(ਬਠਿੰਡਾ, 17 ਅਗਸਤ, ਬਲਵਿੰਦਰ ਸਿੰਘ ਭੁੱਲਰ) ਪੰਜਾਬ ਦੀ ਕਿਸਾਨੀ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਸਦਕਾ ਨਰਮੇਂ ਤੇ ਝੋਨੇ ਦੀ ਫ਼ਸਲ ਦੀ ਦੇਖਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ: ਗੁਰਵਿੰਦਰ ਸਿੰਘ ਦੀ ਨਿਰਦੇਸਾਂ ਤਹਿਤ ਡਾ: ਹਸਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਰਹਿਨੁਮਾਈ ਹੇਠ ਪਿੰਡ ਜੱਸੀ ਪੌ ਵਾਲੀ ਵਿਖੇ ਡਾ: ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਅਗਵਾਈ ਵਿੱਚ ਅਜਿਹੇ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡਾ: ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸਰਕਲ ਕੋਟਸ਼ਮੀਰ ਨੇ ਨਰਮੇਂ ਦੀ ਫ਼ਸਲ ਤੇ ਚਿੱਟੀ ਮੱਖੀ, ਹਰੇ ਤੇਲੇ, ਭੂਰੀ ਜੂੰ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਨਿਸ਼ਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ। ਉਹਨਾਂ ਖਤਰਨਾਕ ਗੁਲਾਬੀ ਸੁੰਡੀ ਬਾਰੇ ਦੱਸਿਆ ਕਿ ਇਸਦੇ ਜੀਵਨ ਦੀਆਂ ਚਾਰ ਅਵਸਥਾਵਾਂ ਅੰਡਾ, ਸੁੰਡੀ, ਕੋਆ ਅਤੇ ਪਤੰਗਾ ਹਨ, ਜੰਮਣ ਤੋਂ ਤਿੰਨ ਦਿਨਾਂ ਦੇ ਅੰਦਰ ਛੋਟੀ ਸੁੰਡੀ ਟੀਂਡਿਆਂ ਵਿੱਚ ਵੜ ਜਾਂਦੀ ਹੈ। ਇਸ ਉਪਰੰਤ ਫੁੱਲ ਭੰਬੀਰੀ ਬਣ ਜਾਂਦੇ ਹਨ ਅਤੇ ਸੁੰਡੀ ਬਣ ਰਹੇ ਬੀਜ ਨੂੰ ਖਾਂਦੀ ਹੈ, ਇਸ ਹਮਲੇ ਕਾਰਨ ਟੀਂਡਿਆਂ ਦੀ ਰੂੰ ਨੂੰ ਉੱਲੀ ਲੱਗ ਜਾਂਦੀ ਹੈ। ਉਹਨਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਫ਼ਸਲ ਦਾ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਸੌ ਚੋਂ ਪੰਜ ਫੁੱਲ ਜਾਂ ਟੀਂਡੇ ਪ੍ਰਭਾਵਿਤ ਮਿਲਣ ਤਾਂ ਮਹਿਕਮੇ ਵੱਲੋਂ ਸਿਫਾਰਸ਼ ਅਨੁਸਾਰ ਇਮਾਮੈਕਟਿਨ ਬੈਨਜੋਏਟ 5 ਪ੍ਰਤੀਸ਼ਤ ਐੱਸ ਜੀ (ਪ੍ਰੋਕਲੈਮ) 100 ਗ੍ਰਾਮ, ਪ੍ਰੋਫਿਨੋਫਾਸ 50 ਈ ਸੀ (ਕੁਰਾਕਰਾਨ) 500 ਐੱਮ ਐੱਲ, ਇਥੀਆਨ 50 ਈ ਸੀ (ਫਾਸਮਾਈਟ) 800 ਐੱਮ ਐੱਲ ਦਵਾਈਆਂ ਵਿੱਚੋਂ ਕਿਸੇ ਇੱਕ ਦੀ ਪ੍ਰਤੀ ਏਕੜ ਸਪਰੇਅ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਵਧੇਰੇ ਝਾੜ ਪ੍ਰਾਪਤ ਕਰਨ ਲਈ ਪੋਟਾਸ਼ੀਅਮ ਨਾਈਟਰੇਟ 2 ਕਿਲੋ ਪ੍ਰਤੀ ਏਕੜੇ ਦੀਆਂ ਹਫ਼ਤੇ ਹਫ਼ਤੇ ਦੇ ਫ਼ਰਕ ਤੇ 4 ਸਪਰੇਆਂ ਕੀਤੀਆਂ ਜਾਣ। ਅਖ਼ੀਰ ਵਿੱਚ ਸ੍ਰੀ ਗੁਰਮਿਲਾਪ ਸਿੰਘ ਬੀ ਟੀ ਐੱਮ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਖੇਤੀ ਮਾਹਰਾਂ ਦੇ ਸੁਝਾਵਾਂ ਤੇ ਅਮਲ ਕਰਨ ਦੀ ਰਾਇ ਦਿੱਤੀ। ਇਸ ਮੌਕੇ ਬਲਕਰਨ ਸਿੰਘ ਕਿਸਾਨ ਮਿੱਤਰ ਅਤੇ ਕਾਫ਼ੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।