ਪ੍ਰੋ.(ਡਾ.) ਯੋਗੇਸ਼ ਚੰਦਰ ਸੂਦ ਦੀਆਂ ਤਿੰਨ ਹਿੰਦੀ ਮਿੰਨੀ ਕਹਾਣੀਆਂ

ਪ੍ਰੋ.(ਡਾ.) ਯੋਗੇਸ਼ ਚੰਦਰ ਸੂਦ ਦੀਆਂ ਤਿੰਨ ਹਿੰਦੀ ਮਿੰਨੀ ਕਹਾਣੀਆਂ

1
ਬਾਊ ਜੀ

ਬਾਊ ਜੀ ਸਰਕਾਰੀ ਨੌਕਰੀ ਤੋਂਂ ਸੇਵਾ ਮੁਕਤ ਹੋ ਚੁੱਕੇ ਇਕ ਵੱਡੇ ਅਫਸਰ ਸੀ। ਸਾਰਾ ਪਰਿਵਾਰ ਹੀ ਉਹਨਾਂ ਨੂੰ ਬਾਊ ਜੀ ਕਹਿੰਦਾ। ਆਪਣੇ ਆਂਡ-ਗਵਾਂਡ ਵਿਚ ਹੀ ਨਹੀਂ ਬਲਕਿ ਸਮਾਜ ਵਿਚ ਵੀ ਉਹਨਾਂ ਦਾ ਬਹੁਤ ਮਾਣ-ਸਨਮਾਨ ਸੀ। ਉਹਨਾਂ ਦਾ ਪੁੱਤਰ ਅਤੇ ਨੂੰਹ ਵਿਦੇਸ ਵਿਚ ਸੀ।
ਬਾਊ ਜੀ ਆਪਣੀ ਪਤਨੀ ਨਾਲ ਪਿੰਡ ਹੀ ਰਹਿੰਦੇ। ਇਕ ਦਿਨ ਜਦੋਂ ਉਹ ਸੈਰ ਕਰਕੇ ਵਾਪਿਸ ਘਰ ਪਹੁੰਚੇ ਤਾਂ ਕਾਫੀ ਥੱਕੇ ਹੋਏ ਸੀ। ਸਾਰੇ ਸਰੀਰ ਵਿਚ ਹੀ ਥੋਹੜਾ-ਥੋਹੜਾ ਦਰਦ ਹੋ ਰਿਹਾ ਸੀ। ਸ਼ਾਇਦ ਬੁਖਾਰ ਵੀ। ਉਹ ਬਿਨਾਂ ਕੁਝ ਖਾਧੇ-ਪੀਤੇ ਮੰਜੇ ‘ਤੇ ਪੈ ਗਏ।

ਸ਼ਾਮ ਨੂੰ ਜਦੋਂ ਉਹਨਾਂ ਦੇ ਬੇਟੇ ਦਾ ਫੋਨ ਆਇਆ ਤਾਂ ਮਾਂ ਨੇ ਹੀ ਗੱਲ ਕੀਤੀ ਅਤੇ ਬਾਊ ਜੀ ਦੀ ਤਬੀਅਤ ਬਾਰੇ ਦੱਸਿਆ। ਪੁੱਤਰ ਨੇ ਬਾਊ ਜੀ ਨਾਲ ਵੀ ਗੱਲ ਕੀਤੀ, ਉਹਨਾਂ ਨੂੰ ਪੂਰਾ ਅਰਾਮ ਕਰਨ ਲਈ ਕਿਹਾ ਅਤੇ ਸ਼ਹਿਰ ਜਾ ਕੇ ਕਿਸੇ ਚੰਗੇ ਡਾਕਟਰ ਨੂੰ ਦਿਖਾਉਣ ਲਈ ਵੀ ਤਾਕੀਦ ਕੀਤੀ। ਇਹੋ ਨਹੀਂ, ਬੇਟੇ ਨੇ ਸਲਾਹ ਦਿੱਤੀ ਕਿ ਆਪਣੇ ਸਾਰੇ ਟੈਸਟ ਕਰਵਾਉ, ਪੈਸੇ ਦੀ ਫਿਕਰ ਨਾ ਕਰਨ, ਉਹ ਭੇਜ ਦਏਗਾ।

ਫੋਨ ਬੰਦ ਕਰਨ ਤੋਂ ਬਾਅਦ ਬਾਊ ਜੀ ਸੋਚ ਰਹੇ ਸੀ ਕਿ ਕੀ ਬੱਚਿਆਂ ਲਈ ਇਹੋ ਕਾਫੀ ਹੈ ਕਿ ਉਹ ਟੈਲੀਫੋਨ ਰਾਹੀਂ ਹੀ ਬੁੱਢੇ ਮਾਂ-ਪਿਉ ਦਾ ਹਾਲ-ਚਾਲ ਪੁੱਛ ਲੈਣ, ਪੈਸੇ ਭੇਜਣ ਦਾ ਦਿਲਾਸਾ ਦੇ ਦੇਣ? ਉਹਨਾਂ ਦੇ ਦਿਮਾਗ ਵਿਚ ਇਕੋ ਗੱਲ ਚਕੱਰ ਲਾ ਰਹੀ ਸੀ ਕਿ ਬੱਚੇ ਇਹ ਕਦੋਂ ਸਮਝਣਗੇ ਕਿ ਇਕਲੇ ਰਹਿ ਰਹੇ ਮਾਂ-ਪਿਉ ਦੀ ਤੰਦਰੁਸਤੀ ਲਈ ਚੰਗੀ ਖੁਰਾਕ ਅਤੇ ਦਵਾਈਆਂ ਨਾਲੋਂ ਵੀ ਜਰੂਰੀ ਬੱਚਿਆਂ ਦਾ ਉਹਨਾਂ ਦੇ ਕੋਲ ਹੋਣਾ ਅਤੇ ਉਹਨਾਂ ਦਾ ਪਿਆਰ? ਇਹ ਸੋਚਦੇ-ਸੋਚਦੇ ਉਹਨਾਂ ਦੀਆਂ ਅੱਖਾਂ ਸਿਲੀਆਂ ਹੋ ਗਈਆਂ। ਇਹਨਾਂ ਸੋਚਾਂ ਵਿਚ ਗਵਾਚੇ ਪਤਾ ਨਹੀਂ ਉਹਨਾਂ ਦੀ ਕਦੋਂ ਅੱਖ ਲੱਗ ਗਈ। ਸੁਪਨੇ ਵਿਚ ਉਹਨਾਂ ਦੇਖਿਆ ਕਿ ਉਹਨਾਂ ਦਾ ਪੁੱਤਰ ਅਤੇ ਪੋਤਾ ਉਹਨਾਂ ਦੇ ਕੋਲ ਬੈਠੇ ਹਨ।

2
ਮੇਲੇ ਦੀ ਯਾਦ

ਜਦੋਂ ਪਿਤਾ ਜੀ ਨੇ ਘਰ ਦੀ ਬੈਠਕ ਦੀ ਕਾਰਨਸ ‘ਤੇ ਪਈ ਖਿਡਾਉਣੇ ਵਰਗੀ ਇਕ ਟਿਊਬ ਲਾਈਟ ਜਗਦੀ ਦੇਖੀ ਤਾਂ ਉਹਨਾਂ ਨੂੰ ਤਕਰੀਬਨ 35 ਸਾਲ ਪਹਿਲਾਂ ਦਾ ਉਹ ਦਿਨ ਯਾਦ ਆ ਗਿਆ ਜਦੋਂ ਉਹਨਾਂ ਨੇ ਮੇਲੇ ਚੋਂ ਇਹ ਟਿਊਬ ਲਾਈਟ ਖਰੀਦੀ ਸੀ। ਅਸਲ ਵਿਚ ਇਹ ਉਹਨਾਂ ਨੇ ਨਹੀਂ ਸੀ ਖਰੀਦੀ ਬਲਕਿ ਉਹਨਾਂ ਦੇ ਬੇਟੇ ਨੇ ਇਹ ਲੈਣ ਲਈ ਜਿਦ ਕੀਤੀ ਸੀ। ਉਸ ਸਮੇਂ ਉਸਦੀ ਉਮਰ ਚਾਰ ਜਾਂ ਪੰਜ ਸਾਲ ਦੀ ਹੋਏਗੀ।

ਉਹਨਾਂ ਨੇ ਬੱਚੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਅਜਿਹੇ ਖਿਡਾਉਣੇ ਬਹੁਤੀ ਦੇਰ ਨਹੀਂ ਚੱਲਦੇ, ਜਲਦੀ ਹੀ ਖਰਾਬ ਹੋ ਜਾਂਦੇ ਹਨ, ਪਰ ਬੱਚੇ ਨੇ ਜਦੋਂ ਜਿਆਦਾ ਜ਼ਿਦ ਕੀਤੀ ਤਾਂ ਉਹਨਾਂ ਨੇ ਸੋਚਿਆ ਕਿ ਦਸ ਰੁਪਏ ਦੇ ਖਿਡਾਉਣੇ ਪਿੱਛੇ ਬੱਚੇ ਦਾ ਦਿਲ ਕਿਉਂ ਤੋੜਨਾ ਹੈ। ਉਹਨਾਂ ਨੇ ਉਹ ਟਿਊਬ ਲਾਈਟ ਖਰੀਦ ਲਈ। ਬੱਚਾ ਐਨੇ ਵਿਚ ਹੀ ਖੁਸ਼ ਹੋ ਗਿਆ। ਬੱਚੇ ਦੇ ਚਿਹਰੇ ਦੀ ਰੌਣਕ ਦੇਖ ਕੇ ਉਹ ਵੀ ਖੁਸ਼ ਹੋ ਗਏ।

ਅੱਜ 35 ਸਾਲ ਬਾਅਦ ਉਹੀ ਟਿਊਬ ਲਾਈਟ ਜਗਦੀ ਦੇਖ ਉਹਨਾਂ ਨੂੰ ਆਪਣੇ ਪੁੱਤਰ ਰੌਸ਼ਨ ਦਾ 4-5 ਸਾਲ ਵਾਲਾ ਚਿਹਰਾ ਯਾਦ ਆ ਗਿਆ ਜੋ ਹੁਣ ਆਪ 40 ਸਾਲ ਦਾ ਸੀ ਅਤੇ ਹੁਣ ਆਪ 5 ਸਾਲ ਦੇ ਬੱਚੇ ਦਾ ਪਿਉ ਸੀ। ਉਹ ਕਈ ਬਾਰ ਆਪਣੇ ਬੱਚੇ ਨੂੰ ਉਹ ਟਿਊਬ ਲਾਈਟ ਦਿਖਾਉਂਦਾ, ਪਰ ਹੱਥ ਨਾ ਲਾਉਣ ਦਿੰਦਾ। ਪਿਤਾ ਜੀ ਹੁਣ ਵੀ ਜਦੋਂ ਉਹ ਮੇਲੇ ਵਾਲਾ ਦਿਨ ਯਾਦ ਆਉਂਦਾ ਤਾਂ ਉਹਨਾਂ ਦੇ ਬੁਲ੍ਹਾਂ ਤੇ ਹਾਸੀ ਅਤੇ ਅੱਖਾਂ ਵਿਚ ਪਾਣੀ ਹੁੰਦਾ।

3
ਮਤਰੇਆ

ਪ੍ਕਾਸ਼ ਅਜੇ ਦਸ ਸਾਲ ਦਾ ਹੀ ਸੀ ਕਿ ਉਸਦੀ ਮਾਂ ਚਲ ਬਸੀ। ਥੋਹੜੀ ਦੇਰ ਬਾਅਦ ਹੀ ਉਹਨਾਂ ਦੇ ਪਿਤਾ ਜੀ ਨੇ ਹੋਰ ਵਿਆਹ ਕਰਵਾ ਲਿਆ। ਚਾਰ ਸਾਲਾਂ ਵਿਚ ਹੀ ਉਸਦੀ ਮਤਰੇਈ ਮਾਂ ਨੇ ਇਕ ਮੁੰਡੇ ਅਤੇ ਇਕ ਕੁੜੀ ਨੂੰ ਜਨਮ ਦਿੱਤਾ। ਪ੍ਕਾਸ਼ ਆਪਣੇ ਛੋਟੇ ਭੈਣ, ਭਰਾ ਨਾਲ ਖੇਡਣਾ ਚਾਹੁੰਦਾ, ਪਰ ਉਸਦੀ ਮਤਰੇਈ ਮਾਂ ਪ੍ਕਾਸ਼ ਨੂੰ ਬਹੁਤ ਨਫ਼ਰਤ ਕਰਦੀ ਅਤੇ ਆਪਣੇ ਬੱਚਿਆਂ ਨਾਲ ਖੇਡਣ ਤੋਂ ਰੋਕਦੀ ਰਹਿੰਦੀ. ਉਸਦਾ ਵਰਤਾਉ ਆਪਣੇ ਬੱਚਿਆਂ ਪ੍ਤੀ ਅਤੇ ਪ੍ਕਾਸ਼ ਪ੍ਤੀ ਬਹੁਤ ਵੱਖਰਾ ਸੀ। ਉਸ ਨੇ ਤਾਂ ਪ੍ਕਾਸ਼ ਨੂੰ ਅੱਠਵੀਂ ਜਮਾਤ ਤੋਂ ਅੱਗੇ ਵੀ ਨਾ ਪੜ੍ਹਨ ਦਿੱਤਾ, ਪਰ ਆਪਣੇ ਮੁਡੇ ਅਤੇ ਕੁੜੀ ਨੂੰ ਸ਼ਹਿਰ ਦੇ ਵਧੀਆ ਕਾਨਵੈਂਟ ਸਕੂਲ ਵਿਚ ਪੜ੍ਹਾਇਆ। ਪ੍ਕਾਸ਼ ਦੇ ਪਿਤਾ ਜਦੋਂ ਇਹ ਦੇਖਦੇ ਤਾਂ ਉਹਨਾਂ ਨੂੰ ਬਹੁਤ ਗੁੱਸਾ ਵੀ ਆਉਂਦਾ ਅਤੇ ਫਿਕਰ ਵੀ ਹੁੰਦਾ। ਉਹ ਅਕਸਰ ਸੋਚਦੇ ਕਿ ਜੇ ਕਿਤੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਪ੍ਕਾਸ਼ ਦੀ ਜ਼ਿੰਦਹਗੀ ਤਾਂ ਨਰਕ ਹੀ ਬਣ ਜਾਵੇਗੀ। ਇਹਨਾਂ ਸੋਚਾਂ ਵਿਚ ਹੀ ਉਹ ਬਿਮਾਰ ਰਹਿਣ ਲੱਗ ਪਏ ਅਤੇ ਜਲਦੀ ਹੀ ਸਵਰਗ ਸਿਧਾਰ ਗਏ।

ਪ੍ਕਾਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਤਰੇਈ ਮਾਂ ਨੇ ਉਸ ਨੂੰ ਘਰੋਂ ਹੀ ਨਾ ਕੱਢਿਆ ਸਗੋਂ ਉਸਦੇ ਪਿਉ ਦੀ ਜਾਇਦਾਦ ਵਿਚੋਂ ਵੀ ਕੋਈ ਹਿੱਸਾ ਨਾ ਦਿਤਾ। ਪ੍ਕਾਸ਼ ਦੇ ਪਿਤਾ ਜੀ ਦੇ ਇਕ ਦੋਸਤ ਨੇ ਉਸ ਤੇ ਤਰਸ ਖਾ ਕੇ ਉਸ ਨੂੰ ਸਬਜੀ ਦੀ ਰੇਹੜੀ ਲਾਉਣ ਜੋਗੇ ਪੈਸੇ ਦੇ ਦਿੱਤੇ ਅਤੇ ਇਕ ਛੋਟਾ ਜਿਹਾ ਕਮਰਾ ਵੀ ਕਿਰਾਏ ਤੇ ਲੈ ਦਿੱਤਾ। ਜਲਦੀ ਹੀ ਪ੍ਕਾਸ਼ ਦੀ ਰੇਹੜੀ ਦਾ ਕੰਮ ਚੰਗਾ ਚੱਲ ਪਿਆ। ਉਸ ਨੇ ਇਕ ਦੁਕਾਨ ਕਿਰਾਏ ਤੇ ਲੈ ਕੇ ਸਬਜੀ ਦੀ ਦੁਕਾਨ ਖੋਲ੍ਹ ਲਈ ਅਤੇ ਰਹਿਣ ਲਈ ਵੱਡਾ ਕਮਰਾ ਵੀ ਕਿਰਾਏ ਤੇ ਲੈ ਲਿਆ, ਜਿਸਦੇ ਨਾਲ ਰਸੋਈ ਅਤੇ ਗੁਸਲਖਾਨਾ ਵੀ ਸੀ। ਉਸਦੀ ਇਮਾਨਦਾਰੀ, ਸਭ ਨਾਲ ਪਿਆਰ ਨਾਲ ਗੱਲ ਕਰਨ ਕਰਕੇ ਉਸਦਾ ਕੰਮ ਵਧੀਆ ਚੱਲ ਪਿਆ। ਪ੍ਕਾਸ਼ ਨੇ ਆਪਣੇ ਪਿਤਾ ਜੀ ਦੇ ਦੋਸਤ ਦੇ ਪੈਸੇ ਵੀ ਮੋੜ ਦਿੱਤੇ, ਜਿਸ ਕਰਕੇ ਉਹ ਪ੍ਕਾਸ਼ ਦਾ ਬਹੁਤ ਧਿਆਨ ਰੱਖਦੇ।

ਹੌਲੀ-ਹੌਲੀ ਪ੍ਕਾਸ਼ ਨੇ ਦੁਕਾਨ ਵੀ ਖਰੀਦ ਲਈ ਅਤੇ ਕੁਝ ਦੇਰ ਬਾਅਦ ਦੋ ਕਮਰਿਆ ਦਾ ਛੋਟਾ, ਪਰ ਸਾਫ-ਸੁਥਰਾ ਘਰ ਵੀ।
ਦੂਜੇ ਪਾਸੇ ਪ੍ਕਾਸ਼ ਦਾ ਮਤਰੇਆ ਭਰਾ ਭੈੜੀ ਸੰਗਤ ਵਿਚ ਪੈ ਗਿਆ ਅਤੇ ਉਸ ਨੇ ਆਪਣੀ ਸਕੀ ਮਾਂ ਅਤੇ ਭੈਣ ਨੂੰ ਘਰੋਂ ਕੱਢ ਦਿੱਤਾ। ਜਦੋਂ ਪ੍ਕਾਸ਼ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਧਰਮਸ਼ਾਲਾ ਵਿਚ ਦਿਨ ਕਟੀ ਕਰ ਰਹੀ ਆਪਣੀ ਮਤਰੇਈ ਮਾਂ ਅਤੇ ਭੈਣ ਨੂੰ ਆਪਣੇ ਘਰ ਲੈ ਆਇਆ। ਪ੍ਕਾਸ਼ ਦੀ ਮਤਰੇਈ ਮਾਂ ਉਸ ਨਾਲ ਆ ਤਾਂ ਗਈ ਪਰ ਉਸ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਅਤੇ ਸ਼ਰਮ ਵੀ ਆ ਰਹੀ ਸੀ ਕਿ ਉਸਦੇ ਭੈੜੇ ਸਲੂਕ ਦੇ ਬਾਵਜੂਦ ਵੀ ਪ੍ਕਾਸ਼ ਉਹਨਾਂ ਦਾ ਕਿੰਨਾ ਧਿਆਨ ਰੱਖ ਰਿਹਾ ਸੀ।

ਕੁਝ ਦੇਰ ਬਾਅਦ ਪ੍ਕਾਸ਼ ਨੇ ਇਕ ਚੰਗਾ ਜਿਹਾ ਮੁੰਡਾ ਲੱਭ ਕੇ ਆਪਣੀ ਮਤਰੇਈ ਭੈਣ ਦਾ ਵਿਆਹ ਵੀ ਕਰ ਦਿੱਤਾ।

ਦੂਜੇ ਪਾਸੇ ਪ੍ਕਾਸ਼ ਦਾ ਮਤਰੇਆ ਭਰਾ ਨਸ਼ਿਆਂ ਵਿਚ ਪੈ ਗਿਆ ਅਤੇ ਜੂਏ ਦੀ ਆਦਤ ਕਰਕੇ ਆਪਣਾ ਘਰ ਵੀ ਵੇਚ ਬੈਠਾ। ਪ੍ਕਾਸ਼ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੀ ਮਤਰੇਈ ਮਾਂ ਨੂੰ ਪੁੱਛਿਆ ਕਿ ਚਮਨ ਨੂੰ ਘਰ ਲੈ ਆਏ, ਪਰ ਉਸਦੀ ਮਾਂ ਇਸਦੇ ਹੱਕ ਵਿਚ ਨਹੀਂ ਸੀ। ਉਹ ਨਹੀਂ ਸੀ ਚਾਹੁੰਦੀ ਕਿ ਚਮਨ ਕਰਕੇ ਪ੍ਕਾਸ਼ ਨੂੰ ਵੀ ਕੋਈ ਦਿਕਤ ਆਵੇ। ਪ੍ਕਾਸ਼ ਨੇ ਆਪਣੀ ਮਾਂ ਨੂੰ ਮਨਾ ਹੀ ਲਿਆ ਅਤੇ ਚਮਨ ਨੂੰ ਵੀ ਘਰ ਲੈ ਆਇਆ। ਅਸਲ ਵਿਚ ਉਹ ਸੋਚਦਾ ਸੀ ਕਿ ਉਹ ਵੀ ਜਦੋਂ ਮੁਸੀਬਤ ਵਿਚ ਸੀ ਤਾਂ ਕਿਸੇ ਦੀ ਸਹਾਇਤਾ ਕਰਕੇ ਹੀ, ਉਹ ਸੰਭਲਿਆ ਸੀ।

ਸਭ ਤੋਂ ਪਹਿਲਾਂ ਤਾਂ ਪ੍ਕਾਸ਼ ਨੇ ਚਮਨ ਦਾ ਇਲਾਜ ਕਰਵਾ ਕੇ ਉਸ ਨੂੰ ਨਸ਼ਿਆਂ ਤੋਂ ਦੂਰ ਕੀਤਾ ਅਕੇ ਫੇਰ ਆਪਣੇ ਕੋਲੋਂ ਪੈਸੇ ਖਰਚ ਕਰਕੇ ਉਸ ਨੂੰ ਵੀ ਆਪਣੀ ਦੁਕਾਨ ਦੇ ਨੇੜੇ ਹੀ ਫਲਾਂ ਦੀ ਦੁਕਾਨ ਸ਼ੁਰੂ ਕਰਵਾ ਦਿੱਤੀ।

ਪ੍ਕਾਸ਼ ਦੀ ਹਰ ਕੋਈ ਪ੍ਸੰਸਾ ਕਰਦਾ ਕਿ ਉਸ ਨੇ ਆਪਣੀ ਮਤਰੇਈ ਮਾਂ, ਭੈਣ ਅਤੇ ਭਰਾ ਦੀ ਕਿੰਨੀ ਸਹਾਇਤਾ ਕੀਤੀ। ਪ੍ਕਾਸ਼ ਇਸ ਕਰਕੇ ਖੁਸ਼ ਸੀ ਆਖਿਰ ਇਸ ਦੁਨੀਆਂ ਵਿਚ ਉਸਦਾ ਆਪਣਾ ਤਾਂ ਕੋਈ ਹੈ.

ravindersodhi51 @gmail. com