ਪਿੰਡ, ਪੰਜਾਬ ਦੀ ਚਿੱਠੀ (266)

ਪਿੰਡ, ਪੰਜਾਬ ਦੀ ਚਿੱਠੀ (266)

ਸਾਰਿਆਂ ਨੂੰ ਸਤ ਸ਼੍ਰੀ ਅਕਾਲ ਜੀ। ਅਸੀਂ ਇੱਥੇ, ਕਰਅਸੇ ਜੇ ਗਏ, ਲੋਕਾਂ ਦੀ ਮੱਦਦ ਚ ਲੱਗੇ ਹੋਏ ਹਾਂ। ਤੁਹਾਡੀ ਰਾਜ਼ੀ-ਖੁਸ਼ੀ, ਸਦਾ ਹੀ, ਮੰਗਦੇ ਰਹਿੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਹੁਣ ਜੋਤਸ਼ੀਆਂ ਦੀ ਕਦਰ ਘੱਟ ਗਈ ਹੈ। ਮੌਸਮ, ਰਾਸ਼ੀਆਂ, ਖ਼ਬਰਾਂ, ਸੂਚਨਾਵਾਂ, ਸਭ ਕੁੱਝ ਇੰਟਰਨੈਟ ਤੋਂ ਦੇਖਦੇ ਹਾਂ। ਜਿਹੜੇ ਮਾਹਤੜ ਨਹੀਂ ਜਾਣਦੇ ਉਹ ਨਵੇਂ ਮੁੰਡਿਆਂ ਤੋਂ ਬਿੜਕ ਲੈ ਕੇ ਹੀ ਅਗਾਂਹ ਤੁਰਦੇ ਹਨ। ਚਮ-ਗੂੰਗਿਆਂ ਦਾ, ਸ਼ੁਕੀਨ ਮੁੰਡਾ ਇਹ ਸੇਵਾ ਸਭ ਤੋਂ ਵੱਧ ਕਰਦਾ ਹੈ। ਤੜਕੇ ਹੀ ਆ ਬੈਠੇ ਇਸ ਰੇਡੀਉ ਨੂੰ, ਕੱਛਾਂ ਆਲਿਆਂ ਦੇ ਬੱਲੀ ਪ੍ਰਧਾਨ ਨੇ ਠਕੋਰਿਆ, “ਅੱਜ ਸ਼ੇਰਾ ਕੀਹਨੂੰ ਜਿਤਾ ਤਾ ਤੇਰੇ ਫ਼ੋਨ ਨੇ?" “ਨਾ ਬਾਬਾ, ਤੁਸੀਂ ਕੀਹਦੇ ਬਾਰੇ ਪੁੱਛਣੈ?" ਮੁੰਡੇ ਨੇ ਬਿਨਾਂ ਝਾਕਿਆਂ ਹੀ, ਫ਼ੋਨ ਉੱਤੇ ਨੀਂਵੀਂ ਪਾ ਕੇ, ਉਂਗਲਾਂ ਮਾਰਦੇ ਨੇ ਪੁੱਛਿਆ। “ਚੱਲ ਤੂੰਮਰੀਕਾ ਆਲੇ ਟਰੰਪ ਅਤੇ ਮੋਦੀ ਰਾਜੇ ਬਾਰੇ ਬਾਤ ਪਾਅ ਦੇ।” ਬਲਜੀਤ ਸਿੰਘ ਨੇ ਚਲਦੀ ਜੀ ਗੱਲ ਕਰਤੀ। “ਏਹਨਾਂ ਦਿਨਾਂ ਚ ਫੇਰ ਕੱਟੇ-ਵੱਛੇ ਨੇੜੇ ਜੇ ਬੰਨ੍ਹ ਰਹੇ ਐ, ਲੱਗਦੈ ਸੌਦਾ ਹੋ ਜੂ।" ਮੁੰਡੇ ਨੇ ਉਵੇਂ ਹੀ ਟਿੱਪ-ਟਿੱਪ ਕਰਦੇ ਨੇ ਉੱਤਰ ਦੇਤਾ। “ਇੱਕ ਕਾਕਾ ਏਹਦੇਤੇ ਗੂਠਾ ਵਖਾ ਕੇ ਲੈਕ-ਲੈਕ ਕਰਦੇ ਐ, ਉਹ ਕੀ ਹੁੰਦਾ।" ਕੋਲ ਆ ਖੜੋਤੇ, ਵੱਡੇ ਘਰ ਆਲਿਆਂ ਦੇ ਬਿਕਰਮ ਸਿੰਘ ਨੇ ਸਵਾਲ ਕੀਤਾ। “ਉਹ ਤਾਂ ਜੀ ਇਹਦੇ ਉੱਤੇ ਆਈ ਫੋਟੋ ਜਾਂ ਖ਼ਬਰ ਨੂੰ ਪਸੰਦ ਕਰਨ ਬਾਰੇ ਹੁੰਦੈ, ਜਿੰਨੇ ਲਾਈਕ ਹੋਣਗੇ, ਉਨ੍ਹੀਂ ਮਸ਼ਹੂਰੀ ਬਾਹਲੀ ਹੋਊਗੀ।" ਐਤਕੀਂ ਮੁੰਡੇ ਨੇ ਮਸਾਂ ਹੀ ਸਿਰ ਚੱਕ ਕੇ, ਜਵਾਬ ਦਿੱਤਾ। “ਹੁਣ ਤਾਂ ਬਲਜੀਤ ਸਿੰਹਾਂ, ਸਰਕਾਰਾਂ ਵੀ ਇਹਦੇ ਨਾਲ ਹੀ ਬਦਲ ਜਾਂਦੀਐਂ, ਲੜਾਈਆਂ ਵੀ ਇਸੇ ਤੇ ਲੱਗਦੀਆਂ-ਹੱਟਦੀਆਂ, ਸਾਡਾ ਪਾੜ੍ਹਾ ਆਂਹਦਾ ਸੀ ਆਪਣੇ ਗੁਆਂਢੀ ਮੁਲਕਚ ਨੌਜਵਾਨਾਂ ਨੇ ਲੀਡਰ, ਉਡਣ-ਖਟੋਲਿਆਂ ਉੱਤੇ ਟੰਗਤੇ।” ਵੱਡੇ ਘਰ ਆਲਿਆਂ ਦੇ, ਛੋਟੇ ਕਾਕਾ ਜੀ ਨੇ, ਦੁਨੀਆਂਦਾਰੀ ਦੀ ਜਾਣਕਾਰੀ ਦੱਸੀ। ਮੁੰਡਾ ਉਂਵੇਂ ਹੀ ਨਿਗਾਹ ਟਿਕਾਈ, ਉੱਠਿਆ, ਫ਼ੋਨ ਚਲਾਂਉਂਦਾ ਹੀ ਟੁਰਦਾ ਗਿਆ। ਮਗਰੋਂ ਪੁਰਾਣੀ ਪੀੜ੍ਹੀ ਦੇ ਬੈਠੇ ਆਪਸ-ਰੀਂ, ਰੁਣ-ਝੁਣ ਕਰਨ ਲੱਗੇ। ਚੱਕਾਂ ਆਲਿਆਂ ਦਾ ਖਾਲਸਾ ਕਹਿੰਦਾ, “ਅਚਰਜ ਈ ਐ ਭਾਈ, ਹੁਣ ਤਾਂ, ਸਾਡਾ ਮਾਸ਼ਟਰ ਆਹਦਾ, ਸਾਰੀ ਦੁਨੀਆਂ ਦੇ ਬਾਹਲੇ ਕੰਮ ਤਾਂ ਹੁਣ ਫ਼ੋਨ ਉੱਤੇ ਹੀ ਹੁੰਦੇ ਐ, ਆਪਾਂ ਤਾਂ ‘ਅੰਮ੍ਰਿਤ ਵੇਲੇ ਆਲੇਸ਼ਨਾਨ ਵੀ ਹੰਢਾ ਕੇ, ਫੇਅ ਰੇਡੀਆ ਸੁਣਿਆਂ, ਮੂਰਤਾਂ ਆਲਾ ਟੀ.ਵੀ. ਆ ਗਿਆ ਤੇ ਹੁਣ ਭਾਈ ਲੜਾਈਆਂ-ਪੜ੍ਹਾਈਆਂ ਵੀ ਹੱਥਾਂਚ ਆ ਗੀਆਂ…..।” ਅਜੇ ਖਾਲਸਾ ਹੋਰ ਬੋਲਦਾ, ਮੁੰਡਾ ਫੇਰ ਮੁੜ ਆਇਆ, ਰੌਲਾ ਪਾਂਉਂਦਾ, “ਆਹ ਵੇਖੋ ਕਮਾਲ ਹੋ ਗਿਆ…..।” ਸਾਰੇ ਉੱਧਰ ਵੇਖਣ ਲੱਗੇ।

ਸ਼ਬਦ : ਕਚਲਹੂ, ਕਰੀਕ, ਨਾਬਰ, ਓਝਰੀ ਛਲਕੇ, ਕਰਸਿਆ ਜਿਹਾ, ਹੜ੍ਹਨਾ, ਦੋਰਾਹਾ, ਦਕੋਹਾ, ਦਕੱਮਣ, ਦਬੁਰਜੀ, ਪੰਜਕੋਸੀ, ਸੱਤਕੋਸੀ, ਭੁਮਾਰਸੀ, ਭੁੰਬਲਾ, ਕੁੱਥਾਖੇੜੀ, ਕੁੱਬਾ, ਡਾਂਗੋ, ਨੋਚ, ਨਲੀ-ਚੋਚੋ, ਸੀਂਢਲ।
ਚੰਗਾ, ਬਾਕੀ ਅਗਲੇ ਐਤਵਾਰ…..

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061