ਲੈ ਬਈ ਸਕੀਮੀਉਂ, ਬੋਲੋ ਵਾਹਿਗੁਰੂ! ਅਸੀਂ ਏਥੇ ਤਰਾਰੇ ਵਿੱਚ ਹਾਂ। ਰੱਬ ਜੀ ਪਾਸੋਂ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਮੈਂ ਗਿਆ ਸੀ ਨਾਨਕੇ ਗੰਗਾਨਗਰ ਕੰਨੀਂ। ਚੌਧਰੀ ਬਾਗੜੀ ਲੋਕਾਂ ਦਾ ਇਲਾਕਾ। ਮਾਮੇ ਕੇ ਆਂਹਦੇ, ‘ਰੁਕ ਜਾ ਕੱਲ੍ਹ ਨੂੰ ਪੜੋਸੀ ਪਿੰਡ ਚ ਮੱਸਿਆ ਦਾ ਮੇਲਾ ਹੈ, ਵੇਖ ਕੇ ਜਾਂਈਂ, ਬੜਾ ਭਰਦੈ।
ਲੈ ਬਈ ਬੇਲੀਓ, ਅਸੀਂ ਸਵੇਰੇ ਈ ਪਰੌਂਠੇ ਛੱਕ ਕੇ ਮੋਟਰਸਾਈਕਲ ਉੱਤੇ ਚਲੇ ਗਏ। ਵੱਡੀ ਸੜਕ ਤੋਂ ਈ ਮੇਲੇ ਦੀਆਂ ਨਿਸ਼ਾਨੀਆਂ ਦਿਸ-ਗੀਆਂ। ਥਾਂ-ਥਾਂ, ਜਲੇਬੀਆਂ-ਪਕੌੜਿਆਂ ਦੀਆਂ ਰੇੜ੍ਹੀਆਂ, ਤਿਆਰ ਸਨ। ਸਬਜ਼ੀ, ਫਲ, ਗੰਨੇ ਦਾ ਰਸ, ਸ਼ਕੰਜਵੀ, ਜਲ ਜੀਰਾ ਅਤੇ ਹੋਰ ਬੜਾ ਕੁੱਝ। ਪਹਿਲਾਂ ਅਸੀਂ ਇੱਕ ਲਿਹਾਜੀਆਂ ਦੇ ਘਰ ਗਏ। ਚਾਹ-ਪਾਣੀ ਪੀ, ਮੋਟਰਸਾਈਕਲ ਉੱਥੇ ਛੱਡ, ਮੇਲੇ ਚ ਪੈਦਲ ਗਏ। ਨਾਲ ਗਏ ਧਰਮੇਲੇ ਆਲੇ ਨੇ ਦੱਸਿਆ ਕਿ ‘ਇਹ ਮਾਈਆਂ ਦਾ ਮੇਲਾ
ਹੈ। ਉਂਜ ਤਾਂ ਹੁਣ ਕਈ ਮੰਦਰ ਬਣ ਗਏ ਹਨ ਪਰ ਵੱਡਾ ਮੰਦਰ ‘ਮਾਈਆਂ ਦਾ ਹੀ ਹੈ।
ਸਾਡੇ ਜਾਂਦਿਆਂ ਨੂੰ ਪਿੰਡ ਦੀਆਂ ਗਲੀਆਂ, ਦੁਕਾਨਾਂ ਨਾਲ, ਵੱਡੀ ਮਾਰਕੀਟ ਹੀ ਬਣ ਗਈਆਂ ਸਨ। ਵਿਚਕਾਰ ਜਨਤਾ ਜਾ ਰਹੀ ਸੀ ਪੈਦਲ। ਵਿੱਚੇ ਮੋਟਰਸਾਈਕਲਾਂ ਦੀ ਟੀਂ-ਟੀਂ। ਕਈ ਥਾਂਈਂ ਕਾਰਾਂ ਵੀ ਫਸੀਆਂ ਸਨ। ਮਸਾਂ ਮੰਦਰ ਤੱਕ ਪੁੱਜੇ। ਅੰਦਰ ਤਿਲ ਸੁੱਟਣ ਨੂੰ ਕੋਈ ਥਾਂ ਨਾ। ਲੰਮੀਆਂ ਲਾਈਨਾਂ। ਕਈ ਚਿਰ ਤੋਂ ਵਾਰੀ ਆਈ। ਬਾਹਰ ਆ ਕੇ ਵੇਖਿਆ, ਇੱਕ ਪਾਸੇ ਲੰਗਰ ਦੀਆਂ ਰੌਣਕਾਂ ਸਨ, ਜਿਆਦਾ ਦੁਕਾਨਾਂ ਚੜ੍ਹਾਵੇ ਵਾਸਤੇ, ਪ੍ਰਸ਼ਾਦ, ਨਾਰੀਅਲ, ਬਹੁਕਰ, ਲੂਣ ਅਤੇ ਚੁੰਨੀਆਂ ਦੀਆਂ ਸਨ। ਕਿਤੇ-ਕਿਤੇ ਸ਼ਹਿਰੀ ਦੁਕਾਨਦਾਰ ਕੱਪੜੇ, ਭਾਂਡੇ ਅਤੇ ਹੋਰ ਨਿੱਕ-ਸੁੱਕ ਖਿਲਾਰੀ ਬੈਠੇ ਸਨ। ਬੱਚਿਆਂ ਦੇ ਖਿਡਾਉਣਿਆਂ ਉੱਤੇ ਵਾਹਵਾ ਰੌਣਕ ਸੀ। ਖਾਸ ਕਰਕੇ ਪਲਾਸਟਿਕ ਦੇ ਹਵਾ ਵਾਲੇ ਭੁਕਾਨੇ ਅਤੇ ਪੀਪਣੀਆਂ ਦੀ ਵਿਕਰੀ, ਜੋਰਾਂ ਉੱਤੇ ਸੀ। ਹੋਰ ਤਾਂ ਹੋਰ, ਚਾਹ ਦੇ ਢਾਬੇ ਅਤੇ ਮਿਠਿਆਈਆਂ ਵਾਲੇ ਵੀ ਖਿੱਚ ਰਹੇ ਸਨ। ਕਈ ਤਾਂ ਆਪਣੇ ਘਰਾਂ ਅੱਗੇ ਹੀ ਮੰਜੇ ਉੱਤੇ ਪ੍ਰਸ਼ਾਦ, ਚੂੜੀਆਂ ਅਤੇ ਹੋਰ ਸਮਾਨ ਜਚਾਈ ਬੈਠੇ ਸਨ। ਕਈਆਂ ਨੇ ਕਾਰਾਂ-ਮੋਟਰਸਾਈਕਲਾਂ ਦੀ ਪਾਰਕਿੰਗ ਲਈ ਪੈਸੇ ਲੈ ਕੇ ਰੋਜ਼ਗਾਰ ਬਣਾਇਆ ਸੀ। ਮੈਂ ਮੰਦਰ ਦੇ ਇਤਿਹਾਸ ਬਾਰੇ ਪੁੱਛਿਆ ਤਾਂ ਸਾਰਿਆਂ ਦੀ ਇੱਕੋ ਹੀ ਕਹਾਣੀ ਸੀ, ‘ਪਿੰਡ ਬੱਝਣ ਵੇਲੇ ਤੋਂ ਹੀ ਲੱਗਦਾ ਹੈ ਜੀ
। ਖ਼ੈਰ! ਮੈਂ ਨਿਵੇਕਲੇ ਸਭਿਆਚਾਰ ਦਾ ਆਨੰਦ ਲਿਆ, ਖਾਸ ਤੌਰ ਉੱਤੇ ਰਾਜਸਥਾਨੀ ਪਹਿਰਾਵੇ ਵਾਲੀਆਂ ਔਰਤਾਂ ਅਤੇ ਆਦਮੀਆਂ ਨੂੰ ਦੇਖ-ਪਾਖ ਕੇ। ਕੈਸਾ ਲੱਗਾ ਮੇਲਾ? ਜ਼ਰੂਰ ਦੱਸਣਾ। ਅਸੀਂ ਥੱਕ ਗਏ ਪਰ ਰੂਹ ਰੱਜ ਗਈ।
ਹੋਰ, ਸਭ ਕੁੱਝ ਹੀ ਬਦਲ ਰਿਹੈ, ਮੌਸਮ, ਚੋਣਾਂ ਅਤੇ ਨੇਤਾ। ਪਿੰਡਾਂ `ਚ ਇਮਾਨਦਾਰ, ਮਿਹਨਤੀ, ਅਣਥੱਕ ਅਤੇ ਸੂਝਵਾਨ, ਉਮੀਦਾਰਾਂ ਦੇ ਇਸ਼ਤਿਹਾਰ ਲੱਗੇ ਹਨ। ਠਾਹ-ਠੂਹ, ਨਾਮਜ਼ਦਗੀਆਂ-ਰੱਦ, ਰਿੱਟ-ਪਟੀਸ਼ਨਾਂ ਅਤੇ ਡਿਊਟੀਆਂ ਦੀ ਚਰਚਾ ਹੈ। ਸੱਚ, ਝੋਨਾ-ਸੋਨਾ ਆ ਗਿਐ। ਚੰਗਾ, ਵੋਟਾਂ ਪੈਣ ਦੇ ਨਜਾਰੇ ਅਗਲੇ ਐਤਵਾਰ ਵਖਾਵਾਂਗੇ। ਉਡੀਕੀਓ…
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061