
ਪ੍ਰੋ. ਕੁਲਬੀਰ ਸਿੰਘ
ਪੰਜਾਬ ਦੇ ਬਹੁਤੇ ਹਿੱਸੇ ਵਿਚ ਹੜ੍ਹ ਆਏ ਹੋਏ ਹਨ। ਪੀੜ੍ਹਤ ਪ੍ਰਭਾਵਤ ਲੋਕ ਡਾਹਢੇ ਪ੍ਰੇਸ਼ਾਨ ਹਨ। ਜਿਹੜੇ ਪ੍ਰਭਾਵਤ ਨਹੀਂ ਉਹ ਵੀ ਉਨ੍ਹਾਂ ਬਾਰੇ ਸੋਚ ਸੋਚ ਕੇ ਪੇ੍ਰਸ਼ਾਨ ਹਨ। ਹਰ ਕੋਈ ਆਪਣੀ-ਆਪਣੀ ਪੱਧਰ ‘ਤੇ ਬਚਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਨ-ਮਾਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਅਖ਼ਬਾਰਾਂ ਦੇ ਪੰਨਿਆਂ ‘ਤੇ, ਟੈਲੀਵਿਜ਼ਨ ਦੀ ਸਕਰੀਨ ‘ਤੇ ਦੁਖਦਾਈ ਤਸਵੀਰਾਂ ਨਜ਼ਰ ਆ ਰਹੀਆਂ ਹਨ।
ਪੰਜਾਬ ਵਿਚ ਹੜ੍ਹ ਪਹਿਲੀ ਵਾਰ ਨਹੀਂ ਆਏ। ਪਰ ਇਹ ਆਉਂਦੇ ਕਿਉਂ-ਕਿਵੇਂ ਹਨ? ਕੀ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ? ਜੇ ਆ ਹੀ ਗਏ ਤਾਂ ਕਿਹੜੇ ਕਦਮ ਉਠਾਏ ਜਾਣ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ?
ਜਿਨ੍ਹਾਂ ਦੇ ਖੇਤਾਂ ਵਿਚ, ਜਿਨ੍ਹਾਂ ਦੇ ਘਰਾਂ ਵਿਚ ਹੜ੍ਹਾਂ ਦਾ ਸ਼ੂਕਦਾ ਪਾਣੀ ਆਣ ਵੜਦਾ ਹੈ ਉਹੀ ਜਾਣਦੇ ਹਨ ਉਨ੍ਹਾਂ ‘ਤੇ ਕੀ ਬੀਤਦੀ ਹੈ। ਕੋਈ ਦੂਸਰਾ ਉਸ ਭੈੜੀ ਡਰਾਉਣੀ ਪੀੜ ਦੀ ਸ਼ਿੱਦਤ ਦਾ ਅਹਿਸਾਸ ਨਹੀਂ ਕਰ ਸਕਦਾ।
ਹੜ੍ਹਾਂ ਲਈ ਵਧੇਰੇ ਕਰਕੇ ਪ੍ਰਾਕਿਰਤਕ ਕਾਰਨ ਜ਼ਿੰਮੇਵਾਰ ਹੁੰਦੇ ਹਨ। ਜਿਵੇਂ ਲੰਮੇ ਸਮੇਂ ਤੱਕ ਭਾਰੀ ਵਰਖਾ ਦਾ ਪੈਣਾ। ਪਰ ਰਾਹਾਂ ਵਿਚ ਮਨੁੱਖ ਦੁਆਰਾ ਡਾਹੇ ਅੜਿੱਕਿਆਂ ਕਰਨ ਵੀ ਹੜ੍ਹ ਆਉਂਦੇ ਹਨ। ਰੋਕਾਂ ਰੁਕਾਵਟਾਂ ਸਥਿਤੀ ਨੂੰ ਹੋਰ ਸੰਗੀਨ ਬਣਾ ਦਿੰਦੀਆਂ ਹਨ। ਲੰਮੀਆਂ ਕਾਰਗਰ ਯੋਜਨਾਵਾਂ ਉਲੀਕ ਕੇ, ਡੈਮਾਂ ਅਤੇ ਪਾਣੀ ਦੀਆਂ ਨਿਕਾਸ ਪ੍ਰਣਾਲੀਆਂ ਨੂੰ ਬਿਹਤਰ ਕਰਕੇ, ਰੋਕਾਂ ਰੁਕਾਵਟਾਂ ਨੂੰ ਹਟਾ ਕੇ, ਕੰਢੇ ਕਿਨਾਰਿਆਂ ਨੂੰ ਪੱਕਿਆਂ ਕਰਕੇ, ਵੱਡੀ ਪੱਧਰ ‘ਤੇ ਰੁੱਖ ਅਤੇ ਬਨਸਪਤੀ ਲਗਾ ਕੇ ਹੀ ਭਿਆਨਕ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ।
ਧਰਤੀ ‘ਤੇ ਸਭ ਤੋਂ ਵੱਧ ਹੜ੍ਹ ਨੀਦਰਲੈਂਡ ਵਿਚ ਆਉਂਦੇ ਹਨ। ਦੂਸਰਾ ਨੰਬਰ ਬੰਗਲਾਦੇਸ਼ ਦਾ ਹੈ। ਇਨ੍ਹਾਂ ਦੇਸ਼ਾਂ ਦੀ ਅੱਧੀ ਵਸੋਂ ਹਰ ਵੇਲੇ ਖਤਰੇ ਵਿਚ ਰਹਿੰਦੀ ਹੈ। ਨੀਦਰਲੈਂਡ ਵਿਚ ਹੜ੍ਹਾਂ ਦੀ ਰੋਕਥਾਮ ਵੱਡਾ ਮੁੱਦਾ ਹੈ। ਪਰੰਤੂ ਵਿਕਾਸ ਦੇ ਨਾਂ ‘ਤੇ ਹੋ ਰਹੀ ਉਸਾਰੀ ਰੋਕਥਾਮ ਦੇ ਰਾਹ ਵਿਚ ਵੱਡੀ ਰੁਕਾਵਟ ਹੈ।
ਨੀਦਰਲੈਂਡ ਦਾ ਵਧੇਰੇ ਹਿੱਸਾ ਸਮੁੰਦਰੀ-ਤਲ ਤੋਂ ਨੀਵਾਂ ਹੈ। ਇਸ ਲਈ ਉਥੇ ਹੜ੍ਹ ਆਏ ਹੀ ਰਹਿੰਦੇ ਹਨ। ਪਰੰਤੂ ਉਨ੍ਹਾਂ ਨੇ ਇਸਦਾ ਸਥਾਈ ਠੋਸ ਹੱਲ ਲੱਭ ਲਿਆ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ ਨੀਦਰਲੈਂਡ ਤੋਂ ਪਾਣੀ-ਪ੍ਰਬੰਧ ਸਿੱਖ ਰਹੇ ਹਨ। ਸਾਲ 1953 ਵਿਚ ਨੀਦਰਲੈਂਡ ਵਿਚ ਵਿਨਾਸ਼ਕਾਰੀ ਹੜ੍ਹ ਆਏ ਸਨ। ਛੇ ਸੌ ਵਰਗ ਮੀਲ ਹਿੱਸਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਸੀ। ਉਦੋਂ ਤੋਂ ਨੀਦਰਲੈਂਡ ਨੇ ਪੱਕਾ ਇਰਾਦਾ ਕਰ ਲਿਆ ਸੀ ਹੜ੍ਹਾਂ ਨੂੰ ਕਾਬੂ ਕਰਨ ਦਾ, ਹੜ੍ਹਾਂ ਨੂੰ ਆਪਣੀ ਲੋੜ ਸਹੂਲਤ ਅਨੁਸਾਰ ਵਰਤਣ-ਢਾਲਣ ਦਾ। ਇਹਦੇ ਲਈ ਹੜ੍ਹਾਂ ਦੀ ਰੋਕਥਾਮ ਦੀ ਦੁਨੀਆ ਭਰ ਤਕਨੀਕ ਨੂੰ ਸਮਝਦਿਆਂ, ਸਥਾਨਕ ਸਥਿਤੀਆਂ ਅਨੁਸਾਰ ਢਾਲ ਕੇ ਪ੍ਰਯੋਗ ਵਿਚ ਲਿਆਂਦਾ ਗਿਆ।
ਪਾਣੀ ਵਿਚ ਤੈਰਨ ਵਾਲੇ ਘਰ:
ਘਰ ਪਾਣੀ ਵਿਚ ਤੈਰਨ ਵਾਲੇ ਬਣਾ ਲਏ ਗਏ। ਪਾਣੀ ਦੇ ਨਿਕਾਸੀ-ਪ੍ਰਬੰਧ ਨੂੰ ਬਿਹਤਰੀਨ ਰੂਪ ਦਿੱਤਾ ਗਿਆ ਅਤੇ ਉਸਦੀ ਦੇਖ-ਭਾਲ ‘ਤੇ ਲਗਾਤਾਰ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਸ਼ਹਿਰਾਂ ਵਿਚੋਂ ਪਾਣੀ ਬਾਹਰ ਕੱਢਣ ਲਈ ਪੀਪਿੰਗ-ਸਿਸਟਮ ਦੀ ਵਿਵਸਥਾ ਕੀਤੀ ਗਈ।
ਸ਼ਹਿਰਾਂ ਵਿਚ ਸਮੁੰਦਰੀ ਕੰਢਿਆਂ ‘ਤੇ ਵਿਸ਼ਾਲ ਗੇਟ ਬਣਾਏ ਗਏ ਹਨ ਜਿਹੜੇ ਪਾਣੀ ਨੂੰ ਰੋਕਣ ਦਾ ਕੰਮ ਕਰਦੇ ਹਨ। ਜਦ ਹੜ੍ਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਉਥੇ ਪਾਣੀ ਦੀਆਂ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਆਮ ਲੋਕਾਂ ਨੇ ਵੀ ਹੜ੍ਹਾਂ ਨੂੰ ਆਪਣੀ ਸਹੂਲਤ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪੀਪਿੰਗ-ਸਿਸਟਮ ਨਾਲ ਸ਼ਹਿਰਾਂ ਵਿਚੋਂ ਕੱਢੇ ਗਏ ਪਾਣੀ ਨੂੰ ਖੇਤੀ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਮਕੈਨੀਕਲ ਬੈਰੀਅਰ
ਇੰਗਲੈਂਡ ਨੇ ਲੰਡਨ ਦੀ ਥੇਮਸ ਨਦੀ ‘ਤੇ ਮਕੈਨੀਕਲ ਬੈਰੀਅਰ ਬਣਾਇਆ ਹੋਇਆ ਹੈ ਜਿਹੜਾ ਸ਼ਹਿਰ ਵਿਚ ਪਾਣੀ ਭਰਨ ਤੋਂ ਬਚਾ ਕਰਦਾ ਹੈ। ਫਰਾਂਸ ਵਿਚ ਪਾਣੀ ਲਈ ਅਨੇਕਾਂ ਜਲ-ਭੰਡਾਰ ਤਿਆਰ ਕੀਤੇ ਗਏ ਹਨ। ਤਕਨੀਕ ਅਤੇ ਦਿਮਾਗ ਦੀ ਵਰਤੋਂ ਕਰਦਿਆਂ ਸਥਾਨਕ ਸਥਿਤੀਆਂ ਤੇ ਲੋੜਾਂ ਅਨੁਸਾਰ ਸਾਨੂੰ ਵੀ ਹੜ੍ਹਾਂ ਦੀ ਰੋਕਥਾਮ ਲਈ ਵੱਡੇ ਯਤਨ ਆਰੰਭਣੇ ਪੈਣਗੇ। ਤਦ ਹੀ ਭਵਿੱਖ ਵਿਚ ਹੜ੍ਹਾਂ ਤੋਂ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਸੁਚੱਜੀ ਵਰਤੋਂ
ਬਗਜ਼ੀਲ, ਨਿਊਜ਼ੀਲੈਂਡ, ਚੀਨ ਅਤੇ ਥਾਈਲੈਂਡ ਉਹ ਦੇਸ਼ ਹਨ ਜਿਨ੍ਹਾਂ ਨੇ ਵਰਖਾ ਦੇ ਪਾਣੀ ਨੂੰ ਸੰਕਟ ਬਣਨ ਤੋਂ ਰੋਕਣ ਲਈ ਵਿਸ਼ਾਲ ਕਾਰਗਰ ਯੋਜਨਾਵਾਂ ਉਲੀਕੀਆਂ ਹੋਈਆਂ ਹਨ। ਜਰਮਨੀ ਨੇ ਇਸ ਦਿਸ਼ਾ ਵਿਚ 1980 ਤੋਂ ‘ਰੇਨ ਵਾਟਰ ਹਾਰਵੈਸਟਿੰਗ’ ‘ਤੇ ਕਾਰਜ ਆਰੰਭ ਕਰ ਦਿੱਤਾ ਸੀ। ਅਸਟਰੇਲੀਆ ਅਤੇ ਸਿੰਗਾਪੁਰ ਵੀ ਬਰਸਾਤ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਜਾਣੇ ਜਾਂਦੇ ਹਨ। ਵੀਅਤਨਾਮ, ਇਜ਼ਰਾਈਲ, ਜਪਾਨ ਵੀ ਇਸ ਪੱਖੋਂ ਪਿੱਛੋਂ ਨਹੀਂ ਹਨ।
ਵਰਖਾ ਦਾ ਪਾਣੀ ਹੜ੍ਹਾਂ ਦੇ ਰੂਪ ਵਿਚ ਡਰਾਉਣੀ ਸਥਿਤੀ ਪੈਦਾ ਨਾ ਕਰੇ ਅਤੇ ਉਸ ਪਾਣੀ ਨੂੰ ਆਪਣੇ ਕੰਟਰੋਲ ਵਿਚ ਕਰਕੇ ਉਸਦੀ ਸੁਚੱਜੀ ਵਰਤੋਂ ਕਰਨ ਲਈ ਉਪਰੋਕਤ ਦੇਸ਼ਾਂ ਨੇ ਕਿਹੜੇ ਪ੍ਰਬੰਧ ਕੀਤੇ ਹੋਏ ਹਨ।
ਰੇਨ ਵਾਟਰ ਹਾਰਵੈਸਟਿੰਗ:
ਦੁਨੀਆ ਦੇ ਬਹੁਤ ਸਾਰੇ ਦੇਸ਼ ਛੱਤਾਂ ਅਤੇ ਸੜਕਾਂ ਤੋਂ ਵਰਖਾ ਦਾ ਪਾਣੀ ਇਕੱਠਾ ਕਰਕੇ ਉਸਦੀ ਵਰਤੋਂ ਘਰ ਦੇ ਕੰਮਾਂ ਲਈ, ਬਗੀਚੇ ਲਈ, ਕੱਪੜੇ ਧੋਣ ਲਈ, ਫਲੱਸ਼ ਲਈ, ਖੇਤੀਬਾੜੀ ਲਈ ਕਰਦੇ ਹਨ। ਹੁਣ ਤਾਂ ਨਵੀਆਂ ਤਕਨੀਕਾਂ ਅਪਣਾ ਕੇ ਵਰਖਾ ਦੇ ਪਾਣੀ ਦੀ ਪੀਣ ਲਈ ਵੀ ਵਰਤੋਂ ਕੀਤੀ ਜਾਣ ਲੱਗੀ ਹੈ।
ਗਟਰ ਅਤੇ ਟੈਂਕ ਵਿਚ ਵੀ ਵਰਖਾ ਦਾ ਪਾਣੀ ਸਾਂਭਿਆ ਜਾਂਦਾ ਹੈ। ਬੋਰ ਵਿਚ ਡੂੰਘੇ ਪਾਈਪ ਪਾ ਕੇ ਇਸ ਪਾਣੀ ਨੂੰ ਧਰਤੀ ਅੰਦਰ ਭੇਜਿਆ ਜਾਂਦਾ ਹੈ। ਹਰੇਕ ਘਰ ਲਈ ਲਾਜ਼ਮੀ ਹੈ ਕਿ ਉਹ ਛੱਤ ਅਤੇ ਵਿਹੜੇ ਦਾ ਪਾਣੀ ਸਟੋਰ ਕਰੇ। ਭਾਰਤ ਦੇ ਕਈ ਸੂਬਿਆਂ ਵਿਚ ਵੀ ਅਜਿਹਾ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ।
ਸਭ ਤੋਂ ਜ਼ਰੂਰੀ ਨਦੀਆਂ ਦਰਿਆਵਾਂ ਦੇ ਕੰਢੇ-ਕਿਹਾਰੇ ਪੈਦੇ, ਉੱਚੇ, ਮਜ਼ਬੂਤ ਕਰਨ ਦੀ ਯੋਜਨਾ ਉਲੀਕਣੀ ਚਾਹੀਦੀ ਹੈ।