ਹਾਂ, ਬਈ ਸਨੇਹੀਓ, ਸਤ ਸ਼੍ਰੀ ਅਕਾਲ। ਅਸੀਂ ਸਾਰੇ ਇੱਥੇ ਖੁਸ਼ੀਆਂ ਵਿੱਚ ਹਾਂ। ਰੱਬ ਜੀ, ਤੁਹਾਨੂੰ ਵੀ ਰੌਣਕਾਂ ਬਖ਼ਸ਼ੇ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਪਿੰਡ ਦਾ ਚੁਰਾਨਵੇਂ ਸਾਲਾ ਸੇਵਾਦਾਰ ਖੇਤਾ ਸਿੰਹੁ ਉਰਫ਼ ਖੇਤੂ ਬਾਈ ਅਜੇ ਵੀ ਕਾਇਮ ਹੈ। ਕਦੇ-ਕਦੇ, ਹੌਲੀ-ਹੌਲੀ, ਸੋਟੀ ਸਹਾਰੇ, ਸੱਥ ਅਤੇ ਗੁਰਦੁਆਰੇ ਗੇੜਾ ਮਾਰ ਜਾਂਦੈ। ਕਾਂਇਆਂ ਹਾਰਨ ਕਰਕੇ, ਢਿੱਲ-ਮੱਠ ਛੇਤੀ ਹੋ ਜਾਂਦੀ ਹੈ। ਘਰ ਦੇ ਗੁੱਸੇ ਹੋ ਕੇ ਉਸ ਨੂੰ ਘਰੇ ਹੀ ‘ਤੜੇ ਰਹਿਣਲਈ ਕਹਿੰਦੇ ਹਨ। ਖੁੰਢ-ਕੌਂਸਲ ਦੇ ਕਈ ਆੜੀ, ਕੱਲ੍ਹ, ਬਾਈ ਕੋਲ ਅੱਪੜਗੇ।
ਖੇਤੂ ਬਾਈ ਨਾਲ ਬੜੀਆਂ ਗੱਲਾਂ ਹੋਈਆਂ। ਫੇਰ ਉਹ ਵੀ ਤੁੜਕ ਪਿਆ। ਸਾਹ ਲੈ ਕੇ ਬੜਾ ਸੇਵਾ-ਇਤਿਹਾਸ ਸੁਣਾਇਆ। ਦਰਸੀ ਕਹਿੰਦਾ, “ਬਾਈ ਜਾਰ, ਤੂੰ ਪਿੰਡ ਦੇ ਹਰੇਕ ਘਰ ਦੇ ਦੁੱਖ-ਸੁੱਖ ਵਿੱਚ ਰਿਹੈਂ, ਕਿਵੇਂ ਜੇ ਲੱਗਦੈ?" ਸਰਹਾਣੇ ਦਾ ਢਾਸਣਾ ਬਣਾ ਖੇਤਾ ਸਿੰਹੁ ਸੂਤ ਹੋ ਕੇ ਕਹਿੰਦਾ, “ਲੈ ਬਈ ਕੀ ਗਰੀਬ ਤੇ ਕੀ ਅਮੀਰ, ਜਦੋਂ ਮੈਨੂੰ ਤੇ ਭੂਰੇ ਨੂੰ ਘਰ ਆ ਕੇ ਆਖ ਜਾਂਦੇ ਬਈ ਅਗਲੇ ਮਹੀਨੇ ‘ਕੁੜੀ-ਮੁੰਡੇ
ਦਾ ਕਾਰਜ ਐ, ਬੱਸ ਥੋਡੇ ਸਿਰ ਤੇ ਈ ਐ, ਸਾਨੂੰ ਚਾਅ-ਚੜ੍ਹ ਜਾਂਦਾ। ਸਾਰੀ ਰਸਦ, ਮੰਜੇ-ਬਿਸਤਰੇ, ਦੁੱਧ-ਬਾਧ, ਇਕੱਠਾ ਕਰਨ, ਖਰੀਦਣ ਅਤੇ ਤਿਆਰ ਕਰਨ ਸਮੇਂ ਅਸੀਂ ਦਿਨ-ਰਾਤ, ਇੱਕ ਕਰ ਦਿੰਦੇ। ਮਜਾਲ ਐ ਭੋਰਾ ਫਰਕ ਪੈ ਜੇ। ਪਹਿਲਾਂ ਖਾਣਾ-ਭਾਜੀ, ਜੰਞ ਨੂੰ, ਦੂਏ ਨੰਬਰ ਉੱਤੇ ਮੇਲ ਨੂੰ, ਫੇਰ ਘਰਦੇ ਅਤੇ ਅਖੀਰ ਉੱਤੇ ਬਚੇ ਤਾਂ ਪਰੀਹੇ ਖਾਂਦੇ। ਮਗਰੋਂ ਸਾਮਾਨ ਮੋੜਨ, ਸਾਂਭਣ, ਗੱਲ ਕੀ ਤੌੜੀਆਂ ਧੋਣ ਤੱਕ ਰਹਿੰਦੇ। ਮੇਰੀ ਸੁਰਤ
ਚ ਸਾਰੇ ਮੁੰਡੇ-ਕੁੜੀਆਂ, ਮੇਰੇ ਹੱਥੀਂ ਵਿਆਹੇ ਐ। ਹਾਂ, ਦੁੱਖ ਵੇਲੇ ਆਪ ਹੀ ਅੱਪੜਦੇ। ਖ਼ੈਰ! ਮੈਂ ਕੀ ਸਾਰਾ ਭਾਈਚਾਰਾ ਕਰਦਾ ਸੀ ਉਨ੍ਹਾਂ ਦਿਨਾਂ ਚ।" “ਤੇ ਫਿਰ ਤੇਰਾ ਘਰੇ ਕਿਵੇਂ ਸਰਦਾ ਸੀ, ਤੂੰ ਤਾਂ ਬਾਹਰ ਰਹਿੰਦਾ ਸੀ?" ਸਤਪਾਲ ਨੇ ਹੈਰਾਨੀ ਨਾਲ ਪੁੱਛਿਆ। “ਪਹਿਲਾਂ ਤਾਂ ਘਰਦੇ ਚੁਰ-ਚੁਰ ਕਰਦੇ ਸੀ, ਫੇਰ ਰਵਾਂ ਹੋ ਗਏ। ਕਈ ਭਰਾ ਸਾਂ, ਚੱਲੀ ਜਾਂਦਾ ਸੀ ਰਲ-ਮਿਲ ਕੇ। ਬਿਜਾਈ-ਵਢਾਈ ਵੇਲੇ ਲੋਕੀਂ ਸਾਡੇ ਨਾਲ ਹੱਥ-ਪਲੱਥਾ ਕਰਾ ਦਿੰਦੇ, ਮੇਰੀ ਇੱਜ਼ਤ ਬਹੁਤ ਕੀਤੀ ਸਾਰਿਆਂ ਨੇ। ਪਾਣੀ ਦੀ ਵਾਰੀ ਵੀ ਲਵਾ ਦਿੰਦੇ। ਪਿੰਡ ਦਾ ਬਹੁਤਾ ਹੰਮਾ ਰਿਹੈ। ਕੋਈ ਕਮੀ ਨਹੀਂ ਰਹੀ। ਹੁਣ ਵੀ ਗੁਰੂ ਦੀ ਕ੍ਰਿਪਾ ਐ।" ਖੇਤੂ ਨੇ ਗੁਰੂ-ਘਰ ਵੱਲ ਹੱਥ ਜੋੜੇ। ਏਨ੍ਹੇ ਨੂੰ ਭਰਾ ਬਿੱਲੂ ਅਤੇ ਸ਼ਾਮ ਸਿੰਹੁ ਵੀ ਆ ਬੈਠੇ। ਪੋਤ-ਨੂੰਹ ਚਾਹ ਲੈ ਆਈ। ਸਾਰੇ ਮੂੰਹਾਂ ਕੰਨੀਂ ਵੇਖਣ। ਖੇਤੂ ਆਂਹਦਾ, “ਚੱਕ ਲੋ-ਚੱਕ ਲੋ, ਪੀ ਲਓ
ਕੱਠੇ, ਕੀ ਪਤਾ ਪਰਾਨੀ ਦਾ।” ਸਾਰੇ ਸੁੜਾਕੇ ਮਾਰਨ ਲੱਗੇ।
ਹੋਰ, ਹਰ ਪਾਸੇ, ਹਰ ਥਾਂ ਭੀੜ ਵੱਧ ਰਹੀ ਹੈ। ‘ਠੋਕ ਤਾ ਵਸੀ ਦੀ ਜੋੜੀ ਵਾਂਗੂੰਤਕੀਏ ਕਲਾਮ ਵਾਲਾ ਮੱਦੀ ਕਾਇਮ ਹੈ। ‘ਡੱਟ ਪੱਟਣ ਵਾਲਾ ਡਿੱਟੀ
, ਡੇਗੇ ਚ ਆ ਗਿਐ। ਸਾਰੀ ਉਮਰ ਲੋਕਾਂ ਦਾ ਇਲਾਜ ਕਰਨ ਵਾਲਾ ਪਰਮਾ ਵੈਦ ਆਪ ਢਿੱਲਾ ਹੈ। ਨਿੱਕੇ ਕਿਸਾਨ ‘ਕਰਸੇਅ ਜੇ
ਪਏ ਹਨ। ਪੀਜ਼ੇ-ਵੀਜ਼ੇ ਵਾਲੇ ‘ਭਿੰਡੀ ਭਲਵਾਨ, ਡਿੰਜਣ ਵਰਗੀਆਂ ਵਸਤਾਂ ਭੁੱਲ ਗਏ ਹਨ। ਬਜ਼ੁਰਗ, ਔਲਾਦ ਨਾਲ ਗੱਲਬਾਤ ਨੂੰ ਤਰਸ ਰਹੇ ਹਨ। ਦਾਦੂ, ਦੇਸੂ, ਦੋਦੇ, ਦਾਖੇ ਅਤੇ ਦਬੜੀ ਵਾਲੇ ਠੀਕ ਹਨ। ਫੋਟੋਆਂ ਭੇਜ ਦਿਆ ਕਰੋ, ਸਾਡਾ ਜੀਅ ਲੱਗਿਆ ਰਹਿੰਦਾ। ਸੱਚ, ਕਮਿੱਕਰੂ ਬਾਈ, ਆਸਟਰੇਲੀਆ ਤੋਂ ਆ ਗਿਆ ਹੈ, ਮਿਲਿਆ ਸੀ। ਚੰਗਾ, ਸਿਹਤ ਠੀਕ ਰੱਖਿਓ, ਜਵਾਕਾਂ ਨੂੰ ਪੰਜਾਬੀ ਅਤੇ ਪੰਜਾਬੀਅਤ ਸਿਖਾਇਓ। ਮਿਲਾਂਗੇ ਅਤੇ ਮਿਲਦੇ ਰਹਾਂਗੇ। ਜ਼ਿੰਦਗੀ ਜਿੰਦਾਬਾਦ...
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061