦ ਦਾ ਸੰਕੇਲ ਹੈ, ਨੀਲਾ ਹੈ, ਜਾਮਣੀ ਹੈ। ਕਮਰੇ ਦਾ ਪ੍ਰਦੂਸ਼ਨ-ਪੱਧਰ 70-80 ‘ਤੇ ਆ ਗਿਆ ਹੈ। ਪਿਓਰੀ ਫਾਇਰ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਮੈਂ ਸੁਖ ਦਾ ਸਾਹ ਲਿਆ ਹੈ। ਪਰ ਸੁਖ ਦਾ ਸਾਹ ਕਿੰਨੀ ਦੇਰ ਲਈ?

ਹੁਣੇ ਦਰਵਾਜ਼ਾ ਖੁਲ੍ਹੇਗਾ। ਪ੍ਰਦੂਸ਼ਨ-ਪੱਧਰ ਛੜੱਪੇ ਮਾਰ ਕੇ 100 ਟੱਪ ਜਾਵੇਗਾ। ਹੇਠਾਂ ਲਿਆਉਣ ਲਈ ਪਿਓਰੀ ਫਾਇਰ ਨੂੰ ਮੁੜ ਜਦੋ-ਜਹਿਦ ਦੇ ਅਰਮ ਵਿਚੋਂ ਲੰਘਣਾ ਪਵੇਗਾ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਪ੍ਰਦੂਸ਼ਨ ਮਨੁੱਖੀ ਸਿਹਤ ਲਈ ਵੱਡਾ ਖ਼ਤਰਾ ਬਣ ਗਿਆ ਹੈ। ਸੰਸਾਰ ਦੀ 99 ਪ੍ਰਤੀਸ਼ਤ ਆਬਾਦੀ ਨਿਸ਼ਚਤ ਮਿਆਰ ਤੋਂ ਵੱਧ ਪ੍ਰਦੂਸ਼ਨ ਵਿਚ ਸਾਹ ਲੈ ਰਹੀ ਹੈ। ਦੁਨੀਆਂ ਵਿਚ ਹਰ ਸਾਲ 80 ਲੱਖ ਲੋਕ ਉਨ੍ਹਾਂ ਬਿਮਾਰੀਆਂ ਨਾਲ ਮਰ ਰਹੇ ਹਨ ਜਿਹੜੀਆਂ ਸਿੱਧੇ ਤੌਰ ‘ਤੇ ਪ੍ਰਦੂਸ਼ਨ ਨਾਲ ਸੰਬੰਧਤ ਹਨ।

ਨਵੇਂ ਅੰਕੜਿਆ ਵਿਸ਼ਵ ਸਿਹਤ ਸੰਗਠਨ ਨੇ 2021 ਵਿਚ ਨਵੀਆਂ ਖੋਜਾਂ ਨਵੇਂ ਅੰਕੜਿਆਂ ਦੇ ਅਧਾਰ ‘ਤੇ ਪ੍ਰਦੂਸ਼ਨ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਸਨ।

ਸਾਲ 2024 ਦੇ ਅੰਕੜਿਆਂ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਤੀਸਰਾ ਦੇਸ਼ ਹੈ। ਜਿਸਦਾ ਔਸਤ ਪੀ.ਐਮ. 2.5 ਪੱਧਰ 50.6 ਮਾਈਕਰੋ ਗ੍ਰਾਮ ਪ੍ਰਤੀ ਘਣ ਮੀਟਰ ਹੈ। ਜਿੜਾ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਸ਼ਚਿਤ ਪੱਧਰ ਤੋਂ 10 ਗੁਣਾਂ ਵੱਧ ਹੈ। ਇਸਦੇ ਮੁਖ ਕਾਰਨ ਉਦਯੋਗਾਂ ਨਾਲ ਸੰਬੰਧਤ ਸਰਗਰਮੀਆਂ ਦੁਆਰਾ 53 ਪ੍ਰਤੀਸ਼ਤ, ਆਵਾਜਾਈ ਸਾਧਨਾਂ ਕਾਰਨ 27 ਪ੍ਰਤੀਸ਼ਤ ਅਤੇ ਫ਼ਸਲਾਂ ਸਾੜਨ ਕਾਰਨ 17 ਪ੍ਰਤੀਸ਼ਤ ਹਨ।

ਭਾਰਤ ਵਿਚ ਹਰ ਸਾਲ 20 ਲੱਖ ਤੋਂ ਵੱਧ ਮੌਤਾਂ ਕੇਵਲ ਪ੍ਰਦੂਸ਼ਨ ਕਾਰਨ ਹੁੰਦੀਆਂ ਹਨ।
11 ਮਾਰਚ 2025 ਨੂੰ ਜਾਰੀ ਕੀਤੀ ਗਈ ਇਕ ਤਾਜ਼ਾ ਰਿਪੋਰਟ ਮੁਤਾਬਕ ਦੁਨੀਆਂ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਭਾਰਤ ਦੇ ਹਨ। ਦਿੱਲੀ ਦੁਨੀਆਂ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਹੈ।

ਭਾਰਤ ਦੀ ਗੱਲ ਕਰੀਏ ਤਾਂ ਦਿੱਲੀ ਤੋਂ ਬਾਅਦ ਹਾਜੀਪੁਰਾ (ਬਿਹਾਰ) ਅਤੇ ਗਾਜੀਆਬਾਦ (ਉੱਤਰ ਪ੍ਰਦੇਸ਼) ਦਾ ਨੰਬਰ ਆਉਂਦਾ ਹੈ।
ਪ੍ਰਦੂਸ਼ਨ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘ਪਾਲਿਊਸ਼ਨ’ਤੋਂ ਆਇਆ ਹੈ।ਜਿਸਦਾ ਅਰਥ ਹੈ ‘ਮੰਦਾ ਕਰਨਾ’। ਪ੍ਰਦੂਸ਼ਨ, ਵਾਤਾਵਰਨ ਵਿਚ ਹਾਨੀਕਾਰਕ ਪਦਾਰਥਾਂ ਨੂੰ ਮਿਲਾ ਕੇ ਹਵਾ, ਪਾਣੀ ਅਤੇ ਭੂਮੀ ਨੂੰ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ। ਇਸਨੇ ਵਾਤਾਵਰਨ ਦਾ ਸੰਤੁਲਨ ਵਿਗਾੜ ਕੇ ਧਰਤੀ ‘ਤੇ ਹਰ ਤਰ੍ਹਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।

50 ਤੋਂ ਘੱਟ ਪ੍ਰਦੂਸ਼ਨ-ਪੱਧਰ ਵਧੀਆ ਮੰਨਿਆ ਜਾਂਦਾ ਹੈ। 51-100 ਨੂੰ ਦਰਮਿਆਨਾ ਕਿਹਾ ਜਾਂਦਾਹੈ। 101-150 ਪੱਧਰ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਲਈ ਮਾੜਾ ਹੁੰਦਾ ਹੈ। 151-200 ਗੈਰ-ਸਿਹਤਮੰਦ ਦੀ ਸ਼੍ਰੇਣੀ ਵਿਚ ਆਉਂਦਾ ਹੈ। 201-300 ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਅਤੇ 301 ਤੋਂ ਉੱਪਰ ਦਾ ਪੱਧਰ ਖਤਰਨਾਕ ਘੋਸ਼ਿਤ ਕੀਤਾ ਗਿਆ ਹੈ। ਅਜਿਹੇ ਸਮੇਂ ਘਰ ਤੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ।

ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਦੀਵਾਲੀ ਤੋਂ ਅਗਲੀ ਸਵੇਰ ਇਕ ਦਿਲ ਦਾ ਮੀਰਜ਼ ਸੀਨੀਅਰ ਸਿਟੀਜ਼ਨ ਸੈਰ ਕਰਨ ਲਈ ਨਿਕਲ ਗਿਆ। ਵੱਡਾ ਸ਼ਹਿਰ ਹੋਣ ਕਰਕੇ ਰਾਤ ਇਕ ਦੋ ਵਜੇ ਤੱਕ ਪਟਾਕੇ ਚੱਲਦੇ ਰਹੇ ਸਨ। ਸਵੇਰ ਸਮੇਂ ਹਵਾ ਵਿਚ ਪ੍ਰਦੂਸ਼ਨ-ਪੱਧਰ ਬਹੁਤ ਉੱਚਾ ਸੀ। ਉਹ ਸੈਰ ਕਰਕੇ ਵਾਪਿਸ ਪਰਤਾ ਤਾਂ ਅਜਿਹਾ ਦਿਲ ਦਾ ਦੌਰਾ ਪਿਆ ਕਿ ਜੀਵਨ-ਖੇਡ ਸਮਾਪਤ ਹੋ ਗਈ।
ਦੁਨੀਆਂ ਦੇ ਵੱਖ-ਵੱਖ ਦੇਸ਼ਾਂ, ਵੱਖ-ਵੱਖ ਸ਼ਹਿਰਾਂ ਦੇ ਪ੍ਰਦੂਸ਼ਨ-ਪੱਧਰ ‘ਤੇ ਨਜ਼ਰ ਮਾਰੀਏ ਤਾਂ ਅੰਤਾਂ ਦੀ ਹੈਰਾਨੀ ਹੁੰਦੀ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ? ਕੀ ਕਰ ਰਹੇ ਹਾਂ? ਕਿਧਰ ਨੂੰ ਜਾ ਰਹੇ ਹਾਂ?

ਜਿਨ੍ਹਾਂ ਦੇਸ਼ਾਂ ਵਿਚ ਪ੍ਰਦੂਸ਼ਨ-ਪੱਧਰ ਬਹੁਤ ਉੱਚਾ ਹੈ ਉਨ੍ਹਾਂ ਵਿਚ ਪਹਿਲੇ 10-12 ਬੰਗਲਾਦੇਸ਼, ਪਾਕਿਸਤਾਨ, ਭਾਰਤ, ਬਹਿਰੀਨ, ਨਿਪਾਲ, ਇਜਿਪਟ, ਕੁਵੈਤ, ਤਿਜਾਕਸਤਾਨ, ਇਰਾਕ, ਯੂ.ਏ.ਈ., ਬੋਸਨੀਆ, ਵੀਅਤਨਾਮ ਆਦਿ ਹਨ।
ਦੂਸਰੇ ਪਾਸੇ ਜਿਹੜੇ ਚਰਚਿਤ ਮੁਲਕਾਂ ਵਿਚ ਪ੍ਰਦੂਸ਼ਨ ਦਾ ਪੱਧਰ ਬਹੁਤ ਨੀਵਾਂ ਹੈ ਉਨ੍ਹਾਂ ਵਿਚ ਆਸਟਰੇਲੀਆ, ਸਵੀਡਨ, ਫਿਨਲੈਂਡ, ਨਿਊਜ਼ੀਲੈਂਡ, ਕੈਨੇਡਾ, ਨੌਰਵੇ, ਆਇਰਲੈਂਡ, ਸਵਿਟਜ਼ਲੈਂਡ, ਆਸਟਰੀਆ, ਡੈਨਮਾਰਕ, ਇੰਗਲੈਂਡ ਆਦਿ ਸ਼ਾਮਲ ਹਨ।
ਇਨ੍ਹਾਂ ਮੁਲਕਾਂ ਦੇ ਕਈ ਸ਼ਹਿਰਾਂ-ਕਸਬਿਆਂ ਵਿਚ ਪ੍ਰਦੂਸ਼ਨ-ਪੱਧਰ ਕੇਵਲ 2-3 ਤੱਕ ਹੁੰਦਾ ਹੈ। ਭਾਰਤ ਵਿਚੋਂ ਗਏ ਲੋਕ ਅਜਿਹਾ ਵੇਖ ਕੇ ਹੈਰਾਨ ਰਹਿ ਜਾਂਦੇ ਹਨ। ਉਥੇ ਰਹਿਣ ਦੌਰਾਨ ਕਈ ਲੋਕਾਂ ਦੀਆਂ ਪ੍ਰਦੂਸ਼ਨ ਨਾਲ ਸੰਬੰਧਤ ਬਿਮਾਰੀਆਂ-ਪ੍ਰੇਸ਼ਾਨੀਆਂ ਕਾਫ਼ੀ ਹੱਦ ਤੱਕ ਘੱਟ ਜਾਂਦੀਆਂ ਹਨ। ਕਈ ਇਹ ਵੀ ਦੱਸਦੇ ਹਨ। ਕਿ ਉਥੇ ਜਾ ਕੇ ਉਨ੍ਹਾਂ ਨੂੰ ਬੀ.ਪੀ. ਦੀ ਗੋਲੀ ਖਾਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਅਤੇ ਸਾਰਾ ਦਿਨ ਥਕਾਵਟ ਵੀ ਨਹੀਂ ਹੁੰਦੀ।

ਹਵਾ ਪ੍ਰਦੂਸ਼ਨ, ਜਲ ਪ੍ਰਦੂਸ਼ਨ, ਭੂਮੀ ਪ੍ਰਦੂਸ਼ਨ ਨਾਲ ਜੁੜੇ ਅੰਕੜੇ ਅਚੰਭਿਤ ਕਰਨ ਵਾਲੇ ਹਨ। ਸਮੁੰਦਰ ਵਿਚ ਹਰ ਰੋਜ਼ 1.1 ਕਰੋੜ ਟਨ ਪਲਾਸਿਟਕ ਪਹੁੰਚਦੀ ਹੈ। ਜਿਹੜੀ 200 ਟਰੱਕਾਂ ਦਾ ਕਚਰਾ ਸਮੁੰਦਰ ਵਿਚ ਸੁੱਟਣ ਬਰਾਬਰ ਹੈ। ਸਮੁੰਦਰਾਂ ਵਿਚ ਪ੍ਰਤੀ ਵਰਗ ਕਿਲੋਮੀਟਰ 4 ਅਰਬ ਤੋਂ ਵੱਧ ਮਾਈਕਰੋਫਾਈਬਰ ਤੁਰਦੇ ਹਨ ਜਿਹੜੇ ਮਨੁੱਖ ਦੁਆਰਾ ਕੱਪੜੇ ਧੋਣ ਦੌਰਾਨ ਨਿਕਲਦੇ ਹਨ।
ਭੂਮੀ ਪ੍ਰਦੂਸ਼ਨ ਕਾਰਨ ਧਰਤੀ ਹਰ ਸਾਲ 24 ਅਰਥ ਟਨ ਉਪਰਲੀ ਪਰਤ ਦੀ ਮਿੱਟੀ ਗਵਾ ਦਿੰਦੀ ਹੈ। ਮਨੁੱਖ ਜੋ ਕਚਰਾ ਪੈਦਾ ਕਰਦਾ ਹੈ ਉਸ ਨਾਲ 63000 ਟਰੱਕ ਭਰ ਸਕਦੇ ਹਨ। ਦੁਨੀਆਂ ਵਿਚ ਹਰੇਕ ਸਾਲ 1.3 ਅਰਬ ਟਨ ਕਚਰਾ ਪੈਦਾ ਹੁੰਦਾ ਹੈ।
ਮਾਹਿਰ ਮੰਨਦੇ ਹਨ ਕਿ ਜੇਕਰ ਕਾਰਗਰ ਕਦਮ ਨਾ ਉਠਾਏ ਗਏ ਤਾਂ ਵੱਧਦਾ ਪ੍ਰਦੂਸ਼ਨ ਅਤੇ ਧਰਤੀ ਦਾ ਵੱਧਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਪਹੁੰਚ ਜਾਣਗੇ। ਸਾਲ 2100 ਤੱਕ ਪਹੁੰਚਦੇ ਪਹੁੰਚਦੇ ਇਨ੍ਹਾਂ ਦਾ ਖੂੰਖਾਰ ਰੂਪ ਸਾਹਮਣੇ ਆ ਜਾਵੇਗਾ।
ਇਕ ਹੋਰ ਸਰਵੇ ਅਨੁਸਾਰ ਪ੍ਰਦੂਸ਼ਨ ਕਾਰਨ ਹਰੇਕ ਸਾਲ 1000000 ਤੋਂ ਵਧੇਰੇ ਸਮੁੰਦਰੀ ਪੰਛੀਆਂ ਦੀ ਮੌਤ ਹੋ ਜਾਂਦੀ ਹੈ ਅਤੇ 1000000 ਤੋਂ ਵੱਧ ਹੋਰ ਸਮੁੰਦਰੀ ਜੀਵ ਮਾਰੇ ਜਾਂਦੇ ਹਨ।

ਜਿਹੜੇ ਲੋਕ ਉੱਚ-ਪੱਧਰੀ ਹਵਾ ਪ੍ਰਦੂਸ਼ਨ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ ਉਨ੍ਹਾਂ ਵਿਚ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਸਰਵੇ ਵਿਚ ਇਹ ਵੀ ਸਾਹਮਣੇ ਆਇਆ ਕਿ ਸਿਗਰਟ ਨਾ ਪੀਣ ਵਾਲਿਆਂ ਦੇ ਫੇਫੜਿਆਂ ਨੂੰ ਵੀ ਪ੍ਰਦੂਸ਼ਨ ਦੇ ਧੂੰਏਂ ਨੇ ਓਨਾ ਹੀ ਪ੍ਰਭਾਵਤ ਕੀਤਾ ਹੋਇਆ ਸੀ।
ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੀ ਕੁੱਲ ਆਬਾਦੀ, ਦੁਨੀਆਂ ਦੀ ਅਬਾਦੀ ਦਾ ਕੇਵਲ 5 ਪ੍ਰਤੀਸ਼ਤ ਹਿੱਸਾ ਹੈ ਪਰੰਤੂ ਪ੍ਰਦੂਸ਼ਨ ਪੈਦਾ ਕਰਨ ਵਿਚ ਉਹ ਬਹੁਤ ਅੱਗੇ ਹੈ। ਕਿਉਂਕਿ ਅਮਰੀਕਾ ਦੁਨੀਆਂ ਦਾ 25 ਪ੍ਰਤੀਸ਼ਤ ਕੋਇਲਾ ਬਾਲਦਾ ਹੈ, 26 ਪ੍ਰਤੀਸ਼ਤ ਤੇਲ ਵਰਤਦਾ ਹੈ ਅਤੇ 27 ਪ੍ਰਤੀਸ਼ਤ ਕੁਦਰਤੀ ਗੈਸ ਜਲਾਉਂਦਾ ਹੈ।

ਦੁਨੀਆਂ ਦੀ ਕੁੱਲ ਆਬਾਦੀ ਵਿਚ ਬੱਚਿਆਂ ਦੀ ਗਿਣਤੀ ਕੇਵਲ 10 ਪ੍ਰਤੀਸ਼ਤ ਹੈ ਪਰੰਤੂ ਬਿਮਾਰੀਆਂ ਦਾ 40 ਪ੍ਰਤੀਸ਼ਤ ਬੋਝ ਬੱਚਿਆਂ ’ਤੇ ਹੀ ਪੈਂਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ 3000000 ਤੋਂ ਵਧੇਰੇ ਬੱਚੇ ਹਰੇਕ ਸਾਲ ਵਾਤਾਵਰਣਕ ਕਾਰਨਾਂ ਕਰਕੇ ਮਰਦੇ ਹਨ।
ਘਰ ਦੇ ਅੰਦਰ ਦਾ ਪ੍ਰਦੂਸ਼ਨ ਇਕ ਵੱਡੀ ਸਮੱਸਿਆ ਹੈ। ਤਿੰਨ ਅਰਬ ਲੋਕ ਅਜਿਹੇ ਹਨ ਜਿਨ੍ਹਾਂ ਦੀ ਰਸੋਈ ਗੈਸ ਤੱਕ ਪਹੁੰਚ ਨਹੀਂ ਹੈ। ਉਹ ਅੱਜ ਵੀ ਸਟੋਵ ਜਾਂ ਖੁਲ੍ਹੀ ਅੱਗ ਦੀ ਵਰਤੋਂ ਕਰਦੇ ਹਨ। ਨਤੀਜੇ ਵਜੋਂ ਇਸ ਤੋਂ ਵਧੇਰੇ ਕਰਕੇ ਔਰਤਾਂ ਅਤੇ ਬੱਚੇ ਪ੍ਰਭਾਵਤ ਹੁੰਦੇ ਹਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਹਵਾ ਪ੍ਰਦੂਸ਼ਨ ਕਾਰਨ ਸਾਡੇ ਗ੍ਰਹਿ ਧਰਤੀ ‘ਤੇ ਪ੍ਰਦੂਸ਼ਨ ਕਾਰਨ ਸਾਡੇ ਗ੍ਰਹਿ ਧਰਤੀ ‘ਤੇ ਵੱਡੀਆਂ ਜਲਵਾਯੂ ਤਬਦੀਲੀਆਂ ਵਾਪਰ ਰਹੀਆਂ ਹਨ। ਨਤੀਜੇ ਵਜੋਂ ਪੂਰੀ ਧਰਤੀ ਪ੍ਰਦੂਸ਼ਨ ਦੀ ਮਾਰ ਝੱਲ ਰਹੀ ਹੈ। ਦਿਨੋਂ ਦਿਨ ਮੁਕਾਬਲਾਤਨ ਪ੍ਰਦੂਸ਼ਨ ਵੱਧ ਹੁੰਦਾ ਜਾ ਰਿਹਾ ਹੈ।

ਦੁਨੀਆਂ ਵਿਚ ਇਕ ਬਿਲੀਅਨ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲਦਾ। ਹਰ ਰੋਜ਼ 5000 ਤੋਂ ਵੱਧ ਲੋਕ ਪ੍ਰਦੂਸ਼ਿਤ ਪਾਣੀ ਪੀਣ ਨਾਲ ਮਰ ਰਹੇ ਹਨ।
ਨੌਬਤ ਇਥੋਂ ਤੱਕ ਪਹੁੰਚ ਗਈ ਹੈ ਕਿ ਉੱਚ-ਪੱਧਰੀ ਪ੍ਰਦੂਸ਼ਨ ਵਾਲੇ ਦੇਸ਼ ਆਸ ਪਾਸ ਦੇ ਦੇਸ਼ਾਂ ਦਾ ਮੌਸਮ ਅਤੇ ਪ੍ਰਦੂਸ਼ਨ- ਪੱਧਰ ਵਿਗਾੜ ਰਹੇ ਹਨ।
ਕੋਈ ਦੇਸ਼, ਕੋਈ ਸ਼ਹਿਰ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸਦਾ ਪ੍ਰਦੂਸ਼ਨ-ਪੱਧਰ ਅੱਜ ਨੀਵਾਂ ਹੈ ਅਤੇ ਇਹ ਨੇੜ- ਭਵਿੱਖ ਵਿਚ ਵੀ ਨੀਵਾਂ ਬਣਿਆ ਰਹੇਗਾ।

ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਸਮਿਆਂ ਵਿਚ ਆਪਣੇ ਆਪ ਨੂੰ ਪ੍ਰਦੂਸ਼ਨ ਤੋਂ ਕਿਵੇਂ ਅਤੇ ਕਿੰਨਾ ਕੁ ਬਚਾਇਆ ਜਾ ਸਕਦਾ ਹੈ? ਘਰ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਏਅਰ ਪਿਓਰੀਫਾਇਰ ਦੀ ਵਰਤੋਂ ਕਰ ਸਕਦੇ ਹਾਂ।
ਵਿਟਾਮਿਨ ਸੀ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ। ਧੂੰਏ ਦੇ ਸਿੱਧੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ। ਘਰ ਅਤੇ ਘਰ ਦੇ ਆਸ-ਪਾਸ ਪੇੜ-ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਹਰਿਆਵਲ ਹਵਾ ਨੂੰ ਸਾਫ਼ ਕਰੇ। ਗ੍ਰੀਨ ਚਾਹ, ਅਦਰਕ, ਤੁਲਸੀ, ਹਲਦੀ, ਲਸਣ ਜਿਹੀਆਂ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ। ਮਾਸਕ ਪਹਿਨ ਕੇ ਪ੍ਰਦੂਸ਼ਨ ਦੇ ਦੁਰ-ਪ੍ਰਭਾਵਾਂ ਤੋਂ ਕਿਸੇ ਹੱਦ ਤੱਕ ਬਚਿਆ ਜਾ ਸਕਦਾ ਹੈ। ਮਾਸਕ, ਐੱਨ 95, ਐੱਨ 99 ਜਾਂ ਪੀ.100 ਹੋਣਾ ਚਾਹੀਦਾ ਹੈ। ਸੈਰ-ਕਸਰਤ ਕਰਨ ਨਾਲ ਵੀ ਫਾਇਦਾ ਮਿਲਦਾ ਹੈ। ਪਰੰਤੂ ਕਸਰਤ ਘਰ ਦੇ ਅੰਦਰ ਹੀ ਕਰਨੀ ਚਾਹੀਦੀ ਹੈ ਅਤੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਹਨ।
ਬਹੁਤ ਸਾਰੇ ਅਜਿਹੇ ਕੁਦਰਤੀ ਪੌਦੇ ਹਨ ਜਿਹੜੇ ਹਵਾ ਦੀ ਗੁਣਵਤਾ ਨੂੰ ਬਿਹਤਰ ਬਣਾਉਂਦੇ ਹਨ। ਅਜਿਹੇ ਪੌਦੇ ਗਮਲਿਆਂ ਵਿਚ ਲਗਾ ਕੇ ਘਰ ਦੇ ਅੰਦਰ ਰੱਖੇ ਜਾ ਸਕਦੇ ਹਨ।

ਜਿਨ੍ਹਾਂ ਦਿਨਾਂ ਵਿਚ ਪ੍ਰਦੂਸ਼ਨ-ਪੱਧਰ ਵਧੇਰੇ ਉੱਚਾ ਹੁੰਦਾ ਹੈ ਉਨ੍ਹਾਂ ਦਿਨਾਂ ਵਿਚ ਸਰਕਾਰਾਂ ਅਤੇ ਪ੍ਰਸ਼ਾਸਨ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹਨ। ਉਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।
ਪੰਜਾਬ ਵਿਚ ਦੀਵਾਲੀ ਤੋਂ ਬਾਅਦ ਅਤੇ ਖੇਤਾਂ ਵਿਚ ਪਰਾਲੀ ਨੂੰ ਜਲਾਉਣ ਦੌਰਾਨ ਸਥਿਤੀ ਖ਼ਤਰਨਾਕ ਬਣ ਜਾਂਦੀ ਹੈ। ਹਵਾ ਵਿਚ ਜ਼ਹਿਰੀਲੇ ਕਣਾਂ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਅੱਧ ਅਕਤੂਬਰ ਵਿਚ ਹੀ ਹਵਾ ਦੀ ਗੁਣਵਤਾ ਗੰਭੀਰ ਹੋ ਗਈ ਹੈ। ਜਲੰਧਰ, ਲੁਧਿਆਣਾ, ਪਟਿਆਲਾ ਵਿਚ ਏ.ਕਿਓ.ਆਈ 200 ਦੇ ਨੇੜੇ ਪਹੁੰਚ ਗਿਆ ਹੈ। ਹਵਾ ਦੀ ਘੱਟ ਗਤੀ ਅਤੇ ਤਾਪਮਾਨ ਦੀ………..ਗਿਰਾਵਟ ਕਾਰਨ ਪ੍ਰਦੂਸ਼ਕ ਕਣ ਹਵਾ ਵਿਚ ਜਮ੍ਹਾਂ ਹੋ ਜਾਂਦੇ ਹਨ। ਇੰਝ ਲੱਗਦਾ ਹੈ ਜਿਵੇਂ ਹਵਾ ਵਿਚ ਜ਼ਹਿਰ ਘੁਲ ਗਿਆ ਹੋਵੇ। ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆਉਂਦਾ ਹੈ। ਸਾਹਾਂ ਲਈ ਸੰਕਟ ਪੈਦਾ ਹੋ ਜਾਂਦਾ ਹੈ।

ਭਾਰਤ ਵਿਚ ਦਿੱਲੀ, ਪੰਜਾਬ ਅਤੇ ਹਰਿਆਣਾ ਦੀ ਸਥਿਤੀ ਸਭ ਤੋਂ ਖ਼ਰਾਬ ਹੁੰਦੀ ਹੈ। ਪ੍ਰਦੂਸ਼ਨ ਕਾਰਨ ਪੰਜਾਬ ਦੇ ਲੋਕਾਂ ਦੀ ਉਮਰ 4-5 ਸਾਲ ਘੱਟ ਹੋ ਗਈ ਹੈ। ਦਿੱਲੀ ਦੇ ਲੋਕਾਂ ਨੂੰ ਆਪਣੀ ਉਮਰ ਵਿਚ 7-8 ਸਾਲ ਦੀ ਕਟੌਤੀ ਨਾਲ ਪ੍ਰਦੂਸ਼ਨ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ।
ਦਿੱਲੀ, ਪੰਜਾਬ, ਹਰਿਆਣਾ ਦੇ ਸ਼ਹਿਰਾਂ ਵਿਚ ਅਕਤੂਬਰ-ਨਵੰਬਰ ਮਹੀਨਿਆਂ ਵਿਚ ਪ੍ਰਦੂਸ਼ਨ 250 ਤੋਂ 400 ਤੱਕ ਪਹੁੰਚ ਜਾਂਦਾ ਹੈ। ਇਹ ਸਮੂਹਕ ਸਿਹਤ ਐਮਰਜੈਂਸੀ, ਵਾਲੇ ਹਾਲਾਤ ਬਣ ਜਾਂਦੇ ਹਨ। ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਬੇਹੱਦ ਚੌਕਸੀ ਵਰਤਣ ਦੀ ਲੋੜ ਹੁੰਦੀ ਹੈ। ਪਰ ਅਜਿਹੀ ਸਥਿਤੀ ਵਿਚ ਆਖਿਰ ਕਿੰਨਾ ਕੁ ਬਚ ਸਕਦੇ ਹਾਂ ਅਸੀਂ?

ਪ੍ਰੋ. ਕੁਲਬੀਰ ਸਿੰਘ
9417153513