ਅੱਠ ਮਹੀਨੇ ਤੋਂ ਮਣੀਪੁਰ ਭਰਾ ਮਾਰੂ ਲੜਾਈ ਦੀ ਅੱਗ ਵਿੱਚ ਝੁਲਸ ਰਿਹਾ ਹੈ। 3 ਮਈ 2023 ਨੂੰ ਸ਼ੁਰੂ ਹੋਈ ਕਤਲੋਗਾਰਤ ਪਹਿਲਾਂ ਸਿਰਫ ਇੰਫਾਲ ਘਾਟੀ ਵਿੱਚ ਰਹਿਣ ਵਾਲੇ ਮੈਤਈ ਅਤੇ ਪਹਾੜਾਂ ਦੇ ਵਾਸੀ ਕੁਕੀਕਬੀਲੇ ਤੱਕਮਹਿਦੂਦ ਸੀ। ਇੱਛਾ ਸ਼ਕਤੀ ਦੀ ਘਾਟ ਕਾਰਨ ਸੂਬਾ ਸਰਕਾਰ ਇਸ ਹਿੰਸਾ ‘ਤੇ ਕਾਬੂ ਪਾਉਣ ਵਿੱਚ ਬੁਰੀ ਤਰਾਂ ਅਸਫਲ ਰਹੀ ਜਿਸ ਕਾਰਨ ਹੁਣ ਤੱਕ 200 ਦੇ ਕਰੀਬ ਦੋਵਾਂ ਫਿਰਕਿਆਂ ਦੇ ਲੋਕਤੇ ਸੁਰੱਖਿਆ ਕਰਮੀ ਮਾਰੇ ਜਾ ਚੁੱਕੇ ਹਨ ਤੇ 50000 ਤੋਂ ਵੱਧਬੇਘਰ ਹੋ ਗਏ ਹਨ। ਕੁਝ ਮਹੀਨੇ ਪਹਿਲਾਂ ਵਾਇਰਲ ਹੋਈ ਇੱਕ ਵੀਡੀਉ ਤੋਂ ਪਤਾ ਲੱਗਾ ਕਿ ਸੈਂਕੜੇ ਔਰਤਾਂ ਦੀ ਇੱਜ਼ਤ ਵੀ ਰੋਲੀ ਜਾ ਚੁੱਕੀ ਹੈ। ਇਸ ਫਿਰਕੂ ਹਿੰਸਾ ਨੇ ਹੁਣ ਇੱਕ ਨਵਾਂ ਰੂਪ ਅਖਤਿਆਰ ਕਰ ਲਿਆ ਹੈ। ਕਈ ਸਾਲਾਂ ਤੋਂ ਚੁੱਪ ਬੈਠੇ ਮਣੀਪੁਰੀ ਅੱਤਵਾਦੀ ਗ੍ਰੋਹ ਜੋ ਕਿ ਜਨਤਾ ਦੀ ਹਮਦਰਦੀ ਗਵਾ ਚੁੱਕੇ ਸਨ, ਦੁਬਾਰਾ ਸਰਗਰਮ ਹੋ ਗਏ ਹਨ।ਉਹ ਕਥਿੱਤ ਤੌਰ ‘ਤੇ ਚੀਨ ਅਤੇ ਬਰਮਾ ਦੀ ਸਹਾਇਤਾ ਨਾਲ ਮੁੜ ਹਥਿਆਰਬੰਦ ਹੋ ਕੇ ਸੁਰੱਖਿਆ ਦਸਤਿਆਂ ‘ਤੇ ਹਮਲੇ ਕਰ ਰਹੇ ਹਨ ਤੇ ਫਿਰੌਤੀਆਂ ਉਗਰਾਹੁਣ ਲੱਗ ਪਏ ਹਨ।
ਸੂਬੇ ਦਾ ਸਰਕਾਰੀ ਤੰਤਰ ਬੁਰੀ ਤਰਾਂ ਛਿੰਨ ਭਿੰਨ ਹੋ ਗਿਆ ਹੈ ਤੇ ਦੋਵਾਂ ਫਿਰਕਿਆਂ ਦੀਆਂ ਨਿੱਜੀ ਮਿਲਸ਼ੀਆ ਆਪੋ ਆਪਣੀ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਬਰਾਬਰ ਦੀ ਸਰਕਾਰ ਚਲਾ ਰਹੀਆਂ ਹਨ। ਉਨ੍ਹਾਂ ਦੀ ਛਤਰ ਛਾਇਆ ਹੇਠ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਬਿਨਾਂ ਕਿਸੇ ਡਰ ਭੈਅ ਦੇ ਵੱਡੇ ਪੱਧਰ ‘ਤੇ ਚੱਲ ਪਈ ਹੈ। ਲਗਦਾ ਹੈ ਕਿ ਜਲਦੀ ਹੀ ਮਣੀਪੁਰ ਭਾਰਤ ਭਰ ਦੇ ਗੈਂਗਸਟਰਾਂ ਅਤੇ ਮਾਉਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਦਾ ਨਵਾਂ ਕੇਂਦਰ ਬਣ ਜਾਵੇਗਾ। ਫਿਰੌਤੀਆਂ ਤੋਂ ਹੋਣ ਵਾਲੀ ਅਥਾਹ ਕਮਾਈ ਕਾਰਨ ਅੱਤਵਾਦੀ ਗ੍ਰੋਹ ਦਿਨ ਬ ਦਿਨ ਤਾਕਤਵਰ ਹੁੰਦੇ ਜਾ ਰਹੇ ਹਨ। ਉਹ ਵਪਾਰੀਆਂ, ਆਮ ਲੋਕਾਂਤੇ ਇਥੋਂ ਤੱਕ ਕਿ ਥਰੀ ਵਹੀਲਰ ਚਲਾਉਣ ਵਾਲਿਆਂਤੋਂ ਵੀ ਪੈਸਾ, ਰਾਸ਼ਨ ਅਤੇ ਗੱਡੀਆਂ ਤੱਕ ਭੋਟ ਰਹੇ ਹਨ। ਚੂੜਾਚਾਂਦਪੁਰ ਦੇ ਇੱਕ ਕਾਰ ਡੀਲਰ ਨੇ ਬਲੈਰੋ ਗੱਡੀ ਦੇਣ ਤੋਂ ਇਨਕਾਰ ਕਰਨ ਦੀ ਹਿੰਮਤ ਕੀਤੀ ਤਾਂ ਅੱਤਵਾਦੀਆਂ ਨੇ ਬੰਦੂਕ ਦੀ ਨੋਕ ‘ਤੇ ਉਸ ਤੋਂ ਤਿੰਨ ਗੱਡੀਆਂ ਖੋਹ ਲਈਆਂ ਤੇ ਕੁੱਟ ਮਾਰ ਕੇ ਅਧਮੋਇਆ ਕਰ ਦਿੱਤਾ। ਅਜਿਹੇ ਹਾਲਾਤ ਵਿੱਚ ਆਮ ਆਦਮੀ ਕੋਲ ਅੱਤਵਾਦੀਆਂ ਦੀਆਂ ਨਜਾਇਜ਼ ਮੰਗਾਂ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਿਹਾ।
ਅੱਤਵਾਦੀਆਂ ਦਾ ਐਨਾ ਡਰ ਬੈਠ ਚੁੱਕਾ ਹੈ ਕਿ ਲੋਕ ਪੁਲਿਸ ਕੋਲ ਜਾਣ ਤੋਂ ਕਤਰਾਉਂਦੇ ਹਨ। ਪੈਸੇ ਦੀ ਭੁੱਖ ਵਿੱਚ ਅੰਨ੍ਹੇ ਹੋ ਚੁੱਕੇ ਇਹ ਅੱਤਵਾਦੀ ਹੁਣ ਆਪਣੇ ਬਿਗਾਨੇ ਵਿੱਚ ਕੋਈ ਫਰਕ ਨਹੀਂ ਕਰਦੇ। ਪਿਛਲੇ ਸਾਲ 8 ਦਸੰਬਰ ਨੂੰ ਇੰਫਾਲ ਦੇ ਇੱਕ ਮੈਤਈ ਵਪਾਰੀ ਨੇ ਪੁਲਿਸ ਕੋਲ ਦਰਖਾਸਤ ਦਿੱਤੀ ਸੀ ਕਿ ਡੀ.ਐਮ. ਕਾਲਜ ਆਫ ਸਾਇੰਸ (ਇੰਫਾਲ) ਦੇ ਹੋਸਟਲ ਤੋਂ ਉਸ ਦੇ 21 ਸਾਲਾ ਲੜਕੇ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਛੱਡਣ ਦੇ ਇਵਜ਼ 15 ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਨੇ ਕਾਰਵਾਈ ਕਰ ਕੇ ਲੜਕੇ ਨੂੰ ਛੁਡਵਾ ਲਿਆ ਤੇ ਅੱਤਵਾਦੀ ਗਰੁੱਪ ਕੰਗਲੀਪਾਲ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ ਅੱਠ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਗਰੁੱਪ ਫਿਰਕੂ ਹਿੰਸਾ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਮੈਤਈਆਂ ਦੀ ਕੁਕੀਆਂ ਦੇ ਖਿਲਾਫਮਦਦ ਕਰ ਰਿਹਾ ਹੈ। ਸਿਰਫ ਜਨਵਰੀ ਮਹੀਨੇ ਵਿੱਚ ਹੀ ਪੁਲਿਸ ਨੇ ਅੱਤਵਾਦੀ ਜਥੇਬੰਦੀਆਂ ਕੇ.ਸੀ.ਪੀ (ਨੋਵੋਨ ਗਰੁੱਪ), ਪੀਪਲਜ਼ ਲਿਬਰੇਸ਼ਨਜ਼ ਆਰਮੀ (ਪੀ.ਐਲ.ਏ.), ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ (ਕਾਂਗਲੀਪਾਕ ਗਰੁੱਪ) ਅਤੇ ਨੈਸ਼ਨਲ ਰੈਵੋਲਿਊਸ਼ਨਰੀ ਫਰੰਟ ਆਫ ਮਨੀਪੁਰ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੇ 49 ਮੈਂਬਰ ਫਿਰੌਤੀਆਂ ਲਈ ਧਮਕੀਆਂ ਦੇਣ ਦੇ ਜ਼ੁਰਮ ਹੇਠ ਗ੍ਰਿਫਤਾਰ ਕੀਤੇ ਹਨ।
ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਲੁੱਟੇ ਹੋਏ ਆਧੁਨਿਕ ਹਥਿਆਰਾਂ ਕਾਰਨ ਇਹ ਗ੍ਰੋਹ ਪਹਿਲਾਂ ਨਾਲੋਂ ਕਿਤੇ ਵੱਧ ਤਾਕਤਵਰ ਹੋ ਗਏ ਹਨ। ਵਰਨਣਯੋਗ ਹੈ ਕਿ ਮਣੀਪੁਰ ਹਿੰਸਾ ਦੇ ਸ਼ੁਰੂਆਤੀ ਦਿਨਾਂ ਵਿੱਚ ਪੁਲਿਸ ਅਤੇ ਹੋਰ ਸੁਰੱਖਿਆ ਫੋਰਸਾਂ ਦੇ ਅਸਲ੍ਹਾਖਾਨਿਆਂ ਤੋਂ 5682 ਅਸਾਲਟਾਂ, ਇਨਸਾਸ ਅਤੇ ਐਲ.ਐਮ.ਜੀ. ਆਦਿ ਵਰਗੇ ਮਾਰੂ ਹਥਿਆਰਾਂ ਸਮੇਤ650000 ਗੋਲੀਆਂ ਲੁੱਟੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ 1647 ਰਾਈਫਲਾਂ ਅਤੇ 23000 ਗੋਲੀਆਂ ਹੀ ਬਰਾਮਦ ਹੋ ਸਕੀਆਂ ਹਨ। ਇਸ ਦਾ ਕਾਰਨ ਇਹ ਹੈ ਕਿਜਿਆਦਾਤਰ ਲੁੱਟੇ ਹੋਏ ਹਥਿਆਰ ਅੱਤਵਾਦੀਆਂ ਕੋਲ ਪਹੁੰਚ ਗਏ ਹਨ।12 ਜਨਵਰੀ ਨੂੰ ਕੁਕੀ ਬਹੁਲ ਮੋਰੇਹ ਸ਼ਹਿਰ ਦੇ ਨਜ਼ਦੀਕਅੱਤਵਾਦੀਆਂ ਨੇ ਤਿੰਨ ਘਟਨਾਵਾਂ ਵਿੱਚ ਸੁਰੱਖਿਆ ਦਸਤਿਆਂ ‘ਤੇ ਹਮਲੇ ਕਰਨ ਲਈ ਇਨ੍ਹਾਂ ਲੁੱਟੇ ਹੋਏ ਹਥਿਆਰਾਂ ਦੀ ਵਰਤੋਂ ਕੀਤੀ ਹੈ।ਇਹ ਅੱਤਵਾਦੀ ਗਰੁੱਪ ਸੁਰੱਖਿਆ ਦਸਤਿਆਂ ਦੇ ਦਬਾਅ ਕਾਰਨ ਕਈ ਸਾਲਾਂ ਤੋਂ ਬਰਮਾ ਵਿੱਚ ਲੁਕੇ ਬੈਠੇ ਸਨ ਤੇ ਹੁਣ ਸੁਨਿਹਰੀ ਮੌਕਾ ਵੇਖ ਵਗਦੀ ਗੰਗਾ ਵਿੱਚ ਹੱਥ ਧੋ ਰਹੇ ਹਨ।
ਮਣੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ 19 ਜਨਵਰੀ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ 12 ਜਨਵਰੀ ਨੂੰ ਸੁਰੱਖਿਆ ਦਸਤਿਆਂ ‘ਤੇ ਹੋਏ ਹਮਲੇ ਬਰਮਾ ਤੋਂ ਆਏ ਕੁਕੀ ਅੱਤਵਾਦੀਆਂ ਨੇ ਕੀਤੇ ਸਨ ਜਿਨ੍ਹਾਂ ਵਿੱਚ 2 ਜਵਾਨ ਮਾਰੇ ਗਏ ਤੇ 20 ਦੇ ਕਰੀਬ ਜ਼ਖਮੀ ਹੋਏ ਸਨ। ਅਸਾਮ ਰਾਈਫਲਜ਼ ਦੇ ਇੱਕ ਬੁਲਾਰੇ ਅਨੁਸਾਰ 4 ਜਨਵਰੀ ਨੂੰ ਬਿਸ਼ਨਪੁਰ ਇਲਾਕੇ ਵਿੱਚ ਮੈਤਈ ਫਿਰਕੇ ਦੇ ਚਾਰ ਵਿਅਕਤੀਆਂ ਨੂੰ ਮਾਰਨ ਲਈਸਨਾਈਪਰ ਗੰਨਾਂਦੀ ਵਰਤੋਂ ਕੀਤੀ ਗਈ ਸੀ। ਇਹ ਵਿਅਕਤੀਦੰਗਿਆਂ ਕਾਰਨ ਉੱਜੜੇ ਹੋਏ ਇੱਕ ਕੁਕੀ ਪਿੰਡ ਤੋਂ ਲੱਕੜ ਅਤੇ ਹੋਰ ਸਮਾਨ ਚੋਰੀ ਕਰਨ ਵਾਸਤੇ ਗਏ ਸਨ। 2008 ਵਿੱਚ ਕੇਂਦਰ, ਮਣੀਪੁਰ ਅਤੇ ਉਪਰੋਕਤ ਅੱਤਵਾਦੀ ਜਥੇਬੰਦੀਆਂ ਦਰਮਿਆਨਜੰਗਬੰਦੀ ਲਈ ਇੱਕ ਸਮਝੌਤਾ ਹੋਇਆ ਸੀ ਜਿਸ ਅਨੁਸਾਰ ਇਨ੍ਹਾਂ ਜਥੇਬੰਦੀਆਂ ਨੇ ਹਥਿਆਰ ਸੁੱਟ ਦਿੱਤੇ ਸਨ ਤੇ ਆਪਣੇ ਕੈਂਪਾਂ ਤੋਂ ਬਾਹਰ ਨਾ ਜਾਣਾ ਮੰਨਜ਼ੂਰ ਕਰ ਲਿਆ ਸੀ। ਇਨ੍ਹਾਂ ਕੈਂਪਾਂ ਜਾਂ ਖੁਲ੍ਹੀਆਂ ਜੇਲ੍ਹਾਂ ਦੀ ਨਿਗਰਾਨੀ ਅਸਾਮ ਰਾਈਫਲਜ਼ ਦੇ ਅਧੀਨ ਸੀ। ਪਰ 7 ਨਵੰਬਰ 2023 ਨੂੰ ਪੁਲਿਸ ਨੇ ਦੋ ਵਿਅਕਤੀਆਂ, ਲਹੁਨਖੋਸ਼ੀ ਚੌਂਗਲੋਈ ਅਤੇ ਸਾਤਗਿਨ ਹੈਂਗਸਿੰਗ ਨੂੰ ਦੋ ਮੈਤਈ ਲੜਕਿਆਂ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਕੁਕੀ ਰੈਵੋਲਿਊਸ਼ਨਰੀ ਆਰਮੀ ਦੇ ਮੈਂਬਰ ਹਨ ਜਿਸ ਨੇ ਇਸ ਸਮਝੌਤੇ ਅਧੀਨ ਹਥਿਆਰ ਸੁੱਟੇ ਸਨ। ਵੈਸੇ ਸੂਬਾ ਸਰਕਾਰ 10 ਮਾਰਚ 2023 ਨੂੰ ਇੱਕਤਰਫਾ ਤੌਰ ‘ਤੇ ਇਸ ਸਮਝੌਤੇ ਨੂੰ ਰੱਦ ਕਰ ਚੁੱਕੀ ਹੈ।
ਮਣੀਪੁਰ ਸਰਕਾਰ ਵੱਲੋਂ ਸ਼ਾਂਤੀ ਸਥਾਪਿਤ ਕਰਨ ਵਿੱਚ ਨਾਕਾਮ ਰਹਿਣ ਕਾਰਨ ਦੋਵਾਂ ਭਾਈਚਾਰਿਆਂ (ਮੈਤਈ ਅਤੇ ਕੁਕੀ) ਦਾ ਆਪਣੀ ਸੁਰੱਖਿਆ ਲਈ ਅੱਤਵਾਦੀ ਜਥੇਬੰਦੀਆਂ ਵੱਲ ਝੁਕਾਅ ਵੱਧਦਾ ਜਾ ਰਿਹਾ ਹੈ। ਮਿਸਾਲ ਦੇ ਤੌਰ ‘ਤੇ 24 ਜਨਵਰੀ ਨੂੰ ਮਣੀਪੁਰ ਦੀ ਸਭ ਤੋਂ ਪ੍ਰਭਾਵਸ਼ਾਲੀਮੈਤਈ ਹਥਿਆਰਬੰਦ ਜਥੇਬੰਦੀ ਅਰਾਬਾਈ ਟੈਂਗੋਲ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਮੈਤਈ ਵਿਧਾਇਕਾਂ (ਕੁੱਲ 37) ਦੀ ਇੱਕ ਮੀਟਿੰਗ ਬੁਲਾਈ ਸੀ ਜਿਸ ਵਿੱਚ ਸਿਰਫ ਮੁੱਖ ਮੰਤਰੀ ਨੂੰ ਛੱਡ ਕੇ ਬਾਕੀ ਸਾਰੇ 36 ਮੈਤਈ ਵਿਧਾਇਕਾਂ ਨੇ ਭਾਗ ਲਿਆਸੀ। ਮੀਟਿੰਗ ਤੋਂ ਬਾਅਦ ਜਥੇਬੰਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਵਿਧਾਇਕਾਂ ਨੇ ਸਰਵ ਸੰਮਤੀ ਨਾਲ ਉਨ੍ਹਾਂ ਦੇ ਮੰਗ ਪੱਤਰ ‘ਤੇ ਦਸਤਖਤ ਕਰ ਦਿੱਤੇ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਬਰਮੀ ਰਫਿਊਜੀਆਂ ਨੂੰ ਮਣੀਪੁਰ ਤੋਂ ਬਾਹਰ ਕੱਢਣਾ, ਬਰਮਾ ਦੀ ਹੱਦ ‘ਤੇ ਤਾਰ ਲਗਾਉਣੀ, ਅਸਾਮ ਰਾਈਫਲਜ਼ (ਅਰਧ ਸੈਨਿਕ ਬਲ)ਦੀ ਥਾਂ ‘ਤੇ ਕਿਸੇ ਹੋਰ ਫੋਰਸ ਨੂੰ ਤਾਇਨਾਤ ਕਰਨਾ ਅਤੇ ਬਰਮਾ ਤੋਂ ਆਏ ਕੁਕੀ ਰਫਿਊਜ਼ੀਆਂ ਨੂੰ ਅਣਸੂਚਿਤ ਕਬੀਲਆਂ ਦੀ ਲਿਸਟ ਵਿੱਚੋਂ ਬਾਹਰ ਕਰਨਾ ਆਦਿ ਸ਼ਾਮਲ ਹਨ। ਅਰਾਬਾਈ ਟੈਂਗੋਲਜਥੇਬੰਦੀ ਐਨੀ ਤਾਕਤਵਰ ਹੈ ਕਿ ਪੁਲਿਸ ਦੀ ਬਜਾਏ ਇਸ ਦੇ ਹਥਿਆਰਬੰਦ ਵਲੰਟੀਅਰ ਮੈਤਈ ਪਿੰਡਾਂ ਦੀ ਰਖਵਾਲੀ ਕਰਦੇ ਹਨ। ਸੁਰੱਖਿਆ ਦਸਤੇ ਵੀ ਫਿਰਕੂ ਨਫਰਤ ਦੀ ਲਪੇਟ ਵਿੱਚ ਆ ਗਏ ਹਨ। ਕੁਕੀ ਅੱਤਵਾਦੀ ਮਣੀਪੁਰ ਪੁਲਿਸ ਕਮਾਂਡੋਜ਼ ‘ਤੇ ਮੈਤਈ ਪੱਖੀ ਹੋਣ ਦਾ ਇਲਜ਼ਾਮ ਲਗਾ ਕੇ ਹਮਲੇ ਕਰ ਰਹੇ ਹਨ ਤੇ ਮੈਤਈ ਅਸਾਮ ਰਾਈਫਲਜ਼ ‘ਤੇ ਕੁਕੀ ਪੱਖੀ ਹੋਣ ਦਾ ਇਲਜ਼ਾਮ ਲਗਾ ਕੇ।
ਸਥਿਤੀ ਐਨੀ ਭਿਆਨਕ ਹੋ ਗਈ ਹੈ ਕਿ 17 ਜਨਵਰੀ ਨੂੰ ਮਣੀਪੁਰ ਸਰਕਾਰ ਨੇ ਕੇਂਦਰੀ ਗ੍ਰਹਿ ਵਿਭਾਗ ਕੋਲੋਂ ਹੈਲੀਕਾਪਟਰਾਂ ਦੀ ਮੰਗ ਕੀਤੀ ਸੀ ਤਾਂ ਜੋ ਕੁਕੀ ਬਹੁਲ ਮੋਰੇਹ ਸ਼ਹਿਰ ਵਿਖੇ ਅੱਤਵਾਦੀਆਂ ਦੇ ਘੇਰੇ ਵਿੱਚ ਫਸੇ ਪੁਲਿਸ ਕਮਾਂਡੋਜ਼ ਨੂੰ ਬਾਹਰ ਕੱਢਿਆ ਜਾ ਸਕੇ। ਇਸ ਗੜਬੜ ਨੇ ਅੱਤਵਾਦ ਦੇ ਨਾਲ ਨਾਲ ਨਸ਼ਿਆਂ ਦੀ ਤਸਕਰੀ ਨੂੰ ਵੀ ਰੱਜ ਕੇ ਉਤਸ਼ਾਹ ਦਿੱਤਾ ਹੈ। ਦਸੰਬਰ ਮਹੀਨੇ ਵਿੱਚ ਪੁਲਿਸ ਨੇ 250 ਏਕੜ ਦੇ ਕਰੀਬ ਅਫੀਮ ਦੀ ਖੇਤੀ ਨੂੰ ਨਸ਼ਟ ਕੀਤਾ ਹੈ ਤੇ15 ਜਨਵਰੀ ਨੂੰ ਪੰਜ ਪੁਲਿਸ ਵਾਲੇ ਸਰਕਾਰੀ ਗੱਡੀ ਵਿੱਚ ਬਰਮਾ ਤੋਂ ਨਸ਼ਿਆਂ ਦੀ ਖੇਪ ਲਿਆਉਂਦੇ ਪਕੜੇ ਗਏ ਹਨ। ਅੱਜ ਹਾਲਾਤ ਅੱਠ ਮਹੀਨੇ ਪਹਿਲਾਂ ਨਾਲੋਂ ਬਹੁਤ ਜਿਆਦਾ ਉਲਝਗਏ ਹਨ। ਹਾਲਾਤ ਨੂੰ ਕਾਬੂ ਹੇਠ ਕਰਨ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਨਾਲੋਂ ਕਈ ਗੁਣਾ ਵੱਧ ਯਤਨ ਕਰਨੇ ਪੈਣੇ ਹਨ। ਇਸ ਕੰਮ ਲਈ ਸੂਬਾ ਸਰਕਾਰ ‘ਤੇ ਕੋਈ ਖਾਸ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਉਹ ਪੂਰੀ ਤਰਾਂ ਇੱਕ ਪਾਸੜ, ਅਸਮਰਥ ਅਤੇ ਵਿਕਲਾਂਗ ਹੋਈ ਪਈ ਹੈ।
ਬਲਰਾਜ ਸਿੰਘ ਸਿੱਧੂ
ਪੰਡੋਰੀ ਸਿੱਧਵਾਂ 9501100062