ਪੁਰਾਣੀ ਗੱਲ ਹੈ ਕਿ ਸੰਗਰੂਰ ਦੀ ਇੱਕ ਅਦਾਲਤ ਵਿੱਚ ਸ਼ਿੰਦੇ ਛੁਰੀ ਮਾਰ ਨਾਮਕ ਇੱਕ ਬਦਮਾਸ਼ ਦੇ ਖਿਲਾਫ ਚੋਰੀ ਦਾ ਕੇਸ ਚੱਲ ਰਿਹਾ ਸੀ ਜਿਸ ਦੀ ਐਫ.ਆਈ.ਆਰ. ਵਿੱਚ ਲਿਖਿਆ ਹੋਇਆ ਸੀ ਕਿ ਮੱਸਾ ਸਿੰਘ ਥਾਣੇਦਾਰ (ਕਾਲਪਨਿਕ ਨਾਮ) ਨੇ ਭੱਜ ਕੇ ਜੱਫਾ ਮਾਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਛੋਟੀ ਉਮਰ ਦਾ ਛੁਰੀ ਮਾਰ ਸਧਾਰਨ ਕੱਦ ਕਾਠੀ ਦਾ ਬਹੁਤ ਫੁਰਤੀਲਾ ਇਨਸਾਨ ਸੀ। ਦੂਸਰੇ ਪਾਸੇ ਗਵਾਹੀ ਦੇਣ ਪੁੱਜਿਆ ਤਫਤੀਸ਼ੀ ਮੱਸਾ ਸਿੰਘ ਪੰਜਾਹਾਂ ਨੂੰ ਢੁੱਕਿਆ ਹੋਇਆ ਸੀ ਕਾਫੀ ਮੋਟਾ ਤਾਜ਼ਾ ਸੀ। ਸਰਕਾਰੀ ਵਕੀਲ ਨੇ ਮੱਸਾ ਸਿੰਘ ਦਾ ਬਿਆਨ ਦਰਜ਼ ਕਰਵਾਇਆ ਤੇ ਜੱਜ ਨੇ ਚੋਰ ਦੇ ਵਕੀਲ ਨੂੰ ਉਸ ਨਾਲ ਸਵਾਲ ਜ਼ਵਾਬ (ਕਰੌਸ) ਕਰਨ ਲਈ ਕਿਹਾ। ਵਕੀਲ ਸਫਾਈ ਅਸ਼ਵਨੀ ਕੁਮਾਰ ਬਹੁਤ ਹੀ ਘਾਗ ਕਿਸਮ ਦਾ ਵਿਅਕਤੀ ਸੀ ਤੇ ਚੋਰ ਲੁਟੇਰਿਆਂ ਦੇ ਕੇਸ ਲੜਨੇ ਜਿਆਦਾ ਪਸੰਦ ਕਰਦਾ ਸੀ ਕਿਉਂਕਿ ਉਹ ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼ ਕਹਾਵਤ ਅਨੁਸਾਰ ਮੂੰਹ ਮੰਗੀ ਫੀਸ ਦੇਂਦੇ ਸਨ ਨੇ ਨਾਲੇ ਪੱਕੇ ਗਾਹਕ ਬਣ ਜਾਂਦੇ ਸਨ। ਪਹਿਲਾਂ ਤਾਂ ਉਸ ਨੇ ਮੱਸਾ ਸਿੰਘ ਨਾਲ ਕੁਝ ਆਮ ਜਿਹੇ ਸਵਾਲ ਜਵਾਬ ਕੀਤੇ ਕਿ ਚੋਰ ਕਿੰਨੇ ਵਜੇ ਪਕੜਿਆ ਸੀ, ਕਿੱਥੋਂ ਪਕੜਿਆ ਸੀ, ਕੀ ਬਰਾਮਦਗੀ ਹੋਈ ਸੀ ਆਦਿ। ਫਿਰ ਉਹ ਅਸਲੀ ਮੁੱਦੇ ‘ਤੇ ਆ ਗਿਆ, “ਥਾਣੇਦਾਰ ਸਾਹਿਬ, ਇਹ ਦੱਸੋ ਕਿ ਤੁਸੀਂ ਕਿੰਨੀ ਦੂਰ ਤੱਕ ਦੌੜ ਕੇ ਸ਼ਿੰਦਾ ਸਿੰਘ ਨੂੰ ਪਕੜਿਆ ਸੀ?”“ਕਰੀਬ 15 20 ਮੀਟਰ,” ਮੱਸਾ ਸਿੰਘ ਨੇ ਮਿਸਲ ਚੰਗੀ ਤਰਾਂ ਘੋਟੀ ਹੋਈ ਸੀ ਜਿਸ ਕਾਰਨ ਤਾੜ ਤਾੜ ਜਵਾਬ ਦੇ ਰਿਹਾ ਸੀ। ਵਕੀਲ ਨੇ ਜੱਜ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ, “ਜ਼ਨਾਬ, ਮੇਰੀ ਬੇਨਤੀ ਹੈ ਕਿ ਸ਼ਿੰਦਾ ਸਿੰਘ ਨੂੰ ਥਾਣੇਦਾਰ ਸਾਹਿਬ ਦੇ ਹੱਥ ‘ਤੇ ਹੱਥ ਮਾਰ ਕੇ ਭੱਜਣ ਦੀ ਆਗਿਆ ਦਿੱਤੀ ਜਾਵੇ। ਜੇ ਥਾਣੇਦਾਰ ਸਾਹਿਬ ਨੇ ਪਿੱਛਾ ਕਰ ਕੇ ਉਸ ਨੂੰ ਪਕੜ ਲਿਆ ਤਾਂ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਕਿ ਮੇਰਾ ਮੁਵੱਕਿਲ ਜ਼ੁਰਮ ਇਕਬਾਲ ਕਰ ਲਵੇਗਾ, ਤੁਸੀਂ ਜਿੰਨੀ ਸਜ਼ਾ ਬਣਦੀ ਹੈ ਦੇ ਦੇਣਾ। ਪਰ ਜੇ ਉਹ ਨਾ ਪਕੜਿਆ ਗਿਆ ਤਾਂ ਫਿਰ ਇਹ ਸਾਰਾ ਮੁਕੱਦਮਾ ਝੂਠਾ ਹੈ ਤੇ ਸ਼ਿੰਦਾ ਸਿੰਘ ਬਰੀ ਹੋਣ ਦਾ ਹੱਕ ਰੱਖਦਾ ਹੈ।” ਨਿਆਂ ਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਵਕੀਲ ਵੱਲੋਂ ਅਜਿਹਾ ਚੈਲੇਂਜ ਦਿੱਤੇ ਜਾਣ ਕਾਰਨ ਅਦਾਲਤ ਵਿੱਚ ਮੌਜੂਦ ਸਾਰੇ ਵਕੀਲ ਹੈਰਾਨ ਹੋ ਕੇ ਜੱਜ ਵੱਲ ਵੇਖਣ ਲੱਗ ਪਏ। ਜੱਜ ਕੁਝ ਮਜ਼ਾਕੀਆ ਕਿਸਮ ਦਾ ਇਨਸਾਨ ਸੀ। ਉਸ ਨੇ ਹੱਸ ਕੇ ਮੱਸਾ ਸਿੰਘ ਨੂੰ ਕਿਹਾ, “ਹਾਂ ਜੀ ਥਾਣੇਦਾਰ ਸਾਹਿਬ, ਕਾਨੂੰਨ ਤਾਂ ਇਸ ਤਰਾਂ ਫੈਸਲੇ ਕਰਨ ਦੀ ਇਜਾਜਤ ਨਹੀਂ ਦੇਂਦਾ, ਪਰ ਜੇ ਤੁਹਾਨੂੰ ਮੰਨਜ਼ੂਰ ਹੋਵੇ ਤਾਂ ਵੇਖ ਲਈਏ ਝੜਪ?” ਮੱਸਾ ਸਿੰਘ ਦੇ ਚਿਹਰੇ ‘ਤੇ ਸ਼ਿਕਨ ਵੀ ਨਾ ਆਈ ਤੇ ਉਸ ਨੇ ਚੈਲੇਂਜ ਸਵੀਕਾਰ ਕਰ ਲਿਆ।
ਛੁਰੀ ਮਾਰ ਦੀ ਜ਼ਮਾਨਤ ਪਹਿਲਾਂ ਹੀ ਹੋ ਚੁੱਕੀ ਸੀ ਜਿਸ ਕਾਰਨ ਉਸ ਦੇ ਭੱਜ ਜਾਣ ਦਾ ਕੋਈ ਖਤਰਾ ਨਹੀਂ ਸੀ। ਦੋਵੇਂ ਜਣੇ ਮਿਲਖਾ ਸਿੰਘ ਵਾਂਗ ਤਿਆਰ ਹੋ ਗਏ। ਛੁਰੀ ਮਾਰ ਦਾ ਮੂੰਹ ਖੁਸ਼ੀ ਨਾਲ ਲਾਲ ਹੋਇਆ ਪਿਆ ਸੀ ਕਿ ਅੱਜ ਉਹ ਬਰੀ ਹੋ ਜਾਵੇਗਾ ਤੇ ਨਾਲੇ ਇਸ ਭੁੱਖੜ ਵਕੀਲ ਦੀਆਂ ਫੀਸਾਂ ਤੋਂ ਵੀ ਖਹਿੜਾ ਛੁੱਟ ਜਾਵੇਗਾ। ਉਹ ਗੁੱਗੂ ਗਿੱਲ ਵਾਂਗ ਮਸਤਾਨੀ ਚਾਲ ਚੱਲਦਾ ਹੋਇਆ ਕਟਿਹਰੇ ਤੋਂ ਬਾਹਰ ਆਇਆ ਤੇ ਮੱਸਾ ਸਿੰਘ ਦੇ ਹੱਥ ‘ਤੇ ਹੱਥ ਮਾਰ ਕੇ ਅਜੇ ਦੋ ਚਾਰ ਕਦਮ ਹੀ ਭੱਜਾ ਸੀ ਕਿ ਪਿੱਛੋਂ ਅਜਿਹਾ ਕੜਕਵਾਂ ਲਲਕਾਰਾ ਵੱਜਾ ਕਿ ਸਾਰੀ ਅਦਾਲਤ ਕੰਬ ਗਈ, “ਖੜ੍ਹ ਜਾ ਛੁਰੀ ਮਾਰਾ, ਨਹੀਂ ਆਈ ਆ ਗੋਲੀ ਖੋਪੜੀ ‘ਚ।” ਇਹ ਸੁਣ ਕੇ ਛੁਰੀ ਮਾਰ ਠਠੰਬਰ ਕੇ ਰੁਕ ਗਿਆ ਤੇ ਮੱਸਾ ਸਿੰਘ ਨੇ ਭੱਜ ਕੇ ਉਸ ਨੂੰ ਜੱਫਾ ਮਾਰ ਲਿਆ। ਫਿਰ ਉਹ ਟੇਢਾ ਜਿਹਾ ਮੁਸਕਰਾ ਕੇ ਅਸ਼ਵਨੀ ਕੁਮਾਰ ਨੂੰ ਮੁਖਾਤਿਬ ਹੋਇਆ ਤੇ ਖੱਬੀ ਅੱਖ ਦੱਬ ਕੇ ਬੋਲਿਆ, “ਵਕੀਲ ਸਾਹਿਬ, ਇੰਜ ਪਾਉਂਦੀ ਆ ਪੰਜਾਬ ਪੁਲਿਸ ਬਦਮਾਸ਼ਾਂ ਦੀ ਗਿੱਚੀ ਨੂੰ ਹੱਥ।” ਜੱਜ ਸਮੇਤ ਸਾਰੇ ਹਾਜ਼ਰੀਨ ਹੱਸ ਹੱਸ ਕੇ ਲੋਟ ਪੋਟ ਹੋ ਗਏ ਤੇ ਅਸ਼ਵਨੀ ਕੁਮਾਰ ਦੀ ਹਾਲਤ ਅਜਿਹੀ ਹੋ ਗਈ ਜਿਵੇਂ ਉਸ ਨੂੰ ਹੁਣੇ ਹਾਰਟ ਅਟੈਕ ਹੋ ਜਾਵੇਗਾ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062