ਟਰੰਪ ਦੀ ਨੀਤੀ ਥਾਣੇਦਾਰੀ ਰੋਹਬ ਨਾਲ ਸਮਾਨ ਵੇਚਣਾ ਤੇ ਪੂੰਜੀ ਇਕੱਠੀ ਕਰਨਾ

ਬਠਿੰਡਾ, 14 ਅਗਸਤ, ਬਲਵਿੰਦਰ ਸਿੰਘ ਭੁੱਲਰ
ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਸਦਾ ਕਿਸੇ ਦੇਸ਼ ਜਾਂ ਕਿਸੇ ਹੋਰ ਦੇਸ਼ ਦੇ ਆਗੂ ਨਾਲ ਜੇਕਰ ਕੋਈ ਨੇੜਲਾ ਸਬੰਧ ਹੈ ਤਾਂ ਉਹ ਆਪਣਾ ਸਮਾਨ ਵੇਚਣ ਅਤੇ ਪੂੰਜੀ ਇਕੱਤਰ ਕਰਨ ਲਈ ਹੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਦੀ ਥਾਨੇਦਾਰੀ ਮੂਹਰੇ ਝੁਕਣ ਦੀ ਬਜਾਏ ਟਰੰਪ ਦੀ ਟੈਰਿਫ ਨੀਤੀ ਤੇ ਰੂਸੀ ਸਬੰਧਾਂ ਬਾਰੇ ਡੂੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦਾ ਸੌਦਾ ਤਹਿ ਕੀਤਾ ਤਾਂ ਅਮਰੀਕਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਭਾਰਤ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ, ਉਸਤੇ ਟੈਰਿਫ ਵਧਾ ਕੇ ਪੰਜਾਹ ਫੀਸਦੀ ਕੀਤਾ ਜਾਵੇਗਾ। ਜਦੋਂ ਕਿ ਪਹਿਲਾਂ ਇਹ ਟੈਰਿਫ 25 ਫੀਸਦੀ ਲਗਦਾ ਸੀ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀ ਹੋਵੇਗਾ ਕਿ ਕੇਵਲ ਭਾਰਤ ਹੀ ਨਹੀਂ ਟਰੰਪ ਨੇ ਬ੍ਰਾਜ਼ੀਲ ਲਈ ਵੀ 50 ਫੀਸਦੀ ਟੈਰਿਫ ਲਗਾ ਕੇ ਉੱਥੋਂ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਨੂੰ ਕਿਹਾ ਸੀ ਕਿ ਜੇ ਲੋੜ ਸਮਝੇ ਤਾਂ ਉਹ ਅਮਰੀਕਾ ਨਾਲ ਗੱਲ ਕਰ ਸਕਦਾ ਹੈ। ਪਰ ਲੁਈਜ਼ ਨੇ ਬਿ੍ਰਕਸ਼ ਦੇਸ਼ਾਂ ਨਾਲ ਸਪੰਰਕ ਕਰਨਾ ਸੁਰੂ ਕਰ ਦਿੱਤਾ ਅਤੇ ਸਪਸ਼ਟ ਕਿਹਾ ਕਿ ਉਹ ਅਮਰੀਕਾ ਨਾਲ ਗੱਲ ਨਹੀਂ ਕਰੇਗਾ, ਜਦ ਕਿ ਭਾਰਤ ਜਾਂ ਚੀਨ ਨਾਲ ਗੱਲ ਕਰਨ ਨੂੰ ਤਰਜੀਹ ਦੇਵੇਗਾ।
ਕਾ: ਸੇਖੋਂ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਲਈ ਟੈਰਿਫ ਵਿੱਚ ਕੀਤੇ ਵਾਧੇ ਨਾਲ ਅਮਰੀਕਨ ਰਾਸ਼ਟਰਪਤੀ ਟਰੰਪ ਦੀ ਵਪਾਰਕ ਨੀਤੀ ਸਪਸ਼ਟ ਹੋ ਗਈ ਹੈ। ਉਹ ਹੋਰ ਦੇਸ਼ਾਂ ਨੂੰ ਥਾਨੇਦਾਰੀ ਵਾਲੇ ਰੋਹਬ ਨਾਲ ਸਮਾਨ ਵੇਚ ਕੇ ਪੂੰਜੀ ਇਕੱਤਰ ਕਰਨ ਦਾ ਕੰਮ ਕਰ ਰਿਹਾ ਹੈ। ਰੂਸ ਭਾਰਤ ਦੀ ਦੋਸਤੀ ਦਹਾਕਿਆਂ ਬੱਧੀ ਪੁਰਾਣੀ ਹੈ ਅਤੇ ਰੂਸ ਨੇ ਭਾਰਤ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ, ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਹਮੇਸ਼ਾਂ ਟਰੰਪ ਨੂੰ ਆਪਣਾ ਅਤੀ ਨਜਦੀਕੀ ਦੋਸਤ ਕਹਿੰਦਾ ਰਿਹਾ ਹੈ, ਪਰ ਹੁਣ ਬਿੱਲੀ ਥੈਲਿਉਂ ਬਾਹਰ ਆ ਗਈ ਹੈ ਕਿ ਇਸ ਦੋਸਤੀ ਅੰਦਰਲਾ ਰਾਜ ਕੀ ਸੀ। ਕਾ: ਸੇਖੋਂ ਨੇ ਕਿਹਾ ਕਿ ਇਸ ਟੈਰਿਫ ਨੀਤੀ ਨੂੰ ਆਧਾਰ ਬਣਾ ਕੇ ਭਾਰਤ ਸਰਕਾਰ ਨੂੰ ਸਮੁੱਚੀਆਂ ਵਿਰੋਧੀ ਪਾਰਟੀਆਂ ਨਾਲ ਮਸਵਰਾ ਕਰਕੇ ਡੂੰਘਾਈ ਨਾਲ ਵਿਚਾਰ ਚਰਚਾ ਕਰਨੀ ਚਾਹੀਦੀ ਹੈ।