ਰਾਮ ਸਿੰਘ ਨੇ ਸਾਰੀ ਉਮਰ ਖੇਤੀਬਾੜੀ ਦਾ ਕੰਮ ਕੀਤਾ ਸੀ। ਉਸ ਦੇ ਦੋ ਮੁੰਡੇ ਤੇ ਇੱਕ ਕੁੜੀ ਸੀ ਤੇ ਸਾਰੇ ਵਿਆਹੇ ਹੋਏ ਸਨ। ਨੂੰਹਾਂ ਨੇਕ ਸਨ ਤੇ ਘਰ ਦਾ ਇਕੱਠ ਨਿਭਦਾ ਜਾ ਰਿਹਾ ਸੀ। ਜਦੋਂ ਉਹ 70 75 ਸਾਲਾਂ ਦਾ ਹੋ ਗਿਆ ਤਾਂ ਮੁੰਡਿਆਂ ਨੇ ਸਲਾਹ ਬਣਾਈ ਕਿ ਬਾਪੂ ਨੇ ਸਾਰੀ ਉਮਰ ਰੱਜ ਕੇ ਕੰਮ ਕੀਤਾ ਹੈ। ਹੁਣ ਇਸ ਨੂੰ ਲਟੈਰ (ਰਿਟਾਇਰ) ਕਰ ਦੇਈਏ ਤਾਂ ਜੋ ਇਹ ਮੌਜਾਂ ਮਾਣ ਸਕੇ। ਉਹ ਰਾਮ ਸਿੰਘ ਕੋਲ ਗਏ ਤੇ ਵੱਡਾ ਮੁੰਡਾ ਬੋਲਿਆ, “ਬਾਪੂ, ਅੱਜ ਤੋਂ ਬਾਅਦ ਤੂੰ ਕੋਈ ਕੰਮ ਨਈਂ ਕਰਨਾ। ਸਾਰਾ ਕੰਮ ਅਸੀਂ ਦੋਵੇਂ ਭਰਾ ਕਰਿਆ ਕਰਾਂਗੇ। ਤੂੰ ਬੱਸ ਹੁਣ ਨਵਾਬਾਂ ਵਾਂਗ ਚਿੱਟੇ ਕੱਪੜੇ ਪਾ ਕੇ ਸੱਥ ‘ਚ ਗੱਪਾਂ ਮਾਰਿਆ ਕਰ ਤੇ ਤਾਸ਼ ਖੇਡਿਆ ਕਰ।” ਮੁੰਡਿਆਂ ਦੀ ਗੱਲ ਸੁਣ ਕੇ ਰਾਮ ਸਿੰਘ ਫੁੱਲ ਕੇ ਕੁੱਪਾ ਹੋ ਗਿਆ ਕਿ ਹੁਣ ਆਊ ਜ਼ਿੰਦਗੀ ਦਾ ਸਵਾਦ।
ਅਗਲੇ ਦਿਨ ਸਵੇਰੇ ਮੁੰਡੇ ਬਲਦ ਲੈ ਕੇ ਪੈਲੀ ਵਾਹੁਣ ਲਈ ਚੱਲਣ ਲੱਗੇ ਤਾਂ ਰਾਮ ਸਿੰਘ ਨੂੰ ਛੋਟਾ ਜਿਹਾ ਕੰਮ ਦੱਸ ਦਿੱਤਾ, “ਬਾਪੂ ਹੁਣ ਤੂੰ ਕੰਮ ਕੋਈ ਨਈਂ ਕਰਨਾ। ਅਸੀਂ ਖੇਤ ਚੱਲੇ ਆਂ ਤੂੰ ਬੱਸ 2 3 ਘੰਟਿਆਂ ਤੱਕ ਸਾਡੀ ਰੋਟੀ ਫੜਾ ਆਈਂ। ਮੌਜਾਂ ਲੈ ਮੌਜਾਂ।”
ਰਾਮ ਸਿੰਘ ਬੜਾ ਖੁਸ਼ ਹੋਇਆ ਕਿ ਚਲੋ ਹਲ੍ਹ ਵਾਹੁਣ ਤੋਂ ਜਾਨ ਛੁੱਟੀ ਤੇ ਉਹ 2 ਕੁ ਘੰਟਿਆਂ ਬਾਅਦ ਰੋਟੀ ਲੈ ਕੇ ਖੇਤ ਪਹੁੰਚ ਗਿਆ। ਵੱਡਾ ਮੁੰਡਾ ਹਲ੍ਹ ਵਾਹ ਰਿਹਾ ਸੀ ਤੇ ਛੋਟਾ ਕਹੀ ਨਾਲ ਵੱਟਾਂ ਛਾਂਗ ਰਿਹਾ ਸੀ। ਰਾਮ ਸਿੰਘ ਨੂੰ ਵੇਖ ਕੇ ਉਹ ਨਹਿਰ ਦੇ ਚੱਲਦੇ ਖਾਲ ਤੋਂ ਹੱਥ ਮੂੰਹ ਧੋ ਕੇ ਟਾਹਲੀ ਦੀ ਸੰਘਣੀ ਛਾਵੇਂ ਉਸ ਦੇ ਕੋਲ ਆ ਕੇ ਬੈਠ ਗਏ। ਰੋਟੀ ਖਾ ਕੇ ਵੱਡਾ ਬੋਲਿਆ, “ਬਾਪੂ, ਅਸੀਂ ਸਵੇਰ ਦੇ ਕੰਮ ਕਰ ਕਰ ਕੇ ਥੱਕੇ ਪਏ ਆਂ। ਤੂੰ ਜਰਾ ਹਲ੍ਹ ਦੇ ਚਾਰ ਕੁ ਸਿਆੜ ਕੱਢ ਦੇ ਤੇ ਅਸੀਂ ਜਰਾ ਲੱਕ ਸਿੱਧਾ ਕਰ ਲਈਏ। ਕੰਮ ਤੂੰ ਕੋਈ ਨਹੀਂ ਕਰਨਾ, ਬੱਸ ਵਿਹਲਾ ਰਿਹਾ ਕਰ।” ਰਾਮ ਸਿੰਘ ਨੇ ਸੋਚਿਆ ਕਿ ਚਲੋ ਚਾਰ ਸਿਆੜ ਖਿੱਚਣ ਨਾਲ ਕੀ ਹੁੰਦਾ ਹੈ? ਇਹ ਵੀ ਤਾਂ ਵਿਚਾਰੇ ਮੇਰੇ ਬਾਰੇ ਐਨਾ ਸੋਚ ਰਹੇ ਹਨ। ਉਧਰ ਮੁੰਡੇ ਘੁਰਾੜੇ ਮਾਰਨ ਲੱਗ ਪਏ ਤੇ ਐਧਰ ਹਲ੍ਹ ਵਾਹ ਵਾਹ ਕੇ ਰਾਮ ਸਿੰਘ ਦਾ ਆਪਣਾ ਹੀ ਵਾਹਣ ਹੋ ਗਿਆ।
ਉਹ ਉਦੋਂ ਉੱਠੇ ਜਦੋਂ ਛੋਟੇ ਦੀ ਪਤਨੀ ਦੁਪਹਿਰ ਦੀ ਰੋਟੀ ਲੈ ਕੇ ਆ ਗਈ। ਉਸ ਨੂੰ ਹਲ੍ਹ ਵਾਹੁੰਦਾ ਵੇਖ ਕੇ ਛੋਟਾ ਭੱਜ ਕੇ ਉਸ ਦੇ ਵੱਲ ਗਿਆ, “ਬਾਪੂ ਆ ਕੀ ਕਰੀ ਜਾਨਾ? ਬੱਸ ਮੌਜ ਕਰ ਮੌਜ।” ਮੁੜਕੋ ਮੁੜਕੀ ਹੋਏ ਰਾਮ ਸਿੰਘ ਦਾ ਦਿਲ ਕੀਤਾ ਕਿ ਬਲਦ ਹਿੱਕਣ ਵਾਲੇ ਛਾਂਟੇ ਨਾਲ ਦੋਵਾਂ ਦੇ ਪਿਛਵਾੜੇ ਲਾਲ ਕਰ ਦਿਆਂ। ਪਰ ਉਹ ਚੁੱਪ ਹੀ ਰਿਹਾ।
ਰੋਟੀ ਖਾ ਕੇ ਵੱਡਾ ਬੋਲਿਆ, “ਬਾਪੂ ਐਂ ਕਰ, ਪੰਡ ਕੁ ਪੱਠਿਆਂ ਦੀ ਵੱਢ ਲੈ। ਅਸੀਂ ਆਏ ਬੱਸ ਥੋੜ੍ਹਾ ਜਿਹਾ ਕੰਮ ਨਿਬੇੜ ਕੇ।” ਸੜੇ ਬਲੇ ਰਾਮ ਸਿੰਘ ਨੇ ਦਾਤਰੀ ਚੁੱਕੀ ਤੇ ਪੱਠੇ ਵੱਢਣ ਲੱਗ ਪਿਆ। ਸ਼ਾਮ ਜਿਹੀ ਨੂੰ ਮੁੰਡਿਆਂ ਨੇ ਆ ਕੇ ਪੱਠੇ ਕੁਤਰ ਦਿੱਤੇ ਤੇ ਵੱਡਾ ਬੋਲਿਆ, “ਬਾਪੂ ਆਹ ਪੱਠੇ ਘਰ ਲੈ ਜਾ, ਮੱਝਾਂ ਭੁੱਖੀਆਂ ਅੜਿੰਗਦੀਆਂ ਹੋਣੀਆਂ। ਅਸੀਂ ਆਏ ਤੇਰੇ ਮਗਰੇ ਮਗਰ, ਬੱਸ ਮੌਜਾਂ ਲੈ ਮੌਜਾਂ।” ਉਨ੍ਹਾਂ ਨੇ ਕੁਤਰੇ ਪੱਠਿਆਂ ਦੀ ਵੱਡੀ ਸਾਰੀ ਪੰਡ ਰਾਮ ਸਿੰਘ ਦੇ ਸਿਰ ‘ਤੇ ਰੱਖ ਦਿੱਤੀ ਤੇ ਉਹ ਪਿੰਡ ਵੱਲ ਚੱਲ ਪਿਆ। ਸਿਰ ‘ਤੇ ਭਾਰੀ ਪੱਠਿਆਂ ਦੀ ਪੰਡ ਤੇ ਉੱਪਰੋਂ ਲੋਹੜੇ ਦੀ ਗਰਮੀ, ਰਾਮ ਸਿੰਘ ਚੱਕਰ ਖਾ ਕੇ ਡਿੱਗ ਪਿਆ ਤੇ ਪੰਡ ਦੇ ਥੱਲੇ ਦੱਬਿਆ ਗਿਆ। ਦਸਾਂ ਕੁ ਮਿੰਟਾਂ ਬਾਅਦ ਉਸ ਦੇ ਲੜਕੇ ਵੀ ਉਸ ਜਗ੍ਹਾ ‘ਤੇ ਪਹੁੰਚ ਗਏ। ਉਨ੍ਹਾਂ ਵੇਖਿਆ ਕਿ ਕੋਈ ਬੰਦਾ ਪੰਡ ਥੱਲੇ ਦੱਬਿਆ ਪਿਆ ਹੈ। ਇੱਕ ਬੋਲਿਆ, “ਲੱਖ ਲਾਹਨਤ ਇਹੋ ਜਿਹੇ ਲੋਕਾਂ ਦੇ ਜਿਹੜੇ ਬੁੱਢੇ ਬੰਦੇ ਨੂੰ ਐਨੀ ਭਾਰੀ ਪੰਡ ਦੇ ਕੇ ਤੋਰ ਦਿੰਦੇ ਨੇ। ਵੱਡੇ ਛੋਟੇ ਦੀ ਕੋਈ ਸ਼ਰਮ ਹਯਾ ਈ ਨਈਂ।
ਇੱਕ ਸਾਡਾ ਬਾਪੂ, ਵੇਖ ਲੈ ਮੌਜਾਂ ਮਾਰਦਾ ਮੌਜਾਂ।” ਰਾਮ ਸਿੰਘ ਨੇ ਥੱਲਿਆਂ ਹੀ ਪੰਜ ਸੱਤ ਮੋਟੀਆਂ ਮੋਟੀਆਂ ਗਾਲ੍ਹਾਂ ਕੱਢੀਆਂ, “ਉਏ ਕੰਜਰੋ, ਮੈਂ ਆਂ ਥੱਲੇ, ਧਾਡਾ ਪਿਉ। ਦੁਰ ਫਿਟੇ ਮੂੰਹ ਇਹੋ ਜਿਹੀ ਗੰਦੀ ਔਲਾਦ ਦੇ।” ਦੋਵਾਂ ਨੇ ਹੈਰਾਨ ਹੋ ਕੇ ਇੱਕ ਦੂਸਰੇ ਦਾ ਮੂੰਹ ਵੇਖਿਆ ਤੇ ਗਾਲ੍ਹਾਂ ਕੱਢ ਰਹੇ ਰਾਮ ਸਿੰਘ ਦੀਆਂ ਲੱਤਾਂ ਫੜ ਕੇ ਬਾਹਰ ਨੂੰ ਖਿਚਣ ਲੱਗ ਪਏ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062