
ਬਲਵਿੰਦਰ ਸਿੰਘ ਭੁੱਲਰ
ਸਾਹਿਤਕ ਵਿਧਾਵਾਂ ਵਿੱਚ ਸ਼ਬਦ ਚਿੱਤਰ ਲਿਖਣਾ ਵੀ ਇੱਕ ਵਿਧਾ ਹੈ, ਜੋ ਕਿਸੇ ਚੰਗੀ ਪ੍ਰਾਪਤੀ ਹਾਸਲ ਕਰਨ ਵਾਲੇ ਬਾਰੇ ਲਿਖਿਆ ਜਾਂਦਾ ਹੈ। ਪਰ ਇਹ ਅੰਦਾਜ਼ਾ ਲਾਉਣਾ ਹੀ ਔਖਾ ਹੈ ਕਿ ਉਹ ਵਿਅਕਤੀ ਕਿੰਨਾ ਮਹਾਨ ਤੇ ਉੱਚਕੋਟੀ ਦਾ ਹੋਵੇਗਾ ਜਿਸਦੀ ਜੀਵਨ ਅਤੇ ਘਾਲਣਾ ਬਾਰੇ ਪੂਰੀ ਕਿਤਾਬ ਹੀ ਪ੍ਰਕਾਸ਼ਿਤ ਕੀਤੀ ਜਾ ਸਕੇ। ਅਜਿਹਾ ਹੀ ਸੱਜਣ ਹੈ ਸ੍ਰ: ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ। ਕਰੀਬ ਛੇ ਦਹਾਕਿਆਂ ਤੋਂ ਪਹਿਲਾਂ ਦੇ ਸਮੇਂ ਤੋਂ ਉਹ ਗੀਤ ਰਚ ਰਿਹਾ ਹੈ, ਉਸਨੇ ਗੀਤਾਂ ਜ਼ਰੀਏ ਪਿਆਰ, ਹਾਸਰਸ, ਰਿਸ਼ਤੇ, ਵਿਛੋੜੇ, ਧਾਰਮਿਕ, ਇਤਿਹਾਸ, ਵਿਅੰਗ, ਚੋਭਾਂ, ਅਰਮਾਨ, ਜਜ਼ਬਾਤ, ਚੋਰੀ ਛੁਪੇ ਮਿਲਣੀ, ਸੁਹੱਪਣ ਆਦਿ ਦੀ ਪੰਡ ਬੰਨ੍ਹ ਕੇ ਪੰਜਾਬ ਦੀ ਸੱਥ ਵਿੱਚ ਰੱਖੀ ਹੈ। ਜਿਸਨੂੰ ਹਰ ਘਰ ਦੀਆਂ ਚਾਰ ਤੋਂ ਪੰਜ ਪੀੜ੍ਹੀਆਂ ਨੇ ਸੁਣਿਆ ਤੇ ਮਾਣਿਆ ਹੈ। ਉਸਦੇ ਪੰਜਾਬੀ ਸੱਭਿਆਚਾਰ ਦੇ ਲੇਖੇ ਲਾਏ ਇਸ ਜੀਵਨ ਨੂੰ ਭੋਲਾ ਸਿੰਘ ਸ਼ਮੀਰੀਆ ਨੇ ਇੱਕ ਪੁਸਤਕ ਚਾਰ ਪੀੜ੍ਹੀਆਂ ਦਾ ਗੀਤਕਾਰ ”ਜੱਟ ਮਾਨ ਮਰਾੜ੍ਹਾਂ ਦਾ” ਰਾਹੀਂ ਪਾਠਕਾਂ ਦੇ ਰੂਬਰੂ ਕੀਤਾ ਹੈ।
ਪੁਸਤਕ ‘ਚ ਸਪਸ਼ਟ ਕੀਤਾ ਹੈ ਕਿ ਬਾਬੂ ਸਿੰਘ ਮਾਨ ਗੀਤ ਲਿਖਦਾ ਨਹੀਂ, ਬਲਕਿ ਸਿਰਜਣਾ ਕਰਦਾ ਹੈ। ਉਸਦੇ ਗੀਤਾਂ ਦੀ ਹਰ ਘੁੱਟ ਵਿੱਚੋਂ ਪੰਜਾਬੀ ਸਮਾਜ ਸੱਭਿਆਚਾਰ ਦਾ ਸੁਆਦ ਚੱਖਿਆ ਜਾ ਸਕਦਾ ਹੈ। ਉਸਨੂੰ ਜੁਆਨੀ ਦੇ ਵੇਗ, ਅੱਲੜ੍ਹਾਂ ਦੀਆਂ ਰੀਝਾਂ, ਚੋਬਰਾਂ ਦੇ ਵਲਵਲਿ੍ਹਆਂ ਨੂੰ ਮਾਪਣਾ ਆਉਂਦਾ ਹੈ, ਜੋ ਗੀਤਾਂ ਰਾਹੀਂ ਪੇਸ਼ ਕਰਦਾ ਹੈ। ਇਹ ਸੱਚਾਈ ਹੈ ਕਿ ਅਸਲ ਪੰਜਾਬ ਪਿੰਡਾਂ ਵਿੱਚ ਵਸਦਾ ਹੈ ਅਤੇ ਪਿੰਡਾਂ ਦਾ ਦੌਰਾ ਕੀਤੇ ਵਗੈਰ ਪੰਜਾਬ ਦੇ ਦਰਸ਼ਨ ਮਾਨ ਮਰਾੜ੍ਹਾਂ ਵਾਲੇ ਦੇ ਗੀਤਾਂ ਰਾਹੀਂ ਕੀਤੇ ਜਾ ਸਕਦੇ ਹਨ, ਜਿਹਨਾਂ ਵਿੱਚ ਪੰਜਾਬ ਦੀਆਂ ਰਸਮਾਂ, ਤਿਉਹਾਰ, ਫ਼ਸਲਾਂ, ਖੂਹ, ਟੋਬੇ, ਹੱਟੀਆਂ, ਭੱਠੀਆਂ, ਅਮਲੀ, ਹਾਲੀ, ਪਾਲੀ, ਵਰਜਿਤ ਰਿਸ਼ਤੇ, ਛੜਿਆਂ ਦੀਆਂ ਕਾਮੁਕ ਥੁੜਾਂ, ਅੱਲੜ੍ਹ ਉਮਰ ਦੇ ਜਜ਼ਬਾਤ ਧੜਕਦੇ ਵਿਖਾਈ ਦਿੰਦੇ ਹਨ। ਉਸਦੇ ਗੀਤਾਂ ਦੀ ਰਵਾਨੀ ਵਗਦੇ ਹੋਏ ਪਾਣੀ ਵਰਗੀ ਹੈ, ਉਸਦੇ ਗੀਤ ਵਾਰਤਕ ਵਾਂਗ ਕਹਾਣੀ ਪਾਉਂਦੇ ਹਨ। ਜਵਾਨੀ ਦੇ ਜਜ਼ਬਾਤ ਦੀ ਗੱਲ ਕਰਦਾ ਉਹ ਲਿਖਦਾ ਹੈ, ”ਅੱਖਾਂ ਪੂੰਝ ਕੇ ਰੁਮਾਲ ਨਾਲ ਮੇਰੀਆਂ, ਦਿਲਾਸਾ ਦੇ ਕੇ ਰੋਣ ਲੱਗ ਪਈ।” ਜਾਂ ”ਰੱਤਾ ਹੱਸ ਖਾਂ ਪਵੇ ਨੀ ਠੰਢ ਕਾਲਜੇ, ਅੱਖਾਂ ਨਾਲ ਅੱਖਾਂ ਮਿਲ ਜਾਣ ਦੇ।”
ਇੱਕ ਜਾਗ੍ਰਿਤ ਕਵੀ ਦਾ ਧਰਮ ਹੁੰਦਾ ਹੈ ਕਿ ਉਹ ਸਮਾਜਿਕ ਦਸ਼ਾ ਤੇ ਦਿਸ਼ਾ ਨੂੰ ਪਵਿੱਤਰਤਾ ਨਾਲ ਪੇਸ਼ ਕਰੇ, ਮਾਨ ਸਾਹਿਬ ਨੇ ਸਮਾਜਿਕ ਰਿਸ਼ਤਿਆਂ ਬਾਰੇ ਜਿੰਦਗੀ ਦੇ ਲੱਗਭੱਗ ਸਾਰੇ ਵਿਸ਼ਿਆਂ ਨੂੰ ਕਲਮਬੱਧ ਕੀਤਾ ਹੈ। ਇੱਕ ਸੁਚੇਤ ਪੰਜਾਬੀ ਹੋਣ ਦੇ ਨਾਤੇ ਬਾਬੂ ਸਿੰਘ ਮਾਨ ਦੇ ਅੰਦਰੋਂ ਪੰਜਾਬੀ ਭਾਸ਼ਾ ਲਈ ਦਰਦ ਵੀ ਸਿੰਮਦਾ ਦਿਸਦਾ ਹੈ, ਦਫ਼ਤਰਾਂ ਵਿੱਚ ਅੰਗਰੇਜੀ ਦੀ ਵਧ ਰਹੀ ਦਖ਼ਲ ਅੰਦਾਜੀ ਤੇ ਗਿਲਾ ਕਰਦਾ ਲਿਖਦਾ ਹੈ, ”ਕਲਮ ਤੇਰੀ ਤੋਂ ਏ ਬੀ ਸੀ ਨੇ ਖੋਹ ਲਿਆ ਊੜਾ ਆੜਾ। ਸੁਣ ਪੁੱਤਰਾ ਮੇਰੇ ਦਿਲ ਚੋਂ ਨਿਕਲਿਆ ਹਾਉਂਕੇ ਵਰਗਾ ਹਾੜ੍ਹਾ। ਕਾਹਦਾ ਪੁੱਤ ਦਾ ਰਾਜ ਭਾਗ ਮਾਂ ਖੜੀ ਦਫ਼ਤਰੋਂ ਬਾਹਰ। ਵੇ ਮੈਂ ਤੇਰੀ ਮਾਂ ਵੀ ਬੋਲੀ ਹਾਂ, ਮੈਨੂੰ ਇਉਂ ਨਾ ਮਨੋਂ ਵਿਸਾਰ।” ਕਈ ਵਾਰ ਉਹ ਗੀਤ ਵਿੱਚ ਬੁਝਾਰਤ ਵਰਗੀ ਤੁਕ ਬਿਆਨ ਕਰ ਜਾਂਦਾ ਹੈ ਜੋ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ, ਜਿਵੇਂ ”ਕੱਚਾ ਨਿੰਬੂ ਤੋੜ ਸੁੱਟਿਆ, ਪੱਕਾ ਹੋ ਗਿਆ ਪੱਤੇ ਦੇ ਓਹਲੇ।”
ਇਸ ਪੁਸਤਕ ਵਿੱਚ ਵੱਖ ਵੱਖ ਸਾਹਿਤਕਾਰਾਂ ਕਲਾਕਾਰਾਂ ਵੱਲੋਂ ਲਿਖੇ ਮਾਨ ਮਰਾੜ੍ਹਾਂ ਵਾਲੇ ਦੇ ਪੰਦਰਾਂ ਆਰਟੀਕਲ ਹਨ ਅਤੇ ਇੱਕ ਇੰਟਰਵਿਊ ਹੈ। ਉਸਦੇ ਜੀਵਨ ਨਾਲ ਇੱਕ ਮਿੱਕ ਹੋਈ ਗਾਇਕ ਜੋੜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਵੱਲੋਂ ਵੀ ਯਾਦਾਂ ਉਭਾਰਦੀਆਂ ਲਿਖਤਾਂ ਹਨ।
ਜਨਾਬ ਸਦੀਕ ਲਿਖਦਾ ਹੈ ਕਿ ਬਾਬੂ ਸਿੰਘ ਮਾਨ ਮਹਿਫ਼ਲਾਂ ਦਾ ਸਿੰਗਾਰ, ਪਿੰਡ ਦੇ ਕਲਚਰ ਦੀ ਪੋਰੀ ਪੋਰੀ ਜਾਣਨ ਵਾਲਾ ਗੀਤਕਾਰ ਹੈ, ਉਹ ਗੀਤ ਲਿਖਣ ਤੋਂ ਪਹਿਲਾਂ ਆਪਣੇ ਖਿਆਲਾਂ ‘ਚ ਗਰਾਉਂਡ ਤਿਆਰ ਕਰਦਾ ਹੈ ਅਤੇ ਫੇਰ ਵੱਖ ਵੱਖ ਮੀਟਰਾਂ ਵਿੱਚ ਗੀਤ ਲਿਖਦਾ ਹੈ। ਬੀਬਾ ਰਣਜੀਤ ਕੌਰ ਲਿਖਦੀ ਹੈ ਕਿ ਬਾਬੂ ਸਿੰਘ ਮਾਨ ਕਲਾਕਾਰਾਂ ਦਾ ਕਦਰਦਾਨ ਹੀ ਨਹੀਂ, ਸਗੋਂ ਪਾਰਖੂ ਵੀ ਨੇ, ਊਹ ਸੁਭਾਅ ਦੇ ਸਰੀਫ਼ ਤੇ ਕਲਮ ਦੇ ਰੁਮਾਂਟਿਕ ਨੇ। ਉਹਨਾਂ ਨੂੰ ਜੁਆਨ ਸਧਰਾਂ ਦੀਆਂ ਧੜਕਦੀਆਂ ਭਾਵਨਾਵਾਂ ਨੂੰ ਉਲੀਕਣਾ ਆਉਂਦਾ ਹੈ, ਵਹਿਣਾ ਵਿੱਚ ਡੁੱਬਣਾ ਆਉਂਦਾ ਹੈ, ਜਿਵੇਂ ”ਡੂੰਘੇ ਡੁੱਬ ਗਿਐਂ ਜਿਕਰੀਆ ਯਾਰਾ, ਮੈਂ ਪੱਤਣਾਂ ਤੇ ਭਾਲਦੀ ਫਿਰਾਂ।”
ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ ਨੇ ਉਹਨਾਂ ਦੇ ਜੀਵਨ ਤੇ ਲਿਖਤਾਂ ਤੇ ਤਸੱਲੀ ਪ੍ਰਗਟ ਕਰਦਿਆਂ ਲਿਖਿਆ ਕਿ ਮਾਨ ਮਰਾੜ੍ਹਾਂ ਵਾਲੇ ਨੇ ਜੱਟ ਦੇ ਯਥਾਰਥਿਕ ਰੂਪ ਦੀ ਬਾਖੂਬੀ ਪੇਸ਼ਕਾਰੀ ਕੀਤੀ ਹੈ। ਉਸਦੀ ਸ਼ਬਦਾਵਲੀ ਹੀ ਹਿੱਟ ਹੈ, ਜਿਵੇਂ ”ਲਾਲੀ ਲਾਲ ਦੁਪੱਟਾ ਲੈ ਕੇ ਬਣਗੀ, ਲਾਲ ਪਰੀ ਵਰਗੀ।” ਇਸ ਪੁਸਤਕ ਵਿੱਚ ਸਰਵ ਸ੍ਰੀ ਜਸਵੰਤ ਸੰਦੀਲਾ, ਹਰਭਜਨ ਮਾਨ, ਗੁਰਨਾਮ ਸਿੰਘ ਗਾਮੀ ਸੰਗਤਪੁਰੀਆ, ਦੇਬੀ ਮਖਸੂਸਪੁਰੀ, ਗੁਰਮੀਤ ਕੋਟਕਪੂਰਾ, ਡਾ: ਗੁਰਨਾਇਬ ਸਿੰਘ, ਡਾ: ਨਿਰਮਲ ਜੌੜਾ, ਨਿੰਦਰ ਘੁਗਿਆਨਵੀ, ਮਨਪ੍ਰੀਤ ਟਿਵਾਣਾ, ਹਰਦਿਆਲ ਸਿੰਘ ਹਾਮੀ, ਡਾ: ਰਮਨਦੀਪ ਕੌਰ ਪੈਰੀ ਦੇ ਆਰਟੀਕਲ ਅਤੇ ਗੁਰਮੀਤ ਸਿੰਘ ਕੋਟਕਪੂਰਾ ਵੱਲੋਂ ਕੀਤੀ ਇੰਟਰਵਿਊ ਵੀ ਦਰਜ ਹੈ। ਇਸਤੋਂ ਇਲਾਵਾ ਲੇਖ ਅੱਖੀ ਦੇਖਿਆ, ਹੰਢਾਇਆ, ਕੰਨੀ ਸੁਣਿਆ ਵਿੱਚ ਵੱਖ ਵੱਖ ਵਿਅਕਤੀਆਂ ਦੀਆਂ ਯਾਦਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਖ਼ੀਰ ਵਿੱਚ ਉਹਨਾਂ ਦੀਆਂ ਪ੍ਰਕਾਸ਼ਿਤ ਹੋਈ ਪੁਸਤਕਾਂ, ਫਿਲਮਾਂ ਅਤੇ ਉਹਨਾਂ ਦੇ ਗੀਤਾਂ ਨੂੰ ਲੋਕਾਂ ਦੇ ਰੂਬਰੂ ਪੇਸ਼ ਕਰਨ ਵਾਲੇ ਕਲਾਕਾਰਾਂ ਦੇ ਨਾਂ ਦਰਜ ਕੀਤੇ ਗਏ ਹਨ। ਇਹ ਕਿਤਾਬ ਪੰਜਾਬੀ ਸੱਭਿਆਚਾਰ ਨੂੰ ਪ੍ਰਣਾਏ ਸ੍ਰ: ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਜੀਵਨ ਤੇ ਝਾਤ ਪਵਾਉਂਦੀ ਬਹੁਮੁੱਲੀ ਪੁਸਤਕ ਹੈ, ਜੋ ਭੋਲਾ ਸਿੰਘ ਸ਼ਮੀਰੀਆ ਦੀ ਲਿਖੀ ਇਹ ਪੁਸਤਕ ਪੀਪਲਜ ਫੋਰਮ ਬਰਗਾੜੀ ਨੇ ਪ੍ਰਕਾਸ਼ਿਤ ਕੀਤੀ ਹੈ।
ਮੋਬਾ: 098882 75913