
ਮਾਨਯੋਗ ਮੁੱਖ ਮੰਤਰੀ ਜੀ,
ਪੰਜਾਬ ਸਰਕਾਰ,
ਚੰਡੀਗੜ੍ਹ।
ਵਿਸ਼ਾ: ਸੂਬੇ ਵਿੱਚ ਆਏ ਹੜ੍ਹਾਂ ਕਾਰਨ ਬਾਣੀ ਸੰਵੇਦਨਸ਼ੀਲ ਸਥਿਤੀ ਦੇ ਚੱਲਦੇ ਸਰਕਾਰੀ ਪ੍ਰੀਖਿਆਵਾਂ, ਸਮੇਤ ਪੀ.ਪੀ.ਐਸ.ਸੀ. (PPSC) ਪ੍ਰੀਖਿਆ, ਨੂੰ ਮੁਲਤਵੀ ਕਰਨ ਬਾਰੇ ਬੇਨਤੀ।
ਮਾਨਯੋਗ ਜੀ,
ਮੌਜੂਦਾ ਸਮੇਂ ਸਾਰੇ ਪੰਜਾਬ ਵਿਚ ਭਾਰੀ ਮੀਂਹ ਅਤੇ ਪਹਾੜਾਂ ਤੋਂ ਦਰਿਆਵਾਂ ਰਾਹੀਂ ਵਹਿ ਆਏ ਪਾਣੀਆਂ ਕਾਰਨ ਗੰਭੀਰ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਆਮ ਜਨ-ਜੀਵਨ ਬਹੁਤ ਬੁਰੀ ਪ੍ਰਭਾਵਿਤ ਹੋਇਆ ਹੈ। ਬਹੁਤ ਸਾਰੇ ਇਲਾਕੇ ਪਾਣੀ ਹੇਠ ਹਨ, ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ ਅਤੇ ਸੜਕਾਂ, ਆਵਾਜਾਈ ਦੇ ਸਾਧਨ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਦਰਿਆਵਾਂ ਦੇ ਕੰਡੇ ਵਸੇ ਕਈ ਪਿੰਡਾਂ ਅਤੇ ਖਾਸ ਬਾਡਰ ਦੇ ਇਲਾਕਿਆਂ ਵਿਚ ਲੋਕ ਰੋਟੀ-ਟੁੱਕ ਲਈ ਵੀ ਜੱਦੋ ਜਹਿਦ ਕਰ ਰਹੇ ਹਨ। ਅਗਲੇ ਮਹੀਨੇ ਆਉਣ ਵਾਲੇ ਦੁਸ਼ਿਹਰਾ, ਦੀਵਾਲੀ ਆਦਿ ਤਿਉਹਾਰ ਵੀ ਪੰਜਾਬ ਦੇ ਹਜ਼ਾਰਾਂ ਬੇਘਰ ਹੋ ਚੁੱਕੇ ਪਰਿਵਾਰਾਂ ਲਈ ਕੋਈ ਉਤਸ਼ਾਹ ਵਾਲੀ ਘੜੀ ਨਹੀਂ ਹੋਵੇਗੀ।
ਅਜਿਹੇ ਗੰਭੀਰ ਹਾਲਾਤਾਂ ਵਿਚ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ, ਸੁਰੱਖਿਅਤ ਢੰਗ ਨਾਲ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਅਤੇ ਪ੍ਰੀਖਿਆਵਾਂ ਲਈ ਜਰੂਰੀ ਮਨੋਵਿਗਿਆਨਕ ਤੌਰ ‘ਤੇ ਤਿਆਰ ਰਹਿਣ ਵਿਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਖਾਸ ਕਰਕੇ ਜੇਕਰ ਗੱਲ੍ਹ ਪੀਪੀਐੱਸਸੀ ਇਮਤਿਹਾਨ ਦੀ ਕੀਤੀ ਜਾਵੇ ਤਾਂ ਉਹ ਸੂਬੇ ਦੇ ਲੱਖਾਂ ਨੌਜਵਾਨਾਂ ਦਾ ਇੱਕ ਸੁਪਨਾ ਹੁੰਦਾ ਹੈ, ਜਿਸਨੂੰ ਪੂਰਾ ਕਰਨ ਲਈ ਜੋ ਜੋਸ਼ ਅਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ ਜੋਕਿ ਪੰਜਾਬ ਦੇ ਕਈ ਜਿਲ੍ਹਿਆਂ ਦੇ ਨੌਜਵਾਨਾਂ ਲਈ ਹਾਲ ਦੀ ਘੜੀ ਸੰਭਵ ਨਹੀਂ ਹੈ।
ਜਿਵੇਂ ਕਿ ਆਪ ਜੀ ਦੀ ਸਰਕਾਰ ਵੱਲੋਂ ਸਕੂਲਾਂ ਤੋਂ ਬਾਅਦ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਉਸੇ ਪ੍ਰਕਾਰ ਅਜਿਹੇ ਅੱਤ ਸੰਵੇਦਨਸ਼ੀਲ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਕਰਵਾਉਣਾ ਨਾ ਹੀ ਵਿਦਿਆਰਥੀਆਂ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਸਰਕਾਰ ਦੇ ਸਮਾਜਿਕ ਨਿਆਂ ਦੇ ਵਚਨਬੱਧਤਾ ਨਾਲ ਮੇਲ ਖਾਂਦਾ ਹੈ।
ਇਸ ਲਈ ਬੇਨਤੀ ਹੈ ਕਿ ਆਪਜੀ ਦੀ ਯੋਗ ਅਗੁਵਾਈ ਵਾਲੀ ਸਰਕਾਰ ਵੱਲੋਂ ਸਾਰੀਆਂ ਆਗਾਮੀ ਸਰਕਾਰੀ ਪ੍ਰੀਖਿਆਵਾਂ (ਸਮੇਤ PPCS) ਨੂੰ ਹਾਲਾਤ ਆਮ ਵਾਂਗ ਹੋਣ ਤੱਕ ਮੁਲਤਵੀ ਕਰਨ ਦੀ ਕਿਰਪਾ ਕੀਤੀ ਜਾਵੇ। ਇਸ ਨਾਲ ਨਾ ਸਿਰਫ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ ਸਗੋਂ ਉਹ ਆਪਣੀ ਪੂਰੀ ਤਿਆਰੀ ਨਾਲ ਸੁਚੱਜੇ ਮਾਹੌਲ ਵਿੱਚ ਪ੍ਰੀਖਿਆ ਦੇ ਸਕਣਗੇ।
ਤੁਹਾਡੇ ਸਹਿਯੋਗ ਅਤੇ ਸੰਵੇਦਨਸ਼ੀਲ ਫੈਸਲੇ ਦੀ ਉਡੀਕ ਹੈ।