ਸਟੂਡੈਂਟ ਵੀਜੇ ਨੂੰ ਲੈਕੇ ਜਲਦ ਹੀ ਹੋਣ ਜਾ ਰਹੀ ਸਖਤਾਈ, ਅਗਲੇ ਹਫਤੇ ਐਲਾਨੇ ਜਾਣਗੇ ਨਵੇਂ ਨਿਯਮ

ਸਟੂਡੈਂਟ ਵੀਜਾ ਸਿਸਟਮ ‘ਤੇ ਹੋਏ ਇੱਕ ਰੀਵਿਊ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਹਰਕਤ ਵਿੱਚ ਆ ਗਈ ਹੈ ਤੇ ਅਗਲੇ ਹਫਤੇ ਤੱਕ ਸਰਕਾਰ ਵਲੋਂ ਸਟੂਡੈਂਟ ਵੀਜਾ ਨੂੰ ਲੈਕੇ ਕੁਝ ਅਜਿਹੇ ਅਹਿਮ ਬਦਲਾਅ ਕੀਤੇ ਜਾਣਗੇ, ਜੋ ਆਸਟ੍ਰੇਲੀਆ ਆਉਣ ਵਾਲੇ ਉਨ੍ਹਾਂ ਵਿਦਿਆਰਥੀਆਂ ਲਈ ਵੱਡੀ ਪ੍ਰੇਸ਼ਾਨੀ ਸਾਬਿਤ ਹੋਣਗੇ, ਜੋ ਇੱਥੇ ਪੜ੍ਹਣ ਨਹੀਂ ਬਲਕਿ ਕੰਮ ਕਰਨ ਦੇ ਮਕਸਦ ਨਾਲ ਆਉਂਦੇ ਹਨ।

ਐਜੁਕੇਸ਼ਨ ਮਨਿਸਟਰ ਜੈਸਨ ਕਲੇਅਰ ਨੇ ਦੱਸਿਆ ਹੈ ਕਿ ਬਦਲਾਅ ਅਗਲੇ ਹਫਤੇ ਹੋਣ ਜਾ ਰਹੇ ਹਨ ਤੇ ਹੁਣ ਉਨ੍ਹਾਂ ਲੋਕਾਂ ਨੂੰ ਵੱਡੀ ਦਿੱਕਤ ਆਏਗੀ ਜੋ ਵਿਦਿਆਰਥੀ ਵੀਜੇ ਦੀ ਆੜ ਵਿੱਚ ਆਸਟ੍ਰੇਲੀਆ ਦਾਖਿਲ ਹੋਣਾ ਚਾਹੁੰਦੇ ਹਨ ਤੇ ਅਜਿਹੇ ਲੋਕਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੁੰਦਾ ਹੈ। ਐਜੰਟ ਇਨ੍ਹਾਂ ਲੋਕਾਂ ਨੂੰ ਭਰਮਾਕੇ ਇਨ੍ਹਾਂ ਨੂੰ ਵੋਕੇਸ਼ਨਲ ਕੋਰਸਾਂ ਵਿੱਚ ਦਾਖਿਲਾ ਦੁਆਉਂਦੇ ਹਨ ਤੇ ਉਸਤੋਂ ਬਾਅਦ ਜਦੋਂ ਇਹ ਵਿਦਿਆਰਥੀ ਆਸਟ੍ਰੇਲੀਆ ਪੁੱਜਦੇ ਹਨ ਤਾਂ ਮੁੜਕੇ ਕਦੇ ਵੀ ਪੜ੍ਹਾਈ ਕਰਨ ਲਈ ਨਹੀਂ ਆਉਂਦੇ।