
ਪ੍ਰੋ. ਕੁਲਬੀਰ ਸਿੰਘ
ਯੁਧ ਸਮੇਂ ਮੀਡੀਆ ਦੀ ਭੂਮਿਕਾ ਬੇਹੱਦ ਮਹਤਵਪੂਰਨ ਹੁੰਦੀ ਹੈ ਕਿਉਂ ਕਿ ਇਸਦੀ ਜ਼ਿੰਮੇਵਾਰੀ ਲੋਕਾਂ ਨੂੰ ਤਾਜ਼ਾ ਸਹੀ ਸਥਿਤੀ ਤੋਂ ਜਾਣੂੰ ਕਰਵਾਉਣ ਦੀ ਹੁੰਦੀ ਹੈ। ਯੁਧ ਸਮੇਂ ਧਿਆਨ ਰੱਖਣ ਯੋਗ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਣਾ, ਸੰਜਮ ਤੇ ਸੰਕੋਚ ਲਈ ਪ੍ਰੇਰਨਾ, ਪ੍ਰਸ਼ਾਸਨ ਅਤੇ ਸਰਕਾਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਇਨਬਿਨ ਮੰਨਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਨਾ ਮੀਡੀਆ ਦਾ ਮੁਢਲਾ ਫ਼ਰਜ ਹੁੰਦਾ ਹੈ।
ਪਰੰਤੂ ਹੋ ਕੀ ਰਿਹਾ ਹੈ? ਭਾਰਤੀ ਹਿੰਦੀ ਮੀਡੀਆ ਦੇ ਇੱਕ ਵੱਡੇ ਹਿੱਸੇ ਦਾ ਆਪਹੁਦਰਾਪਨ ਸੱਭ ਹੱਦਾਂ ਬੱਨ੍ਹੇ ਟੱਪ ਗਿਆ ਹੈ। ’ਸੂਤਰਾਂ ਦੇ ਹਵਾਲੇ’ ਨੇ ਖ਼ਬਰ ਬੁਲਿਟਨ ਦਾ ਹੁਲੀਆ ਵਿਗਾੜ ਦਿੱਤਾ ਹੈ। ਜੰਗ ਦੀਆਂ, ਟਕਰਾ ਦੀਆਂ, ਹਮਲਿਆਂ ਦੀਆਂ ਅਜਿਹੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੈ, ਸਰੋਤ ਨਹੀਂ ਹੈ। ਉਦਾਹਰਨ ਵਜੋਂ ’ਪਾਕਿਸਤਾਨ ’ਤੇ ਜਲਦ ਕਬਜ਼ਾ ਹੋਣ ਵਾਲਾ ਹੈ’, ਭਾਰਤ ਦਾ ਪਾਕਿਸਤਾਨ ਦੇ 7 ਸ਼ਹਿਰਾਂ ’ਤੇ ਕਬਜ਼ਾ, ਪਾਕਿਸਤਾਨ ’ਤੇ ਕਬਜ਼ਾ ਹੋ ਗਿਆ, ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਤੇ ਕਬਜ਼ਾ, ਪਾਕਿਸਤਾਨ ਦਾ ਸਰੈਂਡਰ, ਪਾਕਿਸਤਾਨ ਦੇ ਕਈ ਸ਼ਹਿਰਾਂ ’ਤੇ ਕਬਜ਼ਾ – ਕਰਾਚੀ ਨਕਸ਼ੇ ਤੋਂ ਗਾਇਬ, ਭਾਰਤ ਲਈ ਪਾਕਿਸਤਾਨ ’ਤੇ ਟੁੱਟ ਪਏ 56 ਦੇਸ਼। ਇਨ੍ਹਾਂ ਹਿੰਦੀ ਚੈਨਲਾਂ ਨੇ 7-8 ਮਈ ਤੱਕ ਅੱਧਾ ਪਾਕਿਸਤਾਨ ਜਿੱਤ ਲਿਆ ਸੀ। ਅਗਲੇ ਦਿਨ 9 ਮਈ ਨੂੰ ਇਨ੍ਹਾਂ ਵਿਚੋਂ ਕੁਝ ਚੈਨਲਾਂ ਦੇ ਐਂਕਰ ਇਨ੍ਹਾਂ ਮਨਘੜ੍ਹਤ ਖ਼ਬਰਾਂ ਲਈ ਮੁਆਫ਼ੀ ਮੰਗ ਰਹੇ ਸਨ।
ਫ਼ੌਜ, ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਅਪੀਲਾਂ ਕਰ ਰਹੇ ਹਨ ਕਿ ਫਰਜ਼ੀ ਖ਼ਬਰਾਂ, ਫਰਜ਼ੀ ਵੀਡੀਓ ਅਤੇ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰੋ।
ਮੀਡੀਆ ਲਈ ਅਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਗਿਆ ਹੈ, ’ਭਾਰਤ ਪਾਕਿ ਤਣਾਅ ਦੌਰਾਨ ਰੱਖਿਆ ਕਾਰਜਾਂ ਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਲਾਈਵ ਕਵਰੇਜ ਨਾ ਕੀਤੀ ਜਾਵੇ।’ ਪਰੰਤੂ ਮੰਨਦਾ ਸੁਣਦਾ ਸਮਝਦਾ ਕੌਣ ਹੈ?
ਟੈਲੀਵਿਜ਼ਨ ਚੈਨਲਾਂ ਦਾ ਇੱਕ ਵੱਡਾ ਹਿੱਸਾ ਝੂਠ ਵਿਖਾ ਰਿਹਾ ਹੈ। ਸਾਇਰਨ ਵਜਾ ਰਿਹਾ ਹੈ। ਡਰ, ਘਬਰਾਹਟ ਤੇ ਸਨਸਨੀ ਦਾ ਮਾਹੌਲ ਪੈਦਾ ਕਰ ਰਿਹਾ ਹੈ। ਬਹੁਤੇ ਲੋਕਾਂ ਨੇ ਨਿਊਜ਼ ਚੈਨਲ ਵੇਖਣੇ ਬੰਦ ਕਰ ਦਿੱਤੇ ਹਨ ਅਤੇ ਬਹੁਤ ਸਾਰੇ ਸੋਸ਼ਲ ਮੀਡੀਆ ’ਤੇ ਅਜਿਹਾ ਕਰਨ ਦੀਆਂ ਅਪੀਲਾਂ ਕਰ ਰਹੇ ਹਨ।
ਦੂਸਰੇ ਪਾਸੇ ਪਾਕਿਸਤਾਨ ਚੈਨਲਾਂ ਅਤੇ ਸੋਸ਼ਲ ਮੀਡੀਆ ਦੁਆਰਾ ਲਗਾਤਾਰ ਗ਼ਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਅਜਿਹਾ ਇੱਕ ਮੁਹਿੰਮ ਦੇ ਤਹਿਤ ਕੀਤਾ ਜਾ ਹਰਿਹਾ ਹੈ ਤਾਂ ਜੋ ਭਾਰਤੀ ਲੋਕਾਂ ਵਿਚ ਦਹਿਸ਼ਤ ਅਤੇ ਡਰ ਪੈਦਾ ਕੀਤਾ ਜਾ ਸਕੇ।
ਚਿੰਤਾ ਦਾ ਵਿਸ਼ਾ ਇਹ ਹੈ ਕਿ ਅਜਿਹੇ ਸੰਕਟ ਸਮੇਂ ਮੀਡੀਆ ਜਨਤਾ ਦੀ ਸੋਚ, ਜਨਤਾ ਦੀ ਧਾਰਨਾ ਨੂੰ ਵੱਡੀ ਪੱਧਰ ’ਤੇ ਪ੍ਰਭਾਵਿਤ ਕਰਦਾ ਹੈ। ਅਜਿਹੇ ਸਮੇਂ ਟੈਲੀਵਿਜਨ ਚੈਨਲਾਂ ਦੁਆਰਾ ਵਰਤੀ ਜਾ ਰਹੀ ਭਾਸ਼ਾ ਵੀ ਵੱਡੇ ਵਿਵਾਦ ਦਾ ਵਿਸ਼ਾ ਹੈ।
ਵਿਲੀਅਮ ਥਾਮਸ ਦਾ ਕਹਿਣਾ ਹੈ ’ਪੱਤਰਕਾਰ ਦੀ ਭੂਮਿਕਾ ਕਿਸੇ ਚੌਂਕੀਦਾਰ ਦੀ ਭੂਮਿਕਾ ਵਰਗੀ ਹੁੰਦੀ ਹੈ।’ ਪਰੰਤੂ ਅਜੋਕੇ ਸਮਿਆਂ ਵਿਚ ਐਨ ਇਸਦੇ ਉੱਲਟ ਹੋ ਰਿਹਾ ਹੈ। ਟੈਲੀਵਿਜ਼ਨ ਚੈਨਲਾਂ ਦੇ ਐਂਕਰ ਗਲਤ, ਝੂਠੀਆਂ ਤੇ ਫਰਜ਼ੀ ਖ਼ਬਰਾਂ ਪ੍ਰਸਾਰਿਤ ਕਰ ਰਹੇ ਹਨ। ਅਫ਼ਵਾਹਾਂ ਫੈਲਾਅ ਰਹੇ ਹਨ। ਲੋਕਾਂ ਨੂੰ ਡਰਾ ਰਹੇ ਹਨ। ਕਿਸੇ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ’ਜੰਗ ਨਾਲੋਂ ਵੱਧ ਅੱਗ ਤਾਂ ਮੀਡੀਆ ਲਗਾ ਰਿਹਾ ਹੈ।’ ਕਿਸੇ ਹੋਰ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਕਿਹਾ ਹੈ, “ਮਿਹਰਬਾਨੀ ਕਰਕੇ ਟੀ.ਵੀ. ਬੰਦ ਕਰ ਦਿਓ। ਸੁਣਨਾ, ਸ਼ੇਅਰ ਕਰਨਾ ਬੰਦ ਕਰੋ ਕਿਉਂ ਕਿ ਇਹ ਚੈਨਲ ਨਫ਼ਰਤ ਫੈਲਾਅ ਰਹੇ ਹਨ। ਚੀਖ਼ ਚੀਖ਼ ਕੇ ਗਲਤ ਜਾਣਕਾਰੀ ਦੇ ਰਹੇ ਹਨ। ਕੇਵਲ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਪ੍ਰੈਸ ਕਾਨਫ਼ਰੰਸਾਂ ਰਾਹੀਂ ਦਿੱਤੀ ਜਾ ਰਹੀ ਜਾਣਕਾਰੀ ’ਤੇ ਭਰੋਸਾ ਕਰੋ। ਭਾਰਤ-ਪਾਕਿ ਟਕਰਾ ’ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਹਨ। ਭਾਰਤੀ ਚੈਨਲਾਂ ਨੇ ਥੋੜ੍ਹੀ ਬਹੁਤੀ ਬਚੀ ਭਰੋਸੇਯੋਗਤਾ ਵੀ ਗਵਾ ਲਈ ਹੈ। ਭਰੋਸੇਯੋਗਤਾ ਨੂੰ ਜੋ ਨੁਕਸਾਨ ਪਹੁੰਚਿਆ ਹੈ ਉਸਦੀ ਪੂਰਤੀ ਜਲਦੀ ਸੰਭਵ ਨਹੀਂ।
ਅਮਰੀਕਾ, ਇੰਗਲੈਂਡ, ਰੂਸ ਅਤੇ ਚੀਨ ਦਾ ਮੀਡੀਆ ਭਾਰਤ-ਪਾਕਿ ਟਕਰਾ ਨੂੰ ਆਪਣੇ ਆਪਣੇ ਢੰਗ ਨਾਲ, ਆਪਣੇ ਆਪਣੇ ਨਜ਼ਰੀਏ ਤੋਂ ਕਵਰ ਕਰ ਰਿਹਾ ਹੈ।
ਕੁਝ ਮੁਲਕ ਟਕਰਾ ਘਟਾਉਣ ਲਈ ਅੱਗੇ ਆ ਰਹੇ ਹਨ ਉਨ੍ਹਾਂ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ। ਹੋਰ ਮੁਲਕਾਂ ਨੂੰ ਵੀ ਆਪੋ ਆਪਣਾ ਪ੍ਰਭਾਵ ਵਰਤ ਕੇ ਦੋਹਾਂ ਮੁਲਕਾਂ ਦਰਮਿਆਨ ਪੈਦਾ ਹੋਏ ਟਕਰਾ ਨੂੰ ਘਟਾ ਕੇ ਗੱਲਬਾਤ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਜੰਗ ਤਾਂ ਆਪਣੇ ਆਪ ਵਿਚ ਮਸਲਾ ਹੈ। ਜੰਗ ਦੇ ਦੁਰਪ੍ਰਭਾਵਾਂ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ ਕਿਉਂ ਕਿ ਇਹ ਬਹੁਤ ਵਿਆਪਕ ਹੁੰਦੇ ਹਨ। ਸਰੀਰਕ, ਮਾਨਸਿਕ, ਸਮਾਜਕ, ਆਰਥਿਕ, ਰਾਜਨੀਤਕ ਅਤੇ ਵਾਤਾਵਰਨ ਖੇਤਰਾਂ ਵਿਚ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੇ ਜਾਂਦੇ ਹਨ।
ਅਜੋਕੇ ਸਮਿਆਂ ਵਿਚ ਸ਼ਾਂਤੀ ਦਾ ਬੇਹੱਦ ਮਹੱਤਵ ਹੈ। ਸਮਾਜਕ ਵਿਕਾਸ ਅਤੇ ਸਥਿਰਤਾ ਸ਼ਾਂਤ ਸਮਿਆਂ ਵਿਚ ਹੀ ਸੰਭਵ ਹੈ। ਸ਼ਾਂਤ ਸਮਿਆਂ ਵਿਚ ਹੀ ਬਿਹਤਰ ਦੁਨੀਆਂ ਦਾ ਸੁਪਨਾ ਪੂਰਾ ਹੋ ਸਕਦਾ ਹੈ।