ਪੰਜਾਬੀਆਂ ਦਾ ਦਰਿਆਵਾਂ ਨਾਲ ਮੱਥਾਂ ਲੱਗਾ ਹੋਇਆ ਹੈ ਫਿਰ ਵੀ ਹੋਸਲੇ ਬੁਲੰਦ ਹਨ

ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: ‘ਮਹਿਕ ਵਤਨ ਦੀ ਲਾਈਵ’ ਬਿਓਰੋ)
ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਅਤੇ ਤੇਜ ਬਾਰਿਸ਼ਾਂ ਕਾਰਨ ਪੰਜਾਬ ਵਿੱਚ ਹਾਲਾਤ ਨਾਜੁਕ ਹੋ ਗਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਇਲਾਵਾ ਦੂਸਰੇ ਪਾਸੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਮਕਾਨਾਂ ਉੱਪਰ ਹਰੀ-ਹਰੀ ਜਿਲਬ ਜੰਮੀ ਹੋਈ ਆਮ ਹੀ ਦਿਸ ਰਹੀ ਹੈ। ਇਸ ਦੇ ਚੱਲਦਿਆਂ ਹੁਣ ਖਸਤਾ ਹਾਲ ਇਮਾਰਤਾਂ ਲੋਕਾਂ ਦੇ ਲਈ ਖਤਰਾ ਬਣ ਰਹੀਆਂ ਹਨ। ਇਸ ਦੀਆਂ ਤਾਜਾ ਉਦਾਹਰਨਾਂ ਮੋਗਾ ਸ਼ਹਿਰ ਵਿੱਚ ਵੀ ਵੇਖਣ ਨੂੰ ਮਿਲੀਆਂ ਹਨ। ਪੁਰਾਣੀ ਦਾਣਾ ਮੰਡੀ ਮੋਗਾ ਦੇ ਗੇਟ ਨੰ. 2 ਦੀ ਛੱਤ ਡਿੱਗ ਪਈ ਸੀ, ਮੋਗਾ ਦੀ ਮਸ਼ਹੂਰ ਬਾਗ ਗਲੀ ਦਾ ਗੇਟ ਮੇਨ ਬਾਜਾਰ ਵਾਲੇ ਪਾਸਿਓ ਅੱਧਾ ਡਿੱਗ ਪਿਆ। ਮੋਗਾ ਦੇ ਨੇੜਲੇ ਪਿੰਡ ਘੱਲ ਕਲਾਂ ਵਿੱਚ ਇੱਕ ਇਮਾਰਤ ਜੋ 100 ਸਾਲ ਤੋਂ ਵੱਧ ਪੁਰਾਣੀ ਸੀ ਉਹ ਵੀ ਲਗਾਤਾਰ ਬਾਰਿਸ਼ਾਂ ਕਾਰਨ ਢਹਿ-ਢੇਰੀ ਹੋ ਗਈ ਹੈ। ਇਹ ਇਮਾਰਤ ਉੱਘੇ ਕਿਸਾਨ ਆਗੂ ਗੁਲਜਾਰ ਸਿੰਘ ਘੱਲਕਲ੍ਹਾਂ ਦੀ ਸੀ ਉਸ ਦਾ ਪੂਰਾ ਘਰ ਤਬਾਹ ਹੋ ਗਿਆ ਹੈ। ਸ਼ਹਿਰ ਦੇ ਘਰ ਵੀ ਆਮ ਹੀ ਇਸ ਬਾਰਿਸ਼ ਨਾਲ ਚੋਣ ਲੱਗ ਪਏ ਹਨ। ਇੱਕ ਹੜ੍ਹ ਅਤੇ ਦੂਸਰਾ ਲਗਾਤਾਰ ਬਾਰਿਸ਼, ਪੰਜਾਬ ਵਿੱਚ ਤਬਾਹੀ ਕਰ ਰਹੀ ਹੈ। ਹੜ੍ਹਾਂ ਦਾ ਪ੍ਰਭਾਵ ਸਾਰੇ ਪੰਜਾਬ ਵਿੱਚ ਹੀ ਦਿਸ ਰਿਹਾ ਹੈ ਪਰ ਦਰਿਆਵਾਂ ਤੇ ਬੰਨ੍ਹਾਂ ਦੇ ਨਾਲ ਲੱਗਦੇ ਪਿੰਡ ਜਿਆਦਾ ਖਤਰੇ ਵਿੱਚ ਹਨ।
ਪੰਜਾਬ ਵਿੱਚ ਆਏ ਭਿਆਨਕ ਹੜ੍ਹਾ ਅਤੇ ਤੇਜ ਬਾਰਿਸ਼ਾ ਕਾਰਨ ਮੌਜੂਦਾ ਖਤਰੇ ਦੀ ਸਥਿਤੀ ਨੂੰ ਵੇਖਦਿਆਂ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ/ ਏਡਿਡ/ ਮਾਨਤਾ ਪ੍ਰਾਪਤ/ ਪ੍ਰਾਈਵੇਟ ਸਕੂਲਾਂ/ ਕਾਲਜਾਂ/ ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਵਿੱਚ ਲਗਾਤਾਰ ਛੁੱਟੀਆਂ ਵਧ ਰਹੀਆਂ ਹਨ। ਇਸ ਨਾਜੁਕ ਸਥਿੱਤੀ ਦੇ ਸਮੇਂ ਦੌਰਾਨ ਵਿਿਦਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜਰੂਰੀ ਵੀ ਹੈ। ਚਾਹੇ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਪਰ ਫਿਰ ਵੀ ਇਸ ਨਾਲ ਬੱਚਿਆਂ ਦੀ ਪੜਾਈ ਤੇ ਬੁੱਰਾ ਅਸਰ ਪੈ ਰਿਹਾ ਹੈ।
ਪੰਜਾਬ ਵਿੱਚ ਆਏ ਇਨ੍ਹਾਂ ਹੜ੍ਹਾਂ ਦਾ ਦੁੱਖ ਉਹੀ ਜਾਣਦੇ ਹਨ ਜੋ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਆਪਣੇ ਘਰ ਛੱਡਣੇ ਬਹੁੱਤ ਔਖੇ ਹਨ। ਰਾਤ ਦੇ ਹਨੇਰੇ ਵਿੱਚ ਦਰਿਆ ਦੇ ਕੰਡੇ ਮੱਛਰਾਂ ਤੇ ਪਾਣੀ ਦੇ ਜੀਵ ਜੰਤੂਆਂ ਵਿੱਚ ਬਿਨ੍ਹਾਂ ਛੱਤ ਦੇ ਰਹਿਣਾ ਕੋਈ ਸੌਖੀ ਗੱਲ ਨਹੀਂ ਹੁੰਦੀਂ, ਮਜਬੂਰੀ ਵਿੱਚ ਰਹਿਣਾ ਪੈਦਾਂ ਹੈ। ਪ੍ਰਮਾਤਮਾਂ ਅਜਿਹੀਆਂ ਆਫਤਾ ਤੋਂ ਬਚਾ ਕੇ ਰੱਖੇ, ਮੇਹਰ ਕਰੇ, ਕਦੇ ਕੋਈ ਅਜਿਹੀ ਆਫਤ ਨਾ ਆਵੇ। ਪਰ ਐਤਕੀ ਇੱਕ ਗੱਲ ਸਕੂਨ ਦੇਣ ਵਾਲੀ ਹੋਈ ਕਿ ਫਲੱਡ 2025 ਵਿੱਚ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਂਹ ਫੜੀ ਹੈ। ਲੰਗਰ ਪਾਣੀ, ਪਸ਼ੂਆਂ ਦਾ ਚਾਰਾ ਆਦਿ ਕਿਸੇ ਪ੍ਰਕਾਰ ਦੀ ਕੋਈ ਟੋਟ ਨਹੀਂ ਆਉਣ ਦਿੱਤੀ। ਵੈਸੇ ਤਾਂ ਸਾਰੀ ਦੁਨੀਆਂ ਵਿੱਚ ਜਿਥੇ ਵੀ ਕੋਈ ਆਫਤ ਜਾਂ ਮੁਸ਼ਕਿਲ ਆਉਂਦੀ ਹੈ ਤਾਂ ਪੰਜਾਬੀ ਲੰਗਰ ਲੈ ਕੇ ਉਥੇ ਪਹੁੰਚ ਜਾਂਦੇ ਹਨ। ਇਹ ਤਾਂ ਫਿਰ ਆਪਣਾ ਪੰਜਾਬ ਹੈ। ਠੀਕ ਹੈ ਕਿ ਦਾਲ ਵਿੱਚ ਕੋਕੜੂ ਹੁੰਦੇਂ ਹਨ। ਦਰਿਆਵਾਂ ਦੇ ਕੰਡਿਆਂ ਤੇ ਕੁੱਝ ਠੱਗ ਲੋਕ ਵੀ ਆ ਕੇ ਬੈਠ ਗਏ ਹਨ ਜਿਹੜੇ ਹੜ੍ਹ ਪੀੜਤਾਂ ਲਈ ਆਇਆ ਰਾਸ਼ਨ, ਚਾਰਾ ਤੇ ਹੋਰ ਸਮਾਨ ਇਕੱਠਾ ਕਰ ਲੈਦੇ ਹਨ ਤੇ ਅਗਾਹ ਵੇਚ ਦਿੰਦੇ ਹਨ। ਮਰੀਆਂ ਜਮੀਰਾਂ ਵਾਲਿਆਂ ਦਾ ਤਾਂ ਕੋਈ ਹੱਲ ਨਹੀਂ ਪਰ ਸੇਵਾ ਕਰਨ ਵਾਲਿਆਂ ਨੂੰ ਉਸ ਦਾ ਫਲ ਮਿਲ ਜਾਂਦਾ ਹੈ। ਹੜ੍ਹ ਪੀੜਤ ਇਲਾਕਿਆਂ ਵਿੱਚ ਖੁਦ ਪਹੁੰਚ ਕੇ ਘਰ ਘਰ ਜਾਕੇ ਸਹਾਇਤਾ ਪਹੁੰਚਾਉਂਗੇ ਤਾਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਖੁਦ ਹੀ ਪਹਿਚਾਨ ਆ ਜਾਂਦੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵਲੰਟੀਅਰ, ਖਾਲਸਾ ਏਡ, ਵਾਰਿਸ਼ ਪੰਜਾਬ ਦੇ, ਮਹਿਕ ਵਤਨ ਦੀ ਫਾਉਂਡੇਸ਼ਨ, ਗਲੋਬਲ ਸਿੱਖ ਆਦਿ ਹੋਰ ਵੀ ਕਈ ਸੰਸਥਾਵਾਂ ਹਨ ਜਿਨ੍ਹਾਂ ਦੇ ਵਲੰਟੀਅਰ ਜਿਹੜੀਆਂ ਦਰਿਆਵਾ ਵਿੱਚ ਫਸੇ ਲੋਕਾਂ ਦੇ ਘਰ ਘਰ ਜਾ ਕੇ ਰਾਹਤ ਸਮੱਗਰੀ ਪਹੁੰਚਾਉਦੀਆਂ ਹਨ। ਠੱਗ ਲੋਕ ਉਨ੍ਹਾਂ ਦੇ ਨੇੜੇ ਨਹੀਂ ਆਉਦੇਂ।
ਇਹ ਮੰਨਣ ਵਾਲੀ ਗੱਲ ਹੈ ਕਿ ਜਿਹੜੀ ਚੀਜ਼ ਸਭ ਤੋਂ ਪਿਆਰੀ ਹੁੰਦੀ ਹੈ ਉਸ ਨੂੰ ਹਮੇਸ਼ਾ ਨਜ਼ਰ ਲੱਗਦੀ ਹੈ। ਪੰਜਾਬ ਨਾਲ ਵੀ ਇਹੀ ਹੋ ਰਿਹਾ ਹੈ। ਆਏ ਦਿਨ ਪੰਜਾਬ ਤੇ ਕੋਈ ਨਾ ਕੋਈ ਆਫਤ ਜਾਂ ਮੁਸ਼ਕਿਲ ਆਈ ਰਹਿੰਦੀ ਹੈ, ਜਿਸ ਨਾਲ ਪੰਜਾਬ ਜੂਝਦਾ ਹੈ ਲੜਦਾ ਹੈ ਤੇ ਜਿੱਤ ਪ੍ਰਾਪਤ ਕਰਦਾ ਹੈ। ਹਰ ਮੁਸ਼ਕਿਲ ਤੋਂ ਬਾਅਦ ਪੰਜਾਬ ਪਹਿਲਾਂ ਨਾਲੋਂ ਜਿਆਦਾ ਨਿਖਰ ਜਾਂਦਾ ਹੈ। ਇਹ ਆਫਤਾਂ ਕੁਦਰਤੀ ਵੀ ਹਨ ਅਤੇ ਸਿਆਸੀ ਦਖਲ ਅੰਦਾਜੀਆਂ ਵੀ ਹਨ। ਸਿਆਸਤ ਦਾ ਹਿੱਸਾ ਵੀ ਹਨ। ਭਾਰਤੀ ਕਿਸਾਨ ਯੂਨੀਅਨਾ ਅਤੇ ਹੋਰ ਕਈ ਸਮਾਜਿਕ ਜੱਥੇਬੰਧੀਆਂ ਦਾ ਕਹਿਣਾ ਹੈ ਕਿ ਜੋ ਪੰਜਾਬ ਅੰਦਰ ਹੜਾਂ ਦੀ ਮਾਰ ਪਈ ਹੈ। ਇਹ ਕੋਈ ਕੁਦਰਤੀ ਆਫਤਾਂ ਨਹੀਂ ਇਹ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਹੈ। ਇਹ ਤਾਂ ਸਿਰਫ ਤੇ ਸਿਰਫ ਪੰਜਾਬ ਨੂੰ ਡੋਬਣ ਲਈ ਸਾਰਾ ਵਰਤਾਰਾ ਸਿਰਜਿਆ ਗਿਆ ਹੈ ਕਿਉਂਕਿ ਪੰਜਾਬ ਨਾ ਕੇਂਦਰ ਸਰਕਾਰ ਤੇ ਨਾ ਪੰਜਾਬ ਸਰਕਾਰ ਦੇ ਅੱਗੇ ਝੁਕਿਆ ਹੈ। ਪਹਿਲਾਂ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਈ, ਫੇਰ ਪੰਜਾਬ ਸਰਕਾਰ ਲੈਂਡ ਪੋਲਗ ਪੋਲਿਸੀ ਲੈ ਕੇ ਆਈ ਪਰ ਇਹਨਾਂ ਤੋਂ ਪੰਜਾਬ ਦਾ ਕਿਸਾਨ ਨਹੀਂ ਦੱਬਿਆ। ਇਸ ਲਈ ਹੁਣ ਦੋਨਾਂ ਸਰਕਾਰਾਂ ਨੇ ਰਲ ਮਿਲ ਕੇ ਪੰਜਾਬ ਨੂੰ ਡੋਬਣ ਲਈ ਪੰਜਾਬ ਦੇ ਕਿਸਾਨ ਨੂੰ ਮਾਰਨ ਲਈ ਹੜਾਂ ਵਾਲੀ ਚਾਲ ਚੱਲੀ ਹੈ ਜੋ ਅਤੀ ਨਿੰਦਣਯੋਗ ਅਤੇ ਮੰਦਭਾਗੀ ਹੈ। ਇਥੇ ਇਹ ਵੀ ਵੇਖਣ ਨੂੰ ਮਿਿਲਆ ਹੈ ਕਿ ਸਿਆਸੀ ਧਰ ਦੇ ਐਮ.ਐਲ.ਏ. ਜਾਂ ਕੋਈ ਵੀ ਲੀਡਰ ਹਨ ਉਹ ਕਿਸਾਨ ਆਗੂਆਂ ਬਾਰੇ ਗਲਤ ਮਲਤ ਬੋਲ ਰਹੇ ਹਨ ਜਾਂ ਕਹਿ ਰਹੇ ਹਨ ਕਿ ਇਹ ਹਰੀਆਂ ਪੱਗਾਂ ਵਾਲੇ ਵਿਹਲੜ ਤੁਰੇ ਫਿਰਦੇ ਹਨ। ਉਹਨਾਂ ਲੀਡਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋ ਹੜਾਂ ਵਿੱਚ ਇਸ ਟਾਈਮ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਟਰਾਲੀਆਂ ਟਰੈਕਟਰ ਲੈ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਉਹ ਕਿਸਾਨਾਂ ਦੇ ਹੀ ਪੁੱਤ ਹਨ ਜੋ ਆਪਣੇ ਟਰੈਕਟਰ ਲੈ ਕੇ ਹੜ੍ਹ ਪੀੜਤ ਇਲਾਕਿਆਂ ਵਿੱਚ ਆਪਣੀ ਜਾਨ ਤਲੀ ਤੇ ਰੱਖ ਕੇ ਹੜ ਪੀੜਤਾਂ ਦੀ ਸੇਵਾ ਕਰ ਰਹੇ ਹਨ।
ਮੈਂ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ। ਪਰ ਜੋ ਲੋਕ ਆਪਣੇ ਅਹੁੱਦੇ ਦਾ ਗੁਮਾਨ ਛੱਡ ਕੇ ਜਮੀਨੀ ਪੱਧਰ ਤੇ ਲੋਕਾਂ ਦੀ, ਹੜ੍ਹ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ ਉਨ੍ਹਾਂ ਦੀ ਸ਼ਲਾਂਘਾ ਵੀ ਕਰਨੀ ਬਣਦੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਭੈਣ ਸ਼ਾਕਸ਼ੀ ਸਾਹਨੀ ਜਿਸ ਨੇ ਸਾਰੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਡੀ.ਸੀ. ਤਾਂ ਹੋਰ ਵੀ ਬਥੇਰੇ ਆਏ ਹੋਣਗੇ ਪਰ ਇਸ ਸ਼ੇਰਨੀ ਨੇ ਸਰਕਾਰ ਦੀ ਦਿੱਤੀ ਤਨਖਾਹ ਦਾ ਮੁੱਲ ਹੀ ਨਹੀਂ ਮੋੜਿਆ ਸਗੋਂ ਦੁਨੀਆਂ ਨੂੰ ਦਿਖਾ ਦਿੱਤਾ ਕਿ ਧੀਆਂ ਆਪਣੀ ਸਿਆਣਪ ਨਾਲ ਕੀ ਕੁੱਝ ਕਰ ਸਕਦੀਆਂ ਹਨ। ਇਥੇ ਉਹ ਵੀ ਮੂਰਖ ਜਨਾਨੀਆਂ ਹਨ ਜਿਹੜੀਆਂ ਕਿਸਾਨਾਂ ਨੂੰ ਮੱਤਾਂ ਦਿੰਦੀਆਂ ਹਨ ਕਿ ਮੋਗੇ ਕਿਵੇਂ ਬੰਦ ਕਰੀਦੇ ਹੁੰਦੇ ਆ, ਉਸ ਨੂੰ ਪੁੱਛਣ ਵਾਲਾ ਹੋਵੇ ਵੀ ਬੀਬੀ ਜਿਨਾਂ ਨੇ ਸਾਰੀ ਉਮਰ ਖੇਤਾਂ ‘ਚ ਕੱਢਤੀ ਤੂੰ ਉਹਨਾਂ ਨੂੰ ਦੱਸੇਗੀ। ਚਲੋ ਛੱਡੋ ਗੱਲ ਸਿਆਸਤ ਵੱਲ ਹੋ ਤੂਰੀ ਪਰ “ਸਾਕਸ਼ੀ ਸਾਹਨੀ” ਦੀ ਮਿਹਨਤ ਅਤੇ ਉਸ ਦਾ ਪੰਜਾਬੀਆਂ ਪ੍ਰਤੀ ਪਿਆਰ ‘ਪੰਜਾਬ’ ਹਮੇਸ਼ਾ ਯਾਦ ਰੱਖੁਗਾ। ਦਿਲਜੀਤ ਦੁਸਾਂਝ ਦੀ ਮੈਨੇਜਰ ‘ਸੋਨਾਲੀ’ ਵੀ ਭਾਗਾਂ ਵਾਲੀ ਕੁੜੀ ਹੈ ਜਿਹੜੀ ਇਨੇ੍ਹ ਵੱਡੇ ਸਟਾਰ ਦੀ ਮੈਨੇਜਰ ਹੋ ਕੇ ਵੀ ਸਾਦਗੀ ਨਾਲ ਲੋਕਾਂ ਵਿੱਚ ਵਿਚਰ ਰਹੀ ਹੈ। ਇਸੇ ਤਰ੍ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾਕਟਰ ਐਸ.ਪੀ. ਸਿੰਘ ਉਬਰਾਏ ਜਿਨ੍ਹਾਂ ਪਹਿਲ ਕਦਮੀ ਕਰਦਿਆ ਹੜ੍ਹ ਦੀ ਸਥਿਤੀ ਬਨਣ ਸਾਰ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਹੜ੍ਹ ਪੀੜਤਾਂ ਲਈ ਡੇਢ ਕਰੋੜ ਦਾ ਪੈਕੈਜ ਜਾਰੀ ਕਰ ਦਿੱਤਾ ਤੇ ਐਲਾਨ ਕੀਤਾ ਕਿ ਜਦ ਤਕ ਲੋੜ ਹੈ, ਸਪਲਾਈ ਜਾਰੀ ਰਹੇਗੀ ਅਤੇ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾ, ਸੁੱਕਾ ਰਾਸ਼ਨ ਵੀ ਮੁੱਕਣ ਨਹੀਂ ਦਿੱਤਾ ਜਾਵੇਗਾ, ਹੋਰ ਵੀ ਜਿੱਥੇ ਵੀ ਕਿਤੇ ਵੀ ਕੋਈ ਲੋੜ ਹੋਈ ਉਥੇ ਹਰ ਲੋੜ ਟਰੱਸਟ ਵੱਲੋਂ ਪੂਰੀ ਕੀਤੀ ਜਾਵੇਗੀ। ਔਰਤਾਂ ਤੇ ਬੱਚਿਆਂ ਦਾ ਸਮਾਨ, ਮੱਛਰ ਦਾਨੀਆਂ, ਤਰਪਾਲਾਂ, ਫੋਕ ਮਸ਼ੀਨਾ, ਕਿਸ਼ਤੀਆਂ, ਪਸ਼ੂਆਂ ਦਾ ਚਾਰਾ, ਪਾਣੀ ਦੀਆਂ ਬੋਤਲਾਂ ਆਦਿ ਸਭ ਕੱੁਝ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਨੇ ਤਾਂ ਆਉਣ ਵਾਲੇ ਸਮੇਂ ਲਈ ਵੀ ਆਖ ਦਿੱਤਾ ਕਿ ਜਿਵੇਂ ਹੀ ਪਾਣੀ ਘਟਣਾ ਸ਼ੁਰੂ ਹੋਵੇਗਾ ਤਾਂ ਅਗਲੀ ਲੋੜ ਦਵਾਈਆਂ ਅਤੇ ਘਰਾਂ ਦੀ ਮੁਰੰਮਤ ਦੀ ਹੋਵੇਗੀ। ਟਰੱਸਟ ਵੱਲੋਂ ਪਸ਼ੂਆਂ ਅਤੇ ਲੋਕਾਂ ਲਈ ਦਵਾਈਆਂ ਦੀ ਵੱਡੀ ਸਪਲਾਈ ਅਤੇ ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵਲੰਟੀਅਰ ਆਪਣੇ ਆਪਣੇ ਜਿਲ੍ਹੇ ਵਿੱਚ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਵੇਸੈ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਪੰਜਾਬੀਆਂ ਦਾ ਦਰਿਆਵਾਂ ਨਾਲ ਮੱਥਾਂ ਲੱਗਾ ਹੋਇਆ ਹੈ ਫਿਰ ਵੀ ਹੋਸਲੇ ਬੁਲੰਦ ਹਨ। ਉਨ੍ਹਾਂ ਨੂੰ ਪਾਣੀ ਦੀ ਬੋਤਲ ਫੜਾਈਏ ਤਾਂ ਅੱਗੋ ਚਾਹ ਪੁੱਛਦੇ ਹਨ। ਉਨ੍ਹਾਂ ਦੇ ਚਿਹਰਿਆਂ ਤੇ ਕੋਈ ਘਬਰਾਹਟ ਜਾਂ ਡਰ ਨਹੀਂ ਸਗੋਂ ਹਾਲਾਤਾ ਨਾਲ ਲੜਨ ਦੀ ਹਿੰਮਤ ਹੈੋ
ਸਿਆਸੀ ਲੋਕ ਆਪਣੀਆਂ ਵੋਟਾਂ ਲਈ ਵੀ ਦਿਖਾਵਾ ਕਰਨ ਪਹੁੰਚ ਜਾਂਦੇ ਹਨ ਪਰ ਅਸਲੀਅਤ ਵਿੱਚ ਕੋਣ ਕੀ ਕਰ ਰਿਹਾ ਹੈ, ਲੋਕ ਸਭ ਜਾਣਦੇ ਹਨ। ਚਲੋ ਜੋ ਵੀ ਸਿਆਸੀ ਆਗੂ ਜਿਨ੍ਹਾਂ ਵੀ ਯੋਗਦਾਨ ਪਾ ਰਿਹਾ ਹੈ, ਉਸ ਦਾ ਸਵਾਗਤ ਹੈ। ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੇ ਨਾਲ ਵਿਧਾਇਕ ਨਰੇਸ਼ ਕਟਾਰੀਆ ਜੀ ਨਿਮਾਣੇ ਜਿਹੇ ਹੋ ਕੇ ਸੇਵਾ ਕਰ ਰਹੇ ਹਨ, ਕੁਲਦੀਪ ਸਿੰਘ ਧਾਲੀਵਾਲ ਇਸ ਬਾਰੇ ਜੋ ਮੈਂ ਹੁਣ ਵੇਖਿਆ ਆਹ ਬੰਦੇ ਦੀ ਵੀ ਇੱਕ ਖਾਸੀਅਤ ਹੈ ਇਹਨੂੰ ਕੀ ਕੁਝ ਨਹੀਂ ਬੋਲੇ ਲੋਕ। ਅਖੇ ਜੀ ਤੁਤਲਾ ਬੋਲਦਾ ਕਦੇ “ਤਮਾਤਰ” ਕਦੇ ਕੁਛ। ਨਾ ਇਹਦੇ ਨਾਲ ਸਰਕਾਰ ਨੇ ਭਲੀ ਗੁਜਾਰੀ ਹੈ? ਪਰ ਨਾ ਤਾਂ ਇਹ ਕਦੇ ਪਿੱਛੇ ਮੁੜ ਕੇ ਕਿਸੇ ਨਾਲ ਲੜਿਆ ਤੇ ਨਾ ਹੀ ਕਿਸੇ ਦੀ ਗੱਲ ਦਾ ਗੁੱਸਾ ਕੀਤਾ ਪਰ ਜਿੱਦਣ ਦੇ “ਹੜ੍ਹ” ਆਏ ਹਨ ਇਹਨੇ ਆਵਦੇ ਘਰੇ ਬਹਿ ਕੇ ਰੋਟੀ ਨਹੀਂ ਖਾਧੀ। ਅਫਸਰਾਂ ਨਾਲ ਲੜਦਾ ਝਗੜਦਾ, ਮੱਥਾ ਖਪਾਈ ਕਰਦਾ, ਜਿੰਨੇ ਜੋਗਾ ਹੈਗਾ ਨਾਲ ਖੜਾ ਤੇ ਜਿਹੜੇ ਲੀਡਰ ਸਾਫ “ਤੋਤੇ ਵਾਂਗੂ” ਬੋਲਦੇ ਸੀ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ। ਕਈ ਸਿਆਸੀ ਲੋਕ ਅਤੇ ਕਲਾਕਾਰ ਅਜਿਹੇ ਵੀ ਆਉਂਦੇ ਹਨ, ਜਿਨ੍ਹਾਂ ਨਾਲ ਇੰਨ੍ਹਾਂ ਜਿਆਦਾ ਲਾਮ ਲਸ਼ਕਰ ਹੁੰਦਾ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਵਾਲੇ ਕਾਰਜ ਰੁੱਕ ਜਾਂਦੇ ਹਨ। ਕਿਸ਼ਤੀਆਂ ਵੀ ਰਾਹਤ ਕਾਰਜਾਂ ਤੋਂ ਹਟ ਕੇ ਇਹਨਾਂ ਦੇ ਕੰਮ ਲੱਗ ਜਾਂਦੀਆਂ ਹਨ। ਕਈਆਂ ਨੇ ਤਾਂ ਹੜ੍ਹ ਪੀੜਤ ਇਲਾਕੇ ਟੂਰਿਸਟ ਸਪਾਟ ਬਣਾਏ ਹੋਏ ਆ, ਆਉਦੇਂ ਹਨ, ਫੋਟੋ ਕਰਵਾਉਂਦੇ ਹਨ, ਵੀਡਿਓ ਬਣਵਾਉਂਦੇ ਹਨ ਅਤੇ ਨੌਂ ਦੋ ਗਿਆਰਾਂ ਹੋ ਜਾਂਦੇ ਹਨ। ਅਜਿਹੇ ਸਿਆਸੀ ਲੀਡਰ ਤੇ ਕਲਾਕਾਰ ਤਾਂ ਆਪਣੇ ਘਰਾਂ ਵਿੱਚ ਹੀ ਚੰਗੇ ਹਨ।
ਸੋ ਔਖਾ ਵੇਲਾ ਚੰਗੇ ਮਾੜੇ ਬੰਦੇ ਦੀ ਪਰਖ ਕਰਵਾ ਦਿੰਦਾ। ਬਹੁੱਤ ਕਲਾਕਾਰ ਅਜਿਹੇ ਹਨ ਜੋ ਕਰੋੜਾਂ ਰੁਪਏ ਦੇ ਕੇ ਹੜ੍ਹ ਪੀੜਤਾਂ ਦੀ ਮੱਦਦ ਕਰ ਰਹੇ ਹਨ ਤਾਂ ਕਿ ਪੰਜਾਬ ਮੁੜ ਖੜਾ ਹੋ ਜਾਵੇ। ਦਿਲਜੀਤ ਦੁਸਾਂਝ ਵੱਲੋਂ ਪੰਜਾਬ ਦੇ 10 ਪਿੰਡ ਗੋਦ ਲਏ ਗਏ, ਸਤਿੰਦਰ ਸਰਤਾਜ ਵੱਲੋਂ 500 ਪ੍ਰੀਵਾਰਾਂ ਦਾ ਮਹੀਨੇ ਦਾ ਰਾਸ਼ਨ ਭੇਜਿਆ ਗਿਆ, ਗੁਰਦਾਸ ਮਾਨ ਵੱਲੋਂ 25 ਲੱਖ ਰੁਪਏ ਦਿੱਤੇ ਗਏ, ਐਮੀ ਵਿਰਕ ਵੱਲੋ 200 ਘਰਾਂ ਨੂੰ ਗੋਦ ਲਿਆ ਗਿਆ, ਬੱਬੂ ਮਾਨ ਨੇ ਅਪਣੇ ਕੈਨੇਡਾ ਦੇ ਸ਼ੋਅ ਦੀ ਕਮਾਈ ਹੜ੍ਹ ਪੀੜਤ ਰਾਹਤ ਕਾਰਜਾਂ ਲਈ ਦਿੱਤੀ। ਰਣਜੀਤ ਬਾਵਾ, ਫਿਲਮ ਐਕਟਰ ਅਕਸ਼ੈ ਕੁਮਾਰ, ਐਕਟਰ ਸੋਨੂੰ ਸੂਦ, ਸੰਜੇ ਦੱਤ, ਔਜਲਾ, ਆਦਿ ਹੋਰ ਵੀ ਬਹੁੱਤ ਸਾਰੇ ਕਲਾਕਾਰ ਹੜ੍ਹ ਪੀੜਤ ਲੋਕਾਂ ਦੀ ਬਾਹ ਫੜਨ ਲਈ ਅੱਗੇ ਆਏ ਹਨ। ਉਨ੍ਹਾਂ ਕਲਾਕਾਰਾ ਦੀ ਚੰਗੀ ਸੋਚ ਨੂੰ ਸਲਾਮ ਹੈ। ਰਾਜਸਥਾਨ ਵਾਲੇ ਭਰਾ ਵੀ ਆ ਗਏ ਮੁਸੀਬਤ ਦੀ ਘੜੀ ਵਿੱਚ ਪੰਜਾਬ ਦਾ ਸਾਥ ਦੇਣ। ਜਿਹੜੇ ਅੱਜ ਪੰਜਾਬ ਦੇ ਮਾੜੇ ਹਾਲਾਤਾਂ ਵਿੱਚ ਨਾਲ ਨਹੀਂ ਖੜ੍ਹੇ, ਆਉਂਣ ਵਾਲੇ ਸਮੇਂ ਵਿੱਚ ਉਹਨਾਂ ਕੋਲੋਂ ਬੱਚ ਕੇ ਰਹਿਣ ਦੀ ਲੋੜ ਹੈ। ਪੰਜਾਬੀਓ ਅਜਿਹੇ ਲੋਕਾਂ ਨੂੰ ਮੂੰਹ ਨਾ ਲਾਇਓ ਜਿਨ੍ਹਾਂ ਨੇ ਮਾੜੇ ਸਮੇਂ ਵਿੱਚ ਮੂੰਹ ਨਹੀਂ ਵਿਖਾਇਆ, ਚਾਹੇ ਉਹ ਕੋਈ ਵੀ ਹੋਵੇ। ਪੰਜਾਬੀਆਂ ਦੀ ਹਮੇਸ਼ਾ ਚੜ੍ਹਦੀ ਕਲਾ!
-Bhawandeep Singh Purba
Chief Editior: ‘Mehak Watan Di Live’ Beauro
President: Mehak Watan Di Foundation
Help Line: 9988-92-9988
E-Mail: bhawandeep.purba@gmail.com
Web Site: www.mehakwatandilive.com