ਪ੍ਰੋ. ਕੁਲਬੀਰ ਸਿੰਘ
ਸਮਾਰਟ ਫੋਨ ਨੇ ਦੁਨੀਆਂ ਬਦਲ ਦਿੱਤੀ ਹੈ। ਅਜਿਹਾ ਨਾ ਕਦੇ ਕਿਸੇ ਨੇ ਸੋਚਿਅ ਸੀ ਨਾ ਕਲਪਨਾ ਕੀਤੀ ਸੀ। ਦੂਰ-ਦੁਰਾਡੇ ਤੋਂ ਘਰ ਗੱਲ ਹੋ ਜਾਂਦੀ ਸੀ ਇਹਦੇ ਨਾਲ ਹੀ ਬੰਦਾ ਬੜਾ ਖ਼ੁਸ਼ ਸੀ।
ਸਮਾਂ ਏਨੀ ਤੇਜ਼ੀ ਨਾਲ ਬਦਲਿਆ ਕਿ ਛੋਟੇ ਆਕਾਰ ਦੇ ਮੋਬਾਈਲ ਫੋਨ ਅਤੇ ਬਹੁਤ ਸਾਰੀਆਂ ਕੰਪਨੀਆਂ ਮੁਕਾਬਲੇ ਚੋਂ ਬਾਹਰ ਹੋ ਗਈਆਂ। ਜਿਨ੍ਹਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਆਪਣੇ ਪ੍ਰੋਡਕਟ ਨੂੰ ਅਪ-ਡੇਟ ਨਹੀਂ ਕੀਤਾ ਉਹ ਹਾਸ਼ੀਏ ʼਤੇ ਚਲੇ ਗਏ। ਮੁਕਾਬਲੇ ਵਿਚ ਗਿਣਤੀ ਦੀਆਂ ਕੰਪਨੀਆਂ ਰਹਿ ਗਈਆਂ ਜਿਹੜੀਆਂ ਹਰੇਕ ਸਾਲ ਸਮਾਰਟ ਫੋਨ ਦਾ ਨਵਾਂ ਮਾਡਲ ਰਲੀਜ਼ ਕਰਦੀਆਂ ਹਨ ਅਤੇ ਦੁਨੀਆਂ ਭਰ ਦੇ ਲੋਕ ਹੁੰਮ-ਹੁਮਾ ਕੇ ਕਤਾਰਾਂ ਵਿਚ ਖੜੇ ਹੋ ਕੇ ਉਸਦੀ ਖ਼ਰੀਦ ਕਰਦੇ ਹਨ।
ਸਮਾਰਟ ਫੋਨ ਨੇ ਆਧੁਨਿਕ ਮਨੁੱਖ ਨੂੰ ਛੋਟੇ ਜਿਹੇ ਇਸ ਯੰਤਰ ਵਿਚ ਐਨਾ ਕੁਝ ਮੁਹੱਈਆ ਕਰ ਦਿੱਤਾ ਹੈ ਕਿ ਉਹ ਖ਼ੁਸ਼ੀ ਨਾਲ ਖੀਵਾ ਹੋ ਗਿਆ ਹੈ। ਪੋਟੇ ਨੱਚ ਦੇ ਇਸ ਟੁਕੜੇ ʼਤੇ ਨੱਚਦੇ ਨੱਚਦੇ ਦਿਲ-ਦਿਮਾਗ਼ ਨੂੰ, ਮਨ ਨੂੰ ਕਿੱਥੇ ਕਿੱਥੇ ਲੈ ਜਾਂਦੇ ਹਨ ਉਸਨੂੰ ਪਤਾ ਹੀ ਨਹੀਂ ਚੱਲਦਾ। ਜਦ ਪਤਾ ਚੱਲਦਾ ਹੈ ਉਦੋਂ ਤੱਕ ਵਾਹਵਾ ਸਮਾਂ ਬੀਤ ਚੁੱਕਾ ਹੁੰਦਾ ਹੈ ਅਤੇ ਤਨ-ਮਨ ਦਾ ਵਾਹਵਾ ਸਾਰਾ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਅਸੀਂ ਸਮਾਰਟ ਫੋਨ ਦੇ ਗੁਲਾਮ ਬਣ ਗਏ ਹਾਂ। ਘੜੀ ਘੜੀ ਸਕਰੀਨ ਖੋਲ੍ਹਦੇ ਹਾਂ। ਵੇਖਦੇ ਹਾਂ। ਇਧਰੋਂ ਓਧਰੋਂ, ਓਧਰੋਂ ਇਧਰ। ਆਦਤ ਪੈ ਗਈ ਹੈ। ਲੱਤ ਲੱਗ ਗਈ ਹੈ।
ਸਮਾਰਟ ਫੋਨ ਦੀ ਬਣਤਰ ਅਜਿਹੀ ਹੈ ਕਿ ਇਹ ਹਰ ਵੇਲੇ ਸਾਡੇ ਹੱਥ ਵਿਚ, ਜੇਬ ਵਿਚ ਜਾਂ ਦਫ਼ਤਰ ਦੇ ਟੇਬਲ ʼਤੇ ਰਹਿੰਦਾ ਹੈ। ਅਸੀਂ ਬਿਨ੍ਹਾਂ ਮਤਲਬ, ਬਿਨ੍ਹਾਂ ਕਿਸੇ ਕੰਮ ਦੇ ਇਸਨੂੰ ਸਕਰੋਲ ਕਰੀ ਜਾਂਦੇ ਹਾਂ, ਵੇਖਦੇ ਰਹਿੰਦੇ ਹਾਂ। ਅੱਗੋਂ ਆਪੋ ਆਪਣੀ ਦਿਲਚਸਪੀ ਅਨੁਸਾਰ ਲਾਈਕ, ਕਮੈਂਟ ਕਰੀ ਜਾਂਦੇ ਹਾਂ। ਇਹ ਵੀ ਕੋਈ ਕੰਮ ਹੋਇਆ? ਦਿਨ ਵਿਚ ਕਈ ਕਈ ਘੰਟੇ ਅਸੀਂ ਇਸੇ ˈਕੰਮˈ ਨੂੰ ਲਾਈ ਜਾਂਦੇ ਹਾਂ।
ਆਧੁਨਿਕ ਸਮਿਆਂ ਵਿਚ ਪ੍ਰਸਪਰ ਰਾਬਤਾ ਰੱਖਣ ਦਾ ਇਹ ਕਾਰਗਰ ਤੇ ਤੇਜ਼ ਤਰਾਰ ਢੰਗ-ਤਰੀਕਾ ਮੰਨਿਆ ਜਾਂਦਾ ਹੈ। ਹੋ ਸਕਦਾ ਹੈ ਇਸਦੇ ਕੁਝ ਲਾਭ, ਕੁਝ ਫਾਇਦੇ ਹੋਣ ਪਰ ਤੁਸੀਂ ਹੈਰਾਨ ਹੋਵੋਗੇ ਲੰਮੇ ਸਮੇਂ ਦੌਰਾਨ ਇਸਦੇ ਨੁਕਸਾਨ ਅਤੇ ਮਾੜੇ ਪਹਿਲੂ ਵਧੇਰੇ ਹਨ।
ਇਸਨੇ ਅਜੋਕੇ ਮਨੁੱਖ ਦੀ ਮਾਨਸਿਕ ਤੇ ਸਰੀਰਕ ਸਿਹਤ ਸਾਹਮਣੇ ਅਨੇਕਾਂ ਸਵਾਲ ਖੜੇ ਕਰ ਦਿੱਤੇ ਹਨ। ਰੇਡੀਏਸ਼ਨ ਹੈ, ਕਾਰਸਿਨੋਜਨਿਕ ਹੈ। ਫੇਸਬੁੱਕ ਜਿਹੇ ਮੰਚ ਅਨੇਕਾਂ ਹੋਰ ਮਾਨਸਿਕ ਸਰੀਰਕ ਵਿਕਾਰਾਂ ਨਾਲ ਜੁੜੇ ਹਨ।
ਦੁਨੀਆਂ ਭਰ ਦੇ ਅੰਕੜਿਆਂ ʼਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਮਾਰਟ ਫੋਨ ਸਮਾਜ ਵਿਚ ਸੰਚਾਰ ਦਾ ਮੁਖ ਮਾਧਿਅਮ ਬਣ ਗਿਆ ਹੈ। ਵੱਖ ਵੱਖ ਮਾਹਿਰ ਅਤੇ ਸਬੰਧਤ ਅਦਾਰੇ ਮੰਨਦੇ ਹਨ ਕਿ ਲੋਕਾਂ ਨੂੰ ਤਰਜੀਹੀ ਆਧਾਰ ʼਤੇ ˈਸਕਰੀਨ ਟਾਈਮˈ ਘਟਾਉਣਾ ਹੋਵੇਗਾ ਅਤੇ ਜਿਸ ਸਮੇਂ ਸਮਾਰਟ ਫੋਨ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਉਦੋਂ ਉਸਨੂੰ ਆਪਣੇ ਤੋਂ ਦੂਰੀ ʼਤੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਹੁਣ ਤਾਂ ਇਹ ਚਿੱਟੇ ਦਿਨ ਵਾਂਗ ਅਨੇਕਾਂ ਖੋਜਾਂ ਦੁਆਰਾ ਸਿੱਧ ਹੋ ਚੁੱਕਾ ਹੈ ਕਿ ਸਮਾਰਟ ਫੋਨ ਦੀ ਵਧੇਰੇ ਵਰਤੋਂ ਤਣਾਅ ਅਤੇ ਡਿਪਰੈਸ਼ਨ ਦਾ ਕਾਰਨ ਬਣਦੀ ਹੈ। ਨੀਂਦ ਪ੍ਰਭਾਵਤ ਹੋਣ ਕਾਰਨ ਮਾਨਸਿਕ ਸਿਹਤ ਲਈ ਖਤਰੇ ਪੈਦਾ ਹੋ ਰਹੇ ਹਨ।
ਜਦ ਸਮਾਰਟ ਫੋਨ ਤਿਆਰ ਕੀਤਾ ਜਾਂਦਾ ਹੈ ਤਾਂ ਲਿਥੀਅਮ, ਲੀਡ, ਕਾਪਰ, ਜ਼ਿੰਕ, ਕੈਡਮੀਅਮ ਅਤੇ ਪਾਰਾ ਜਿਹੇ ਖ਼ਤਰਨਾਕ ਪਦਾਰਥਾਂ ਦਾ ਪ੍ਰਯੋਗ ਹੁੰਦਾ ਹੈ। ਇਸਦੀ ਵਰਤੋਂ ਕਰਨ ਵਾਲਾ ਵਿਅਕਤੀ ਲਗਾਤਾਰ ਲੰਮਾ ਸਮਾਂ ਬੈਠੇ ਰਹਿਣ ਲਈ ਮਜ਼ਬੂਰ ਹੁੰਦਾ ਹੈ। ਬੈਠਣ ਦੀ ਲੋੜ ਵੀ ਨਹੀਂ। ਸਰ੍ਹਾਣੇ ਨਾਲ ਢੋਅ ਲਗਾ ਕੇ ਘੰਟਿਆਂ ਤੱਕ ਇਸਦੀ ਵਰਤੋਂ ਹੋਰ ਵੀ ਘਾਤਕ ਸਿੱਧ ਹੋ ਰਹੀ ਹੈ।
ਸਮਾਰਟ ਫੋਨ ਦੀ ਵਧਰੇ ਵਰਤੋਂ ਅਰਥਾਤ ਵੱਧਦੇ ਸਕਰੀਨ ਟਾਈਮ ਨਾਲ ਹੋਣ ਵਾਲੇ ਸਰੀਰਕ ਮਾਨਸਿਕ ਸਿਹਤ ਦੇ ਨੁਕਸਾਨਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਇਸ ਖੇਤਰ ਦੇ ਮਾਹਿਰਾਂ, ਮਨੋਵਿਗਿਆਨੀਆਂ ਅਤੇ ਸਿਹਤ ਵਿਗਿਆਨ ਵੱਲੋਂ ਤਿਆਰ ਕੀਤੀ ਗਈ ਸੂਚੀ ਵਿਚ ਹਰ ਸਾਲ ਹੋਰ ਵਾਧਾ ਹੁੰਦਾ ਜਾ ਰਿਹਾ ਹੈ।
ਅਸੀਂ ਨਿੱਤ ਨਵੀਆਂ ਆ ਰਹੀਆਂ ਤਕਨੀਕੀ ਸਹੂਲਤਾਂ ਤੋਂ ਦੂਰੀ ʼਤੇ ਨਹੀਂ ਵਿਚਰ ਸਕਦੇ। ਇਹ ਤੇਜ਼ੀ ਨਾਲ ਸਾਡੇ ਜੀਵਨ ਦਾ ਹਿੱਸਾ ਬਣ ਰਹੀਆਂ ਹਨ। ਅਸੀਂ ਏਨਾ ਹੀ ਕਰ ਸਕਦੇ ਹਾਂ ਕਿ ਇਨ੍ਹਾਂ ਦੀ ਵਰਤੋਂ ਇਕ ਸੀਮਾ ਵਿਚ ਰਹਿ ਕੇ ਸੰਜਮ ਨਾਲ ਕਰੀਏ। ਇਨ੍ਹਾਂ ਨੂੰ ਆਪਣੇ ਜੀਵਨ ʼਤੇ ਹਾਵੀ ਨਾ ਹੋਣ ਦਈਏ। ਇਨ੍ਹਾਂ ਦੇ ਗੁਲਾਮ ਨਾ ਬਣੀਏ।
ਅੱਜ ਕਲ੍ਹ ਨਸ਼ੇ ਹੀ ਸਾਡਾ ਮਾਨਸਿਕ, ਸਰੀਰਕ, ਸਮਾਜਕ, ਪਰਿਵਾਰਕ ਨੁਕਸਾਨ ਨਹੀਂ ਕਰ ਰਹੇ ਬਲ ਕਿ ਸਮਾਰਟ ਫੋਨ ਅਤੇ ਭੈੜੀ ਖੁਰਾਕ ਦੀ ਲੱਤ ਵੀ ਸਾਡੀ ਸਿਹਤ ਦਾ ਕਬਾੜਾ ਕਰ ਰਹੇ ਹਨ। ਜਦ ਅਸੀਂ ਵਾਰ ਵਾਰ ਸਮਾਰਟ ਫੋਨ ਦਾ ਸਕਰੀਨ ਖੋਲ੍ਹਦੇ ਹਾਂ। ਵੱਟਸਐਪ, ਫੇਸਬੁੱਕ ਚੈੱਕ ਕਰਦੇ ਹਾਂ। ਫੋਨ ਬੰਦ ਕਰਕੇ ਰੱਖ ਦਿੰਦੇ ਹਾਂ। ਪੰਜ ਮਿੰਟ ਬਾਅਦ ਮੁੜ ਇਸੇ ਕਿਰਿਆ ਨੂੰ ਦੁਹਰਾਉਦੇ ਹਾਂ ਅਤੇ ਸਾਰਾ ਦਿਨ ਇੰਝ ਹੀ ਚੱਲਦਾ ਰਹਿੰਦਾ ਹੈ। ਇਹ ਕੀ ਹੈ? ਇਹ ਲੱਤ ਨਹੀਂ ਤਾਂ ਹੋਰ ਕੀ ਹੈ? ਅਸੀਂ ਉਥੋਂ ਕੀ ਲੱਭਦੇ ਹਾਂ? ਕੁਝ ਵੀ ਨਹੀਂ। ਬੱਸ ਲੱਤ ਲੱਗ ਗਈ ਹੈ। ਸੋਚ ਵਿਚਾਰ ਕਰਕੇ ਇਸ ਵਿਚੋਂ ਜਿੰਨੀ ਜਲਦੀ ਬਾਹਰ ਨਿਕਲ ਪਾਓਗੇ ਓਨਾ ਹੀ ਚੰਗਾ ਹੈ। ਸਾਰੀ ਮਨ ਦੀ ਖੇਡ ਹੈ। ਮਨ ਨੂੰ ਰੋਕਣ ਸਮਝਾਉਣ ਦੀ ਲੋੜ ਹੈ।
ਦੁਨੀਆਂ ਵਿਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਹੜੇ ਸਾਰਾ ਦਿਨ ਅਜਿਹੀ ਖੁਰਾਕ ਖਾਣ ਵਿਚ ਰੁੱਝੇ ਰਹਿੰਦੇ ਹਨ ਜਿਹੜੀ ਮਨੁੱਖੀ ਸਰੀਰ ਨੂੰ ਬਿਮਾਰ ਕਰਦੀ ਹੈ। ਬੇਕਰੀ ਪ੍ਰੋਡਕਟ ਹਨ, ਡੇਅਰੀ ਪ੍ਰੋਡਕਟ ਹਨ, ਮਠਿਆਈਆਂ ਹਨ। ਇੰਡਸਟਰੀ ਤੋਂ ਆ ਰਹੀਆਂ ਡੱਬਾ ਬੰਦ, ਪੈਕਟ ਬੰਦ, ਬੋਤਲ ਬੰਦ ਵਸਤੂਆਂ ਹਨ। ਫਾਸਟ ਫੂਡ ਹੈ, ਜੰਕ ਫੂਡ ਹੈ। ਅਸੀਂ ਆਪਣੇ ਹੱਥੀਂ ਆਪਣੀ ਸਿਹਤ, ਆਪਣੇ ਸਰੀਰ ਦਾ ਨੁਕਸਾਨ ਕਰ ਰਹੇ ਹਾਂ। ਐਨ ਇਹੀ ਸਥਿਤੀ ਸਮਾਰਟ ਫੋਨ ਦੀ ਹੱਦੋਂ ਵੱਧ ਵਰਤੋਂ ਦੀ ਹੈ। ਮਨ ਨੂੰ ਵਰਜਣ ਦੀ ਲੋੜ ਹੈ। ਆਪਣੇ ਕੰਟਰੋਲ ਹੇਠ ਲਿਆਉਣ ਦੀ ਲੋੜ ਹੈ।