ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ

(ਹਰਜੀਤ ਲਸਾੜਾ, ਬ੍ਰਿਸਬੇਨ 30 ਅਗਸਤ) 31 ਅਗਸਤ ਨੂੰ ਆਸਟ੍ਰੇਲੀਆ ਭਰ ਵਿੱਚ ਹੋਣ ਜਾ ਰਹੀ ‘ਪ੍ਰਵਾਸੀਆਂ ਵਿਰੁੱਧ ਰੈਲੀ’ ਦੇ ਐਲਾਨ ਤੋਂ ਬਾਅਦ ਪ੍ਰਵਾਸੀ ਭਾਈਚਾਰਿਆਂ, ਖ਼ਾਸ ਕਰਕੇ ਪੰਜਾਬੀ ਤੇ ਦੱਖਣੀ ਏਸ਼ੀਆਈ ਸਮਾਜ ਵਿੱਚ ਚਿੰਤਾ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਵਾਸੀਆਂ ਦਾ ਡਰ ਹੈ ਕਿ ਇਹਨਾਂ ਰੈਲੀਆਂ ਦੌਰਾਨ ਘ੍ਰਿਣਾ ਫੈਲਾਉਣ ਵਾਲੇ ਭਾਸ਼ਣਾਂ ਨਾਲ ਟਕਰਾਅ ਦੇ ਹਾਲਾਤ ਪੈਦਾ ਹੋ ਸਕਦੇ ਹਨ। ਫੈਡਰਲ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਪ੍ਰਵਾਸੀਆਂ ਦੇ ਯੋਗਦਾਨ ਨੂੰ ਆਸਟ੍ਰੇਲੀਆ ਹਮੇਸ਼ਾਂ ਕਦਰ ਦੀ ਨਜ਼ਰ ਨਾਲ ਵੇਖਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ। ਬ੍ਰਿਸਬੇਨ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਪੰਜਾਬੀ ਤੇ ਭਾਰਤੀ ਸੰਸਥਾਵਾਂ ਵੱਲੋਂ ਕੌਮਾਂਤਰੀ ਏਕਤਾ ਦੇ ਸੁਨੇਹੇ ਦਿੱਤੇ ਜਾ ਰਹੇ ਹਨ।
ਕਈ ਗੁਰਦੁਆਰਿਆਂ ਅਤੇ ਸਮਾਜਕ ਗਰੁੱਪਾਂ ਨੇ ਅਪੀਲ ਕੀਤੀ ਹੈ ਕਿ ਲੋਕ ਅਫ਼ਵਾਹਾਂ ਤੋਂ ਬਚਣ, ਘਰਾਂ ਤੇ ਕਾਰੋਬਾਰ ਦੇ ਨੇੜੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਣ ਅਤੇ ਪੁਲਿਸ ਨਾਲ ਤੁਰੰਤ ਸੰਪਰਕ ਕਰਨ। ਉਨ੍ਹਾਂ ਅਨੁਸਾਰ ਪੰਜਾਬੀ ਭਾਈਚਾਰਾ ਆਸਟ੍ਰੇਲੀਆ ਦੀ ਬਹੁ-ਸੱਭਿਆਚਾਰਕ ਪਹਿਚਾਣ ਦਾ ਮਜ਼ਬੂਤ ਹਿੱਸਾ ਰਿਹਾ ਹੈ। ਕੁਈਨਜ਼ਲੈਂਡ ਹਿਊਮਨ ਰਾਈਟਸ ਕਮਿਸ਼ਨ (QHRC), ਪੁਲਿਸ ਅਤੇ ਹੋਰ ਸੰਸਥਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਨਸਲੀ ਘ੍ਰਿਣਾ ਜਾਂ ਧਮਕੀ ਮਿਲਣ ‘ਤੇ ਤੁਰੰਤ ਸ਼ਿਕਾਇਤ ਦਰਜ ਕਰਾਉਣ। ਮਾਹਿਰਾਂ ਅਨੁਸਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਪਿੱਛੇ ਸਿਆਸੀ, ਅਤਿਵਾਦੀ ਅਤੇ ਮੀਡੀਆ ਸੰਬੰਧੀ ਤਾਕਤਾਂ ਕੰਮ ਕਰਦੀਆਂ ਹਨ ਪਰ ਸਾਨੂੰ ਸਮਾਜਿਕ ਸੰਵੇਦਨਾ ਅਤੇ ਬੁੱਧੀਮਾਨੀ ਨਾਲ ਕੰਮ ਕਰਨ ਦੀ ਲੋੜ ਹੈ। ਦੱਸਣਯੋਗ ਹੈ ਕਿ 31 ਅਗਸਤ ਨੂੰ ਮਾਸ ਇਮੀਗ੍ਰੇਸ਼ਨ ਖ਼ਿਲਾਫ਼ ਇਸ ਵੱਡੇ ਪੱਧਰ ’ਤੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੀ ਯੋਜਨਾ ਨੇ ਸਿਆਸੀ ਅਤੇ ਸਮਾਜਿਕ ਹਲਚਲ ਮਚਾ ਦਿੱਤੀ ਹੈ। ਇਹ ਪ੍ਰਦਰਸ਼ਨ ਸਿਡਨੀ, ਮੈਲਬਰਨ, ਬ੍ਰਿਸਬੇਨ, ਪਰਥ, ਐਡੀਲੇਡ ਅਤੇ ਕੈਨਬਰਾ ਵਿੱਚ ਹੋਣੇਗੇ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਫਲਾਇਰ ਅਤੇ ਵੀਡੀਓਜ਼ ਵਿੱਚ ਹਜ਼ਾਰਾਂ ਲੋਕਾਂ ਨੇ ਭਾਗ ਲੈਣ ਦੀ ਵਚਨਬੱਧਤਾ ਜਤਾਈ ਹੈ।