ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਸਿਹਤ ਪ੍ਰਣਾਲੀ ‘ਚ ਸੁਧਾਰ ਲਈ 2.2 ਬਿਲੀਅਨ ਆਸਟ੍ਰੇਲੀਆਈ ਡਾਲਰ ਫੰਡ ਦੇਣ ਦਾ ਕੀਤਾ ਐਲਾਨ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦੇਸ਼ ਦੀ ਸਿਹਤ ਪ੍ਰਣਾਲੀ ਵਿੱਚ ਵੱਡੇ ਪੱਧਰ ‘ਤੇ ਸੁਧਾਰ ਦਾ ਐਲਾਨ ਕੀਤਾ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਰਾਜ ਅਤੇ ਖੇਤਰੀ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ, ਅਲਬਾਨੀਜ਼ ਨੇ ਮੈਡੀਕੇਅਰ, ਦੇਸ਼ ਦੀ ਯੂਨੀਵਰਸਲ ਹੈਲਥ ਕੇਅਰ ਸਕੀਮ ਵਿਚ ਸੁਧਾਰ ਲਈ 2.2 ਬਿਲੀਅਨ ਆਸਟ੍ਰੇਲੀਆਈ ਡਾਲਰ ਦੇ ਪੈਕੇਜ ਦਾ ਖੁਲਾਸਾ ਕੀਤਾ।

ਉਪਾਵਾਂ ਵਿੱਚ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਡਿਜੀਟਲ ਸਿਹਤ ਵਿੱਚ ਨਿਵੇਸ਼ ਕਰਨਾ ਵੀ ਸ਼ਾਮਲ ਹੈ। ਪੈਕੇਜ ਬਾਰੇ ਦੱਸਦਿਆਂ, ਅਲਬਾਨੀਜ਼ ਨੇ ਕਿਹਾ ਕਿ 2023 ਵਿੱਚ ਸਿਹਤ ਉਨ੍ਹਾਂ ਦੀ ਸਰਕਾਰ ਲਈ ਤਰਜੀਹ ਰਹੇਗੀ। ਉਨ੍ਹਾਂ ਕਿਹਾ ਕਿ ਉਪਾਵਾਂ ਦਾ ਇਹ ਪੈਕੇਜ ਪ੍ਰਾਇਮਰੀ ਕੇਅਰ ਵਿੱਚ ਫੌਰੀ ਚੁਣੌਤੀਆਂ ਦਾ ਹੱਲ ਕਰੇਗਾ, ਹਸਪਤਾਲ ਪ੍ਰਣਾਲੀ ਤੋਂ ਦਬਾਅ ਨੂੰ ਦੂਰ ਕਰੇਗਾ ਅਤੇ ਲੰਬੇ ਸਮੇਂ ਦੇ ਮੈਡੀਕੇਅਰ ਸੁਧਾਰਾਂ ਦੀ ਨੀਂਹ ਰੱਖੇਗਾ।

ਚੋਟੀ ਦੇ ਡਾਕਟਰਾਂ ਦੀ ਸੰਸਥਾ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (ਏ.ਐੱਮ.ਏ.) ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਸਟਰੇਲੀਆ ਦੇ ਪਬਲਿਕ ਹਸਪਤਾਲਾਂ ਦੀ ਕਾਰਗੁਜ਼ਾਰੀ ਇੱਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਏ.ਐੱਮ.ਏ. ਦੇ ਪ੍ਰਧਾਨ ਸਟੀਵ ਰੌਬਸਨ ਨੇ ਕਿਹਾ ਕਿ ਇਹ ਉਤਸ਼ਾਹਜਨਕ ਹੈ ਕਿ ਦੇਸ਼ ਭਰ ਦੀਆਂ ਸਰਕਾਰਾਂ ਸਿਹਤ ਨੂੰ ਤਰਜੀਹ ਦੇ ਰਹੀਆਂ ਹਨ।