ਪਹਿਲਾ ਹਸਪਤਾਲ ਜਿੱਥੇ ਪੰਜਾਬੀ ਭਾਸ਼ਾ ਠੀਕ ਲਿਖੀ ਹੈ

ਪਹਿਲਾ ਹਸਪਤਾਲ ਜਿੱਥੇ ਪੰਜਾਬੀ ਭਾਸ਼ਾ ਠੀਕ ਲਿਖੀ ਹੈ

37 ਸਾਲ ਕਾਲਜ ਵਿਚ ਪੰਜਾਬੀ ਵਿਸ਼ਾ ਪੜਾਉਂਦਿਆਂ ਅਤੇ 33 ਸਾਲ ਤੋਂ ਹਫ਼ਤਾਵਾਰ ਕਾਲਮ ਲਿਖਦਿਆਂ ਪੰਜਾਬੀ ਸ਼ਬਦ-ਜੋੜਾਂ ਨਾਲ ਸਿੱਧਾ ਵਾਹ-ਵਾਸਤਾ ਰਿਹਾ ਹੈ। ਪ੍ਰਸਾਰਨ ਦੇ ਸ਼ਬਦ–ਜੋੜਾਂ ਅਤੇ ਪੰਜਾਬੀ ਦੇ ਅਸ਼ੁੱਧ ਉਚਾਰਨ ਦੇ ਸਬੰਧ ਵਿਚ ਦੂਰਦਰਸ਼ਨ ਕੇਂਦਰ ਜਲੰਧਰ ਦੇ ਅਧਿਕਾਰੀਆਂ ਨਾਲ ਲੰਮੀ ਲੜਾਈ ਲੜਨੀ ਪਈ।
ਇਕ ਦਿਨ ਜਲੰਧਰ ਦੇ ਮਕਸੂਦਾਂ ਖੇਤਰ ਦੇ ਪ੍ਰਸਿੱਧ ਵੱਡੇ ਹਸਪਤਾਲ ਵਿਚ ਜਾਣਾ ਪਿਆ। ਹਸਪਤਾਲ ਦੀ ਲੈਬ ਵਿਚ ਬੈਠਾ ਸਾਂ। ਦਰਵਾਜ਼ਿਆਂ, ਤਖ਼ਤੀਆਂ ‘ਤੇ ਜਾਣਕਾਰੀ ਲਈ ਜੋ ਵੀ ਲਿਖਿਆ ਸੀ ਅੰਗਰੇਜ਼ੀ ਅਤੇ ਪੰਜਾਬੀ ਵਿਚ ਲਿਖਿਆ ਸੀ। ਅੰਗਰੇਜ਼ੀ ਬਿਲਕੁਲ ਦਰਸੂਤ ਸੀ। ਕਿਧਰੇ ਕੋਈ ਗਲਤੀ ਨਹੀਂ ਸੀ ਪਰੰਤੂ ਮੈਂ ਜਿਧਰ ਵੀ ਨਜ਼ਰ ਮਾਰਦਾ ਪੰਜਾਬੀ ਦੇ ਹਰੇਕ ਸ਼ਬਦ ਦੇ, ਸ਼ਬਦ-ਜੋੜ ਗਲਤ ਸਨ। ਜਿਸ ਕਮਰੇ ਵਿਚ ਮੈਂ ਬੈਠਾ ਸਾਂ ਸਾਹਮਣੇ ਦਰਵਾਜ਼ੇ ਅਤੇ ਤਖ਼ਤੀ ‘ਤੇ ਪੰਜਾਬੀ ਦੇ ਪੰਜ ਸ਼ਬਦ ਲਿਖੇ ਸਨ। ਪੰਜਾਂ ਦੇ ਸ਼ਬਦ-ਜੋੜ ਗਲਤ ਸਨ। ਮੈਂ ਖੁਦ ਨੂੰ ਰੋਕ ਨਾ ਸਕਿਆ ਅਤੇ ਲੈਬ-ਇੰਚਾਰਜ ਨੂੰ ਗੁੱਸੇ ਵਿਚ ਕਿਹਾ,‘ਇਹ ਤਖ਼ਤੀਆਂ ਕਿਸਨੇ ਤਿਆਰ ਕਰਵਾਈਆਂ ਹਨ? ਪੰਜਾਬੀ ਦੇ ਸਾਰੇ ਸ਼ਬਦ ਗਲਤ ਲਿਖੇ ਹਨ। ਤੁਸੀ ਕਿਸੇ ਪੜ੍ਹੇ ਲਿਖੇ ਦੀ ਮਦਦ ਲੈ ਲੈਣੀ ਸੀ।”

ਮਦਦ ਤਾਂ ਲਈ ਸੀ, ਕੋਈ ਆਇਆ ਸੀ, ਉਹ ਦੱਸੀ ਗਿਆ ਅਤੇ ਪੇਂਟਰ ਲਿਖੀ ਗਿਆ।” ਇਹ ਕਹਿ ਕੇ ਲੈਬ- ਇੰਚਾਰਜ ਮੇਰੇ ਵੱਲ ਨੀਝ ਨਾਲ ਵੇਖਣ ਲੱਗਾ। ਬਾਅਦ ਵਿਚ ਪਤਾ ਲੱਗਾ ਸ਼ਬਦ-ਜੋੜ ਦਰਸੂਤ ਕਰਵਾਉਣ ਲਈ ਉਹ ਮੈਨੂੰ ਹਸਪਤਾਲ ਵਿਚ ਲੱਭਦੇ ਰਹੇ ਪਰ ਮੈਂ ਉਥੋਂ ਜਾ ਚੁੱਕਾ ਸਾਂ।
ਬੱਸਾਂ ਵਿਚ, ਬਜ਼ਾਰਾਂ ਵਿਚ, ਦਫ਼ਤਰਾਂ ਵਿਚ, ਦੁਕਾਨਾਂ ਵਿਚ ਪੰਜਾਬੀ ਦਾ ਜੋ ਹਸ਼ਰ ਹੁੰਦਾ ਹੈ ਆਪਾਂ ਸਾਰੇ ਜਾਣਦੇ ਹਾਂ। ਪੜ੍ਹ ਵੇਖ ਕੇ ਪ੍ਰੇਸ਼ਾਨ ਹੁੰਦੇ ਹਾਂ। ਮੈਂ ਮੀਡੀਆ ਸੰਬੰਧੀ ਪਹਿਲਾ ਆਰਟੀਕਲ ਟੈਲੀਵਿਜ਼ਨ ਸਕਰੀਨ ‘ਤੇ ਗਲਤ ਸ਼ਬਦ ਜੋੜਾਂ ਵਾਲੀ ਪੰਜਾਬੀ ਅਤੇ ਐਕਰਾਂ ਦੁਆਰਾ ਕੀਤੇ ਜਾਂਦੇ ਗਲਤ ਉਚਾਰਨ ਬਾਰੇ ਲਿਖਿਆ ਸੀ। ਉਸੇ ਤੋਂ ਅੱਗੇ ਹਫ਼ਤਾਵਾਰ ਕਾਲਮ ਦੀ ਸ਼ੁਰੂਆਤ ਹੋਈ।

ਗੱਲ ਸਾਲ 2022-23 ਦੀ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਕੈਂਪਸ ਦੇ ਅੰਦਰ ਵਾਲੇ ਛੋਟੇ ਹਸਪਤਾਲ ਜਾਣ ਦਾ ਸਬੱਬ ਬਣਿਆ। ਪਹਿਲਾਂ ਸਾਫ਼ ਸਫ਼ਾਈ ਵੇਖ ਕੇ ਮਨ ਖੁਸ਼ ਹੋ ਗਿਆ। ਸ਼ਾਂਤ ਮਾਹੌਲ, ਹਰ ਕੋਈ ਆਪਣੇ ਕੰਮ ਵਿਚ ਰੁੱਝਾ ਹੋਇਆ। ਡਾਕਟਰ ਵਾਰੀ ਸਿਰ ਮਰੀਜ਼ਾਂ ਨੂੰ ਚੈੱਕ ਕਰੀ ਜਾਂਦੇ। ਲੈਬ ਵਿਚ ਵਾਰੀ ਸਿਰ ਟੈਸਟ ਹੋ ਰਹੇ ਸਨ। ਕੋਈ ਸ਼ੋਰ ਨਹੀਂ, ਕੋਈ ਕਾਹਲਾ ਨਹੀਂ, ਕੋਈ ਪ੍ਰੇਸ਼ਾਨੀ ਨਹੀਂ। ਕਿਸੇ ਡਾਕਟਰ ਦੀ ਟੈਸਟ ਦੀ ਕੋਈ ਫੀਸ ਨਹੀਂ ਸੀ ਅਤੇ ਦਵਾਈ ਵੀ ਮੁਫ਼ਤ ਮਿਲ ਰਹੀ ਸੀ।

ਅਜੇ ਮੈਂ ਇਨ੍ਹਾਂ ਗੱਲਾਂ ‘ਤੇ ਹੈਰਾਨ ਹੋ ਰਿਹਾ ਸੀ ਕਿ ਮੇਰਾ ਧਿਆਨ ਵੱਖ-ਵੱਖ ਕਮਰਿਆਂ ਦੇ ਬਾਹਰ ਅਤੇ ਹੋਰ ਦਿਸ਼ਾ ਨਿਰਦੇਸ਼ ਦੇਣ ਵਾਲੀਆਂ ਲੱਗੀਆਂ ਤਖਤੀਆਂ ਵੱਲ ਗਿਆ। ਮੈਂ ਉਨ੍ਹਾਂ ਸਾਰਿਆਂ ਤਖ਼ਤੀਆਂ ਨੂੰ ਧਿਆਨ ਨਾਲ ਪੜ੍ਹਨਾ ਸਮਝਣਾ ਸ਼ੁਰੂ ਕੀਤਾ। ਮੈਂ ਫੇਰ ਹੈਰਾਨ ਸਾਂ ਕਿ ਕਿਸੇ ਵੀ ਤਖ਼ਤੀ ‘ਤੇ ਲਿਖੇ ਪੰਜਾਬੀ ਸ਼ਬਦਾਂ ਦੇ ਸ਼ਬਦ-ਜੋੜ ਬਿਲਕੁਲ ਦਰੁਸਤ ਸਨ। ਕਿਸੇ ਅੱਖਰ, ਕਿਸੇ ਲਗ ਮਾਤਰ ਵਿਚ ਕੋਈ ਗਲਤੀ ਨਹੀਂ ਸੀ। ਅੱਖਰਾਂ ਦੀ ਬਣਤਰ ਵੀ ਸਹੀ ਸੀ।

ਇਹ ਪਹਿਲਾ ਹਸਪਤਾਲ ਸੀ ਜਿਥੇ ਪੰਜਾਬੀ ਭਾਸ਼ਾ ਅਤੇ ਉਸਦੇ ਸ਼ਬਦ-ਜੋੜ ਸਾਰੇ ਦੇ ਸਾਰੇ ਸਹੀ ਸਨ। ਸੁਚੇਤ ਤੌਰ ‘ਤੇ ਲੱਭਿਆ ਵੀ ਕੋਈ ਗਲਤੀ ਨਹੀਂ ਲੱਭ ਰਹੀ ਸੀ। ਮਨ ਖੁਸ਼ ਹੋ ਗਿਆ।
ਇਕ ਗੱਲ ਹੋਰ ਨੋਟ ਕਰਨ ਵਾਲ ਸੀ ਕਿ ਬਿਮਾਰ ਹੋਣ ਦੇ ਬਾਵਜੂਦ, ਹਸਪਤਾਲ ਵਿਚ ਹੋਣ ਦੇ ਬਾਵਜੂਦ ਕੋਈ ਮਰੀਜ਼ ਜਾਂ ਮਰੀਜ਼ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਅਸੀਂ ਸਹੀ ਜਮ੍ਹਾਂ ਹਾਂ, ਸਹੀ ਹੱਥਾਂ ਵਿਚ ਹਾਂ।
ਐਮਰਜੈਂਸੀ ਵਾਲੇ ਹਰੇਕ ਮੀਰਜ਼ ਨੂੰ ਤੁਰੰਤ ਸਾਂਭ-ਸੰਭਾਲ ਰਹੇ ਸਨ। ਹਰੇਕ ਦੀ ਲੋੜੀਂਦੀ ਸਹਾਇਤਾ ਅਤੇ ਇਲਾਜ ਹੋ ਰਿਹਾ ਸੀ।
ਇਹ ਪਹਿਲਾ ਹਸਪਤਾਲ ਸੀ ਜਿੱਥੇ ਅਜਿਹਾ ਸੁਚਾਰੂ ਤੇ ਸਿਹਤਮੰਦ ਮਾਹੌਲ ਸੀ ਅਤੇ ਪੰਜਾਬੀ ਭਾਸ਼ਾ ਬਿਲਕੁਲ ਠੀਕ ਲਿਖੀ ਸੀ। ਇਸ ਸੱਭ ਕੁਝ ਦਾ ਸਿਹਰਾ ਸੰਸਥਾ, ਸੇਵਾਦਾਰਾਂ ਅਤੇ ਪ੍ਰਬੰਧਕਾਂ ਨੂੰ ਜਾਂਦਾ ਹੈ।

ਜਦ ਸਮਾਂ ਪਾ ਕੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਸਮੁੱਚੀ ਸੰਸਥਾ ਸੰਬੰਧੀ ਜਾਣਕਾਰੀ ਮਿਲੀ ਤਾਂ ਸੱਭ ਸ਼ੰਕੇ ਦੂਰ ਹੋ ਗਏ। ਸੱਭ ਸਵਾਲਾਂ ਦੇ ਜਵਾਬ ਮਿਲ ਗਏ। ਸਾਫ਼ ਸਫ਼ਾਈ ਅਤੇ ਸੁਚਾਰੂ ਪ੍ਰਬੰਧ ਇਸ ਸੰਸਥਾ ਦਾ ਮੁਢਲਾ ਅਤੇ ਜ਼ਰੂਰੀ ਕਦਮ ਹੈ। ਇਹ ਹਸਪਤਾਲ ਉਸਦੀ ਬਿਹਤਰੀਨ ਉਦਾਹਰਨ ਕਹੀ ਜਾ ਸਕਦੀ ਹੈ।

ਪ੍ਰੋ. ਕੁਲਬੀਰ ਸਿੰਘ
9417153513